ਚੰਡੀਗੜ: ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਸ੍ਰੀ ਆਰ.ਪੀ. ਸਿੰਘ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਵਿਵਾਦਤ ਟਿੱਪਣੀ ਕਰਨ ਦਾ ਸਖ਼ਤ ਨੋਟਿਸ ਲੈਂਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਜੇਕਰ ਧਰਮ ਪਰਵਰਤਨ ਦੇ ਮਾਮਲੇ ਵਿਚ ਸ੍ਰੀ ਆਰ. ਪੀ. ਸਿੰਘ ਸੱਚਮੁੱਚ ਹੀ ਸੰਜੀਦਾ ਹਨ ਤਾਂ ਉਹ ਸ਼੍ਰੋਮਣੀ ਕਮੇਟੀ ਦੇ ਭਾਰਤ ਸਰਕਾਰ ਪਾਸ ਪਏ ਕੇਸ ’ਤੇ ਪਹਿਲ ਦੇ ਅਧਾਰ ’ਤੇ ਕਾਰਵਾਈ ਕਰਵਾਉਣ।


COMMERCIAL BREAK
SCROLL TO CONTINUE READING

 


ਉਨ੍ਹਾਂ ਕਿਹਾ ਕਿ ਧਰਮ ਪਰਵਰਤਨ ਦੇ ਮੁੱਦੇ ’ਤੇ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ’ਤੇ ਸਵਾਲ ਖੜ੍ਹੇ ਕਰਨੇ ਕੋਈ ਆਮ ਪ੍ਰਤੀਕਰਮ ਨਾ ਹੋ ਕੇ ਪ੍ਰਾਪੇਗੰਡਾ ਤਹਿਤ ਇਕ ਸੋਚੀ ਸਮਝੀ ਸਾਜ਼ਿਸ਼ ਦੀ ਕੜੀ ਹੈ। ਐਡਵੋਕੇਟ ਧਾਮੀ ਨੇ ਆਖਿਆ ਕਿ ਬਿਨਾ ਸ਼ੱਕ ਸ਼੍ਰੋਮਣੀ ਕਮੇਟੀ ਵੱਲੋਂ ਸਿੱਖੀ ਦੇ ਪ੍ਰਚਾਰ ਲਈ ਕਾਰਜ ਨਿਰੰਤਰ ਜਾਰੀ ਹਨ, ਪਰੰਤੂ ਸ੍ਰੀ ਆਰ.ਪੀ. ਸਿੰਘ ਵਰਗੇ ਕੁਝ ਲੋਕ ਸਿੱਖ ਕੌਮ ਦੀ ਵਕਾਰੀ ਸੰਸਥਾ ਨੂੰ ਢਾਹ ਲਗਾਉਣ ਦੇ ਯਤਨ ਵਿਚ ਹਨ। ਸ੍ਰੀ ਆਰ.ਪੀ. ਸਿੰਘ ਵੱਲੋਂ ਧਰਮ ਪਰਵਰਤਨ ਦੇ ਮੁੱਦੇ ’ਤੇ ਸ਼੍ਰੋਮਣੀ ਕਮੇਟੀ ਦੇ ਨਾਂ ’ਤੇ ਸਵਾਲ ਖੜ੍ਹੇ ਕਰਨਾ ਨਿੰਦਣਯੋਗ ਹੈ, ਜਿਸ ਦੀ ਉਸ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖ ਕੌਮ ਦੀ ਸੰਵਿਧਾਨਕ ਸੰਸਥਾ ਹੈ, ਜੋ ਬੀਤੇ 100 ਸਾਲ ਤੋਂ ਲਗਾਤਾਰ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਨਾਲ-ਨਾਲ ਲੋਕ ਭਲਾਈ ਦੇ ਕਾਰਜ ਕਰ ਰਹੀ ਹੈ। ਗੁਰਦੁਆਰਾ ਪ੍ਰਬੰਧਾਂ ਦੇ ਨਾਲ-ਨਾਲ ਸਿਹਤ ਅਤੇ ਸਿੱਖਿਆ ਦੇ ਖੇਤਰ ਵਿਚ ਵੀ ਸ਼੍ਰੋਮਣੀ ਕਮੇਟੀ ਦੀਆਂ ਵੱਡੀਆਂ ਪ੍ਰਾਪਤੀਆਂ ਹਨ।


 


ਉਨ੍ਹਾਂ ਕਿਹਾ ਕਿ ਭਾਜਪਾ ਦੇ ਬੁਲਾਰੇ ਸ੍ਰੀ ਆਰ.ਪੀ. ਸਿੰਘ ਵੱਲੋਂ ਸਿੱਖਾਂ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਜਾਕ ਵਜੋਂ ਲੈ ਕੇ ਇਸ ਦਾ ਨਾਂ ਵਿਗਾੜਨ ਦੀ ਗੱਲ ਕਰਨੀ ਉਸ ਦੀ ਗੈਰ-ਜੁੰਮੇਵਾਰਾਨਾ ਹਰਕਤ ਹੈ, ਜਿਸ ਨੇ ਸਿੱਖ ਸਮਾਜ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਹੈ।


 


ਉਨ੍ਹਾਂ ਕਿਹਾ ਕਿ ਜਿਸ ਧਰਮ ਪਰਵਰਤਨ ਦੇ ਮਾਮਲੇ ’ਤੇ ਸ੍ਰੀ ਆਰ.ਪੀ. ਸਿੰਘ ਗੱਲ ਕਰ ਰਹੇ ਹਨ, ਉਹ ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਹੀ ਸੰਜੀਦਗੀ ਨਾਲ ਲਿਆ ਜਾ ਰਿਹਾ ਹੈ। ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਭਾਰਤ ਸਰਕਾਰ ਦੇ ਕੌਮੀ ਘਟਗਿਣਤੀ ਕਮਿਸ਼ਨ ਦੇ ਚੇਅਰਮੈਨ ਸ. ਇਕਬਾਲ ਸਿੰਘ ਲਾਲਪੁਰਾ ਨੂੰ ਲਿਖਤੀ ਤੌਰ ’ਤੇ ਭੇਜਿਆ ਜਾ ਚੁੱਕਾ ਹੈ, ਜਿਸ ਆਧਾਰ ’ਤੇ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਤੇ ਇਸਾਈ ਧਰਮ ਦੇ ਪ੍ਰਤੀਨਿਧਾਂ ਨਾਲ ਲੰਘੀ 16 ਜੂਨ ਨੂੰ ਬੈਠਕ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸ੍ਰੀ ਆਰ.ਪੀ. ਸਿੰਘ ਧਰਮ ਪਰਵਰਤਨ ਦੇ ਮਾਮਲੇ ਵਿਚ ਵਾਕਿਆ ਹੀ ਸੰਜੀਦਾ ਹਨ ਤਾਂ ਉਹ ਆਪਣੀ ਪਾਰਟੀ ਭਾਜਪਾ ਦੀ ਕੇਂਦਰ ਸਰਕਾਰ ਨੂੰ ਇਸ ਮਾਮਲੇ ’ਤੇ ਕਾਰਵਾਈ ਕਰਨ ਲਈ ਕਹਿਣ। ਪਰੰਤੂ ਜੇਕਰ ਉਸ ਦਾ ਬਿਆਨ ਕੇਵਲ ਸੁਰਖੀਆਂ ਬਟੋਰਨ ਅਤੇ ਮੁੱਦੇ ਨੂੰ ਸੁਰਖ ਕਰਨ ਲਈ ਹੈ, ਤਾਂ ਇਹ ਬੇਹੱਦ ਮੰਦਭਾਗਾ ਹੈ।