Nangal News: ਨਾਜਾਇਜ਼ ਕਬਜ਼ੇ ਛੁਡਵਾਉਣ ਪੁੱਜੇ ਬੀਬੀਐਮਬੀ ਦੇ ਅਧਿਕਾਰੀਆਂ ਤੇ ਭਾਜਪਾ ਨੇਤਾਵਾਂ `ਚ ਬਹਿਸ, ਮਾਹੌਲ ਤਣਾਅਪੂਰਨ
Nangal News: ਨਾਜਾਇਜ਼ ਕਬਜ਼ੇ ਛੁਡਵਾਉਣ ਗਏ ਬੀਬੀਐਮਬੀ ਦੇ ਅਧਿਕਾਰੀਆਂ ਨੂੰ ਭਾਜਪਾ ਦੇ ਨੇਤਾਵਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ।
Nangal News (ਬਿਮਲ ਸ਼ਰਮਾ): ਅੱਜ ਨੰਗਲ ਦੇ ਰੇਲਵੇ ਰੋਡ ਵਿਖੇ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦੋਂ ਬੀਬੀਐਮਬੀ ਦੇ ਅਧਿਕਾਰੀ ਜੇਸੀਬੀ ਮਸ਼ੀਨ ਅਤੇ ਪੁਲਿਸ ਨੂੰ ਨਾਲ ਲੈ ਕੇ ਸ਼ੋਅਰੂਮ ਅੰਦਰ ਜਾਣ ਲਈ ਬਣਾਈਆਂ ਗਈਆਂ ਪੌੜੀਆਂ ਨੂੰ ਤੋੜਨ ਲਈ ਪਹੁੰਚੇ। ਦੂਸਰੇ ਪਾਸੇ ਉਸ ਸ਼ੋਅਰੂਮ ਦੇ ਮਾਲਕ ਜੋ ਕਿ ਭਾਰਤੀ ਜਨਤਾ ਪਾਰਟੀ ਦੇ ਵਰਕਰ ਵੀ ਹਨ ਨੇ ਭਾਜਪਾ ਨੇਤਾਵਾਂ ਨੂੰ ਬੁਲਾ ਲਿਆ।
ਇਸ ਤੋਂ ਬਾਅਦ ਉਥੇ ਖੂਬ ਹੰਗਾਮਾ ਦੇਖਣ ਨੂੰ ਮਿਲਿਆ। ਇੱਕ ਪਾਸੇ ਕਥਿਤ ਕਬਜ਼ਾ ਛਡਵਾਉਣ ਲਈ ਗਏ ਅਧਿਕਾਰੀ ਕਹਿ ਰਹੇ ਸਨ ਕਿ ਸਿਆਸੀ ਦਬਾਅ ਨਾ ਪਾਇਆ ਜਾਵੇ ਤੇ ਦੂਸਰੇ ਪਾਸੇ ਐਸਡੀਓ ਉੱਪਰ ਦੋਸ਼ ਲਗਾਇਆ ਗਿਆ ਕਿ ਉਨ੍ਹਾਂ ਵੱਲੋਂ ਪੈਸੇ ਦੀ ਮੰਗ ਕੀਤੀ ਗਈ। ਇਹ ਹੰਗਾਮਾ ਕਾਫੀ ਦੇਰ ਚੱਲਦਾ ਰਿਹਾ ਜਿਸ ਤੋਂ ਬਾਅਦ ਮੌਕੇ ਤੇ ਡਿਪਟੀ ਚੀਫ ਇੰਜੀਨੀਅਰ ਪਹੁੰਚੇ ਅਤੇ ਉਨ੍ਹਾਂ ਨੇ ਮਾਮਲਾ ਸ਼ਾਂਤ ਕਰਵਾਇਆ ਅਤੇ ਅਧਿਕਾਰੀ ਬਿਨਾਂ ਕਥਿਤ ਕਬਜ਼ਾ ਛੁਡਵਾਏ ਵਾਪਸ ਚਲੇ ਗਏ।
ਬੀਐਮਬੀ ਦੇ ਅਧਿਕਾਰੀ ਰੇਲਵੇ ਰੋਡ ਸਥਿਤ ਟੀਵੀਐਸ ਯੂਕੇ ਦੇ ਮਾਲਕ ਕਰਨ ਦੇ ਸ਼ੋਅਰੂਮ ਦੇ ਕਥਿਤ ਨਾਜਾਇਜ਼ ਕਬਜ਼ਾ ਛੁਡਾਉਣ ਪਹੁੰਚੇ। ਜ਼ਿਕਰਯੋਗ ਹੈ ਕਿ ਨੰਗਲ ਦੇ ਰੇਲਵੇ ਰੋਡ ਵਿੱਚ ਕਰਨ ਇੱਕ ਟੀਵੀਐਸ ਦਾ ਸ਼ੋਅਰੂਮ ਚਲਾਉਂਦਾ ਹੈ। ਉਹ ਆਪਣੀ ਪੁਰਾਣੀ ਬਿਲਡਿੰਗ ਨੂੰ ਨਵਾਂ ਰੂਪ ਦੇ ਰਿਹਾ ਸੀ ਜਿਸ ਦਾ ਕੰਮ ਚੱਲ ਰਿਹਾ ਸੀ ਤੇ ਇਸ ਦੌਰਾਨ ਸ਼ੋਅਰੂਮ ਨੂੰ ਜਾਣ ਲਈ ਬਣਾਈਆਂ ਗਈਆਂ ਪੌੜੀਆਂ ਨੂੰ ਨਾਜਾਇਜ਼ ਦੱਸਦੇ ਹੋਏ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅਧਿਕਾਰੀਆਂ ਵੱਲੋਂ ਤਿੰਨ ਵਾਰ ਅਲੱਗ ਅਲੱਗ ਤਰੀਕਾਂ ਉਤੇ ਨੋਟਿਸ ਵੀ ਦਿੱਤੇ ਗਏ ਮਗਰ ਸ਼ੋਅਰੂਮ ਦੇ ਮਾਲਕ ਵੱਲ਼ੋਂ ਜਦੋਂ ਉਨ੍ਹਾਂ ਨੇ ਪੌੜੀਆਂ ਨਹੀਂ ਹਟਾਈਆਂ ਤਾਂ ਅਧਿਕਾਰੀ ਪੁਲਿਸ ਨੂੰ ਨਾਲ ਲੈ ਕੇ ਪੌੜੀਆਂ ਨੂੰ ਤੋੜਨ ਲਈ ਪਹੁੰਚੇ।
ਜਿਨ੍ਹਾਂ ਵਿੱਚ ਜੇਈ ਗੁਰਪ੍ਰੀਤ ਸਿੰਘ ਅਤੇ ਐਸਡੀਓ ਸਤਵਿੰਦਰ ਕੰਗ ਵੀ ਸ਼ਾਮਿਲ ਸਨ। ਇਸ ਤੋਂ ਬਾਅਦ ਸ਼ੋਅਰੂਮ ਮਾਲਕ ਜੋ ਕਿ ਭਾਜਪਾ ਦਾ ਇੱਕ ਵਰਕਰ ਵੀ ਹਨ ਉਸ ਨੇ ਸਥਾਨਕ ਭਾਜਪਾ ਨੇਤਾਵਾਂ ਨੂੰ ਬੁਲਾ ਲਿਆ ਜਿਨ੍ਹਾਂ ਵਿੱਚ ਭਾਜਪਾ ਤੋਂ ਦੋ ਵਾਰ ਚੋਣ ਲੜ ਚੁੱਕੇ ਵਿਧਾਨ ਸਭਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਡਾ. ਪਰਮਿੰਦਰ ਸ਼ਰਮਾ ਵੀ ਸ਼ਾਮਿਲ ਸਨ।
ਬੀਬੀਐਮਬੀ ਦੇ ਅਧਿਕਾਰੀਆਂ ਦੀ ਡਾ. ਪਰਮਿੰਦਰ ਸ਼ਰਮਾ ਨਾਲ ਖੂਬ ਬਹਿਸ ਹੋਈ ਤੇ ਇੱਕ ਦੂਸਰੇ ਉਤੇ ਇਲਜ਼ਾਮ ਤਰਾਸ਼ੀਆਂ ਲਗਾਈਆਂ ਗਈਆਂ। ਸ਼ੋਅਰੂਮ ਮਾਲਕ ਅਤੇ ਭਾਜਪਾ ਨੇਤਾਵਾਂ ਦਾ ਕਹਿਣਾ ਸੀ ਕਿ ਜਾਣਬੁੱਝ ਕੇ ਉਨ੍ਹਾਂ ਨੂੰ ਤੰਗ ਕੀਤਾ ਜਾ ਰਿਹਾ ਹੈ ਜਦਕਿ ਸ਼ਹਿਰ ਵਿੱਚ ਹੋਰ ਵੀ ਕਈ ਨਾਜਾਇਜ਼ ਕਬਜ਼ੇ ਹਨ। ਆਲੇ-ਦੁਆਲੇ ਦੇ ਨਾਜਾਇਜ਼ ਕਬਜ਼ੇ ਨਹੀਂ ਛੁਡਵਾਏ ਜਦਕਿ ਇਕੱਲਾ ਉਨ੍ਹਾਂ ਨੂੰ ਹੀ ਤੰਗ ਕੀਤਾ ਜਾ ਰਿਹਾ।
ਇਹ ਬਹਿਸ ਇੰਨੀ ਵੱਧ ਗਈ ਕਿ ਮੌਕੇ ਉਤੇ ਡਿਪਟੀ ਚੀਫ ਇੰਜੀਨੀਅਰ ਹੁਸਨ ਲਾਲ ਕੰਬੋਜ ਨੂੰ ਪਹੁੰਚਣਾ ਪਿਆ ਅਤੇ ਉਨ੍ਹਾਂ ਨੇ ਸਮਝਦਾਰੀ ਨਾਲ ਮਾਮਲਾ ਸ਼ਾਂਤ ਕਰਵਾਇਆ। ਸ਼ੋਅਰੂਮ ਮਾਲਕ ਵੱਲੋਂ ਦੋਸ਼ ਲਗਾਇਆ ਗਿਆ ਕਿ ਬੀਬੀਐਮਬੀ ਦੇ ਐਸਡੀਓ ਨੇ ਉਨ੍ਹਾਂ ਕੋਲ ਪੈਸੇ ਦੀ ਡਿਮਾਂਡ ਕੀਤੀ ਸੀ ਅਤੇ ਪੈਸੇ ਨਹੀਂ ਦੇਣ ਉਤੇ ਅੱਜ ਇਹ ਕਾਰਵਾਈ ਕੀਤੀ ਜਾ ਰਹੀ ਹੈ ਜਦਕਿ ਐਸਡੀਓ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਦੋਸ਼ ਬੇਬੁਨਿਆਦ ਹਨ।
ਜੇਕਰ ਉਨ੍ਹਾਂ ਨੇ ਪੈਸੇ ਮੰਗੇ ਹਨ ਤਾਂ ਇੰਨੇ ਮਹੀਨਿਆਂ ਤੋਂ ਜਦੋਂ ਤੋਂ ਉਹ ਨੋਟਿਸ ਭੇਜ ਰਹੇ ਹਨ ਤਾਂ ਉਨ੍ਹਾਂ ਨੇ ਪੁਲਿਸ ਕੋਲ ਸ਼ਿਕਾਇਤ ਕਿਉਂ ਨਹੀਂ ਕੀਤੀ। ਐਸਡੀਓ ਪਰਮਿੰਦਰ ਸਿੰਘ ਕੰਗ ਨੇ ਕਿਹਾ ਕਿ ਉਨ੍ਹਾਂ ਨੇ ਬੀਬੀਐਮਬੀ ਦੀ ਜ਼ਮੀਨ ਜੋ ਕਿ ਕਈ ਪਿੰਡਾਂ ਵਿੱਚ ਨਾਜਾਇਜ਼ ਕਬਜ਼ੇ ਅਧੀਨ ਸੀ ਛੁਡਵਾਈ ਹੈ ਜੇਕਰ ਉਨ੍ਹਾਂ ਨੇ ਪੈਸੇ ਲੈਣੇ ਹੁੰਦੇ ਤਾਂ ਉਹ ਇਹ ਜ਼ਮੀਨਾਂ ਨਾ ਛੁਡਵਾਉਂਦੇ। ਉਨ੍ਹਾਂ ਕਿਹਾ ਕਿ ਉਨ੍ਹਾਂ ਉਤੇ ਰਾਜਨੀਤਿਕ ਦਬਾਅ ਪਾਇਆ ਜਾ ਰਿਹਾ ਹੈ।
ਮੌਕੇ ਉਤੇ ਪਹੁੰਚੇ ਬੀਬੀਐਮਬੀ ਦੇ ਡਿਪਟੀ ਚੀਫ ਇੰਜੀਨੀਅਰ ਹੁਸਨ ਲਾਲ ਕੰਬੋਜ ਨੇ ਸਮਝਦਾਰੀ ਨਾਲ ਮਾਮਲਾ ਸ਼ਾਂਤ ਕਰਵਾਇਆ। ਫਿਲਹਾਲ ਬੀਬੀਐਮਬੀ ਦੇ ਅਧਿਕਾਰੀ ਬਿਨਾਂ ਕਾਰਵਾਈ ਕੀਤੇ ਮਸ਼ੀਨ ਨੂੰ ਵਾਪਸ ਲੈ ਕੇ ਚਲੇ ਗਏ । ਡਿਪਟੀ ਚੀਫ ਇੰਜੀਨੀਅਰ ਨੇ ਕਿਹਾ ਕਿ ਸ਼ੋਅਰੂਮ ਮਾਲਕ ਨੇ ਕਿਹਾ ਹੈ ਕਿ ਉਹ ਖੁਦ ਇਸ ਨੂੰ ਠੀਕ ਕਰ ਲੈਣਗੇ। ਜੇਕਰ ਫਿਰ ਵੀ ਉਹਨਾਂ ਨੇ ਨਹੀਂ ਕੀਤਾ ਤਾਂ ਉਹ ਜਾ ਕੇ ਕਾਰਵਾਈ ਕਰਨਗੇ।