Jagraon News (ਰਜਨੀਸ਼ ਬਾਂਸਲ): ਜਗਰਾਓਂ ਨੇੜੇ ਸਿੱਧਵਾਂ ਬੇਟ ਦੇ ਬਜ਼ੁਰਗ ਦੀ 9 ਏਕੜ ਜ਼ਮੀਨ ਦੀ ਫਰਜ਼ੀ ਵਸੀਅਤ ਬਣਾ ਕੇ ਪਿੰਡ ਦੇ ਹੀ ਕੁਝ ਵਿਅਕਤੀਆਂ ਨੇ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕੀਤੀ। ਕਾਗਜ਼ ਪੂਰੇ ਹੋਣ ਦੇ ਬਾਵਜੂਦ ਵੀ ਪੁਲਿਸ ਕੋਈ ਸੁਣਵਾਈ ਨਹੀਂ ਕਰ ਰਹੀ ਹੈ। ਇਸ ਕਰਕੇ ਜ਼ਮੀਨ ਵਿਚ ਬੀਜਿਆ ਝੋਨਾ ਤੇ ਬਾਜਰਾ ਖਰਾਬ ਹੋ ਰਿਹਾ ਹੈ।


COMMERCIAL BREAK
SCROLL TO CONTINUE READING

ਜ਼ਮੀਨ ਮਾਲਕ ਨੇ ਇਨਸਾਫ ਦੀ ਮੰਗ ਕੀਤੀ ਹੈ ਤੇ ਪੂਰਾ ਪਿੰਡ ਜ਼ਮੀਨ ਮਾਲਕ ਦੇ ਹੱਕ ਵਿੱਚ ਆ ਗਿਆ ਹੈ। ਜਗਰਾਓਂ ਦੇ ਬਲਾਕ ਸਿੱਧਵਾਂ ਬੇਟ ਅਧੀਨ ਆਉਂਦੇ ਪਿੰਡ ਅੱਬੂਪੂਰਾ ਦੇ ਰਹਿਣ ਵਾਲੇ 69 ਸਾਲ ਦੇ ਵਿਅਕਤੀ ਨੂੰ ਆਪਣੀ ਹੀ ਜ਼ਮੀਨ ਵਿੱਚ ਜਾਣ ਤੋਂ ਪੁਲਿਸ ਵੱਲੋਂ ਰੋਕਿਆ ਜਾ ਰਿਹਾ ਹੈ। ਪਿੰਡ ਵਾਸੀਆਂ ਨੇ ਮਿਲ ਕੇ ਇਸ ਮਾਮਲੇ ਵਿਚ ਪੁਲਿਸ ਤੇ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ।


ਦਰਅਸਲ ਇਸ ਪਿੰਡ ਦੇ ਰਹਿਣ ਵਾਲੇ ਡਾਕਟਰ ਸਿਕੰਦਰ ਲਾਲ ਨੂੰ ਪਿੰਡ ਦੀ ਹੀ ਇੱਕ ਮਾਤਾ ਨੇ ਆਪਣੀ ਸੇਵਾ ਕਰਨ ਬਦਲੇ ਆਪਣੀ 9 ਏਕੜ ਜ਼ਮੀਨ ਡਾਕਟਰ ਸਿਕੰਦਰ ਲਾਲ ਦੇ ਨਾਮ ਵਸੀਅਤ ਕਰਵਾ ਦਿੱਤੀ ਸੀ। ਮਾਤਾ ਦੀ ਮੌਤ ਤੋਂ ਬਾਅਦ ਸਿੱਧਵਾਂ ਬੇਟ ਦੇ ਇਕ ਹੋਰ ਵਿਅਕਤੀ ਪਵਨ ਕੁਮਾਰ ਨੇ ਇਸ ਜ਼ਮੀਨ ਦੀ ਇਕ ਹੋਰ ਵਸੀਅਤ ਜਗਰਾਓਂ SDM ਅੱਗੇ ਆਪਣੇ ਨਾਮ ਉਤੇ ਬਣੀ ਹੋਈ ਪੇਸ਼ ਕਰਕੇ ਇਸ ਜ਼ਮੀਨ ਉਤੇ ਆਪਣਾ ਦਾਅਵਾ ਕਰ ਦਿੱਤਾ।


ਐਸਡੀਐਮ ਨੇ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਜਾਂਚਿਆ ਤੇ ਆਪਣੀ ਜਾਂਚ ਪੂਰੀ ਕਰਕੇ ਫੈਸਲਾ ਡਾਕਟਰ ਸਿਕੰਦਰ ਲਾਲ ਦੇ ਹੱਕ ਵਿੱਚ ਕਰ ਦਿੱਤਾ ਤੇ SDM ਸਾਹਿਬ ਦੇ ਫੈਸਲੇ ਦੇ ਆਧਾਰ ਉਤੇ ਜ਼ਮੀਨ ਦਾ ਇੰਤਕਾਲ ਵੀ ਡਾਕਟਰ ਸਿਕੰਦਰ ਲਾਲ ਦੇ ਨਾਮ ਉਤੇ ਹੋ ਗਿਆ। ਪਰ ਦੂਜੀ ਧਿਰ ਦੇ ਪਵਨ ਕੁਮਾਰ ਨੇ ਐਸਡੀਐਮ ਦੇ ਫੈਸਲੇ ਨੂੰ ਨਾ ਮੰਨਦੇ ਹੋਏ ਏਡੀਸੀ ਕੋਲ ਅਪੀਲ ਲਗਾ ਦਿੱਤੀ ਤੇ ਉਸ ਜ਼ਮੀਨ ਬਾਰੇ ਫੈਸਲਾ ਹੋਣ ਤੱਕ ਕਿਸੇ ਨੂੰ ਵੀ ਜ਼ਮੀਨ ਵਿੱਚ ਨਾ ਜਾਣ ਦੀ ਗੱਲ ਕਹੇ ਜਾਣ ਦੀ ਮੰਗ ਕੀਤੀ।


ਇਸ ਦੇ ਚੱਲਦਿਆਂ ਡਾਕਟਰ ਸਿਕੰਦਰ ਲਾਲ ਨੇ ਪਿੰਡ ਵਾਸੀਆਂ ਨਾਲ ਮਿਲਕੇ ਪ੍ਰੈਸ ਕਾਨਫਰੰਸ ਕਰਦਿਆ ਕਿਹਾ ਕਿ ਉਨ੍ਹਾਂ ਨਾਲ ਧੱਕਾ ਹੋ ਰਿਹਾ ਹੈ ਤੇ ਪੁਲਿਸ ਵੀ ਇਸ ਮਾਮਲੇ ਵਿਚ ਕੋਈ ਸੁਣਵਾਈ ਨਹੀਂ ਕਰ ਰਹੀ। ਇਸ ਮੌਕੇ ਸਾਰਿਆਂ ਨੇ ਮਿਲਕੇ ਮੰਗ ਕੀਤੀ ਕਿ ਉਨ੍ਹਾਂ ਨੂੰ ਆਪਣੀ ਜ਼ਮੀਨ ਦਾਖਲ ਹੋਣ ਦਿੱਤੀ ਜਾਵੇ ਤਾਂ ਜੋਂ ਉਸ ਜ਼ਮੀਨ ਵਿਚ ਬੀਜੀ ਝੋਨੇ ਤੇ ਬਾਜਰੇ ਦੀ ਫਸਲ ਦੀ ਸੰਭਾਲ ਕਰ ਸਕਣ।


ਇਸ ਮੌਕੇ ਜਗਰਾਓਂ ਦੇ ਐਸਡੀਐਮ ਗੁਰਵੀਰ ਸਿੰਘ ਕੋਹਲੀ ਨੇ ਕਿਹਾ ਕਿ ਇਸ ਮਾਮਲੇ ਵਿਚ ਉਨ੍ਹਾਂ ਨੇ ਪੂਰੀ ਜਾਂਚ ਕੀਤੀ ਸੀ ਪਰ ਦੂਜੀ ਧਿਰ ਵੱਲੋਂ ਹੁਣ ਏਡੀਸੀ ਕੋਲ ਅਪੀਲ ਕੀਤੀ ਗਈ ਹੈ, ਜਿਸਦੀ ਜਾਂਚ ਹੁਣ ਉਹ ਵੀ ਕਰਨਗੇ। ਇਸ ਮਾਮਲੇ ਉਤੇ ਜਦੋਂ ਥਾਣਾ ਸਿੱਧਵਾਂ ਬੇਟ ਦੇ ਐਸਐਚਓ ਜਸਵੀਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਜ਼ਮੀਨ ਦਾ ਕੇਸ ਏਡੀਸੀ ਦੀ ਕੋਰਟ ਵਿੱਚ ਹੈ ਤੇ ਉਸ ਜ਼ਮੀਨ ਉਤੇ ਕੋਈ ਲੜਾਈ ਝਗੜਾ ਨਾ ਹੋਵੇ। ਇਸ ਲਈ ਕਿਸੇ ਵੀ ਧਿਰ ਨੂੰ ਉਥੇ ਜਾਣ ਤੋਂ ਰੋਕਿਆ ਗਿਆ ਹੈ।


ਇਹ ਵੀ ਪੜ੍ਹੋ : Kapurthala News: ਤਰੀਕ ਦਰ ਤਰੀਕ ਪੈਣ ਕਾਰਣ ਜੇਲ੍ਹ ਵਿੱਚ ਬੰਦ ਇਹ ਨੌਜਵਾਨ, ਮਾਪੇ ਮਦਦ ਲਈ ਸੰਤ ਸੀਚੇਵਾਲ ਨੂੰ ਮਿਲੇ