ਬਰਿੰਦਰ ਢਿੱਲੋਂ ਨੇ ਖੋਲ੍ਹਿਆ ਮੋਰਚਾ, ਕਿਹਾ ਕੈਪਟਨ ਸਰਕਾਰ ਵੇਲੇ ਭ੍ਰਿਸ਼ਟਾਚਾਰ ਸਿਖ਼ਰ ’ਤੇ ਸੀ

ਯੂਥ ਕਾਂਗਰਸ ਦੇ ਪੰਜਾਬ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਨੌਜਵਾਨਾਂ ’ਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੂੰ ਲੈ ਕੇ ਬਹੁਤ ਉਤਸ਼ਾਹ ਹੈ।
ਬਿਮਲ ਕੁਮਾਰ/ ਰੂਪਨਗਰ : ਰਾਹੁਲ ਗਾਂਧੀ ਦੀ 'ਭਾਰਤ ਜੋੜੋ' ਯਾਤਰਾ ਕੁਝ ਦਿਨਾਂ ਅੰਦਰ ਪੰਜਾਬ ’ਚ ਪ੍ਰਵੇਸ਼ ਕਰਨ ਵਾਲੀ ਹੈ। ਜਿਸਦੇ ਚੱਲਦਿਆਂ ਹਰ ਕਾਂਗਰਸੀ ਆਗੂ ਵਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆ ਹਨ।
ਇਸ ਦੇ ਚੱਲਦਿਆਂ ਯੂਥ ਕਾਂਗਰਸ ਦੀ ਰੋਪੜ ਇਕਾਈ ਦੁਆਰਾ ਨੰਗਲ ਵਿਖੇ ਇਕ ਮੈਰਾਥਨ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕਈ ਨੌਜਵਾਨ ਬੱਚੇ-ਬੱਚੀਆਂ ਨੇ ਹਿੱਸਾ ਲਿਆ।
ਇਸ ਮੌਕੇ ਯੂਥ ਕਾਂਗਰਸ ਦੇ ਪੰਜਾਬ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਨੌਜਵਾਨਾਂ ’ਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੂੰ ਲੈ ਕੇ ਬਹੁਤ ਉਤਸ਼ਾਹ ਹੈ। ਢਿੱਲੋਂ ਨੇ ਕਿਹਾ ਕਿ ਭਾਵੇਂ ਪਾਰਟੀ ਦੇ ਲੀਡਰਾਂ ’ਚ ਆਪਸੀ ਵਖਰੇਵੇਂ ਹੋਣ ਪਰ ਜਿੱਥੇ ਗੱਲ ਰਾਹੁਲ ਗਾਂਧੀ ਅਤੇ ਪਾਰਟੀ ਦੀ ਆਉਂਦੀ ਹੈ ਤਾਂ ਅਸੀਂ ਸਾਰੇ ਇੱਕ ਹਾਂ।
ਇਸ ਮੌਕੇ ਉਨ੍ਹਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਵੀ ਤਿੱਖਾ ਸ਼ਬਦੀ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਹੁਣ ਵਾਲਿਆਂ ਵਾਂਗ, ਸਾਡੀ ਸਰਕਾਰ ਵੇਲੇ ਸਾਡੇ ਵਾਲਿਆਂ ਦਾ ਵੀ ਦਿਮਾਗ ਖ਼ਰਾਬ ਹੋ ਗਿਆ ਸੀ। ਕੈਪਟਨ ਅਮਰਿੰਦਰ ਸਿੰਘ ਦਾ ਪਾਰਟੀ ’ਤੇ ਕੋਈ ਕੰਟਰੋਲ ਨਹੀਂ ਰਿਹਾ ਸੀ ਅਤੇ ਭ੍ਰਿਸ਼ਟਾਚਰਾ ਸਿਖਰ ’ਤੇ ਸੀ। ਕੁਝ ਮੰਤਰੀਆਂ ਅਤੇ ਅਫ਼ਸਰਾਂ ਨੂੰ ਖੁੱਲ੍ਹੀ ਛੁੱਟੀ ਦੇ ਦਿੱਤੀ ਗਈ ਸੀ ਕਿ ਜੋ ਮਰਜ਼ੀ ਕਰੋ।
ਇਸ ਮੌਕੇ ਪੱਤਰਕਾਰਾਂ ਦੁਆਰਾ ਸਾਬਕਾ ਵਿਧਾਨ ਸਭਾ ਸਪੀਕਰ ਰਾਣਾ ਕੰਵਰਪਾਲ ਸਿੰਘ (Rana KP Singh) ਦੀ ਗੈਰ-ਹਾਜ਼ਰੀ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਕੋਈ ਇਸ ਪ੍ਰੋਗਰਾਮ ਵਿਚ ਆਇਆ ਜਾਂ ਨਹੀਂ ਆਇਆ ਇਹ ਗੱਲ ਮਾਇਨੇ ਨਹੀਂ ਰੱਖਦੀ ਕਿਉਂਕਿ ਕਾਂਗਰਸ ਇਕ ਵਿਅਕਤੀ ਦੀ ਨਹੀਂ ਬਲਕਿ ਸਾਰਿਆ ਦੀ ਸਾਝੀ ਪਾਰਟੀ ਹੈ। ਉਨ੍ਹਾਂ ਨਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਪਿਛਲੇ ਪੰਜ ਸਾਲ ’ਚ ਮੇਰੇ ਸਾਥੀਆਂ ਨਾਲ ਧੱਕਾ ਹੋਇਆ ਉਹ ਮੈਂ ਨਹੀਂ ਭੁੱਲ ਸਕਦਾ ਜਿੱਥੇ ਇਕ ਵਾਰ ਲਕੀਰਾਂ ਖਿੱਚੀਆਂ ਗਈਆਂ ਓਹ ਖਿੱਚੀਆਂ ਰਹਿਣਗੀਆਂ।
ਰੂਪਨਗਰ ਦੇ ਮੌਜੂਦਾ ਵਿਧਾਇਕ ਦਿਨੇਸ਼ ਚੱਢਾ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਉਹ ਇਨਕਲਾਬ ਦੀਆਂ ਗੱਲਾਂ ਕਰਦਾ ਸੀ ਅੱਜ ਉਹ ਕਿਥੇ ਗਿਆ, ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਉਹ ਕਿਉਂ ਨਹੀਂ ਬੋਲਿਆ। ਸਰਕਾਰ ਆਉਣ ਤੋਂ ਪਹਿਲਾਂ ਗੱਲ ਹੋਰ ਸੀ ਤੇ ਸਰਕਾਰ ਬਣਨ ਤੋਂ ਬਾਅਦ ਕੋਈ ਹੋਰ, ਇਹ ਬਦਲਾਅ ਦੀਆਂ ਗੱਲਾਂ ਕਰਦੇ-ਕਰਦੇ ਆਪ ਬਦਲ ਗਏ।
ਇਹ ਵੀ ਪੜ੍ਹੋ: ਸੁਹਾਗਰਾਤ ਮੌਕੇ ਘਰਵਾਲੀ ਦੀ ਅਸਲੀਅਤ ਜਾਣ ਕੇ ਹੈਰਾਨ ਰਹਿ ਗਿਆ ਨੌਜਵਾਨ, ਮਾਮਲਾ ਪਹੁੰਚਿਆ ਥਾਣੇ ’ਚ