Bathinda News: ਬਠਿੰਡਾ 'ਚ 100ਵੇਂ ਵਰਲਡ ਕੈਂਸਰ ਕੇਅਰ ਕੈਂਪ 'ਚ ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨੇ ਧਰਤੀ, ਪਾਣੀ ਅਤੇ ਹਵਾ ਨੂੰ ਬਚਾਉਣ ਦੀ ਲੋੜ 'ਤੇ ਜੋਰ ਦਿੰਦਿਆਂ ਪਹਿਲੀ ਪਾਤਸ਼ਾਹਿ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫੇ 'ਤੇ ਚੱਲਣ ਦਾ ਸੁਨੇਹਾ ਦਿੱਤਾ।


COMMERCIAL BREAK
SCROLL TO CONTINUE READING

ਉਨ੍ਹਾਂ ਕਿਹਾ ਕਿ ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਹੋਣ ਕਾਰਨ ਕਿਸਾਨ ਵੱਧ ਉਤਪਾਦਨ ਲੈਣ ਲਈ ਖਾਦਾਂ ਅਤੇ ਕੀਟਨਾਸ਼ਕਾਂ ਦੀ ਜ਼ਿਆਦਾ ਵਰਤੋਂ ਕਰ ਰਹੇ ਹਨ ਅਤੇ ਉਦਯੋਗ ਅਤੇ ਹਸਪਤਾਲ ਆਪਣਾ ਗੰਦਾ ਪਾਣੀ ਬਿਨਾਂ ਟਰੀਟ ਕੀਤੇ ਜ਼ਮੀਨ ਦੇ ਹੇਠਾਂ ਜਾਂ ਨਦੀਆਂ-ਨਾਲਿਆਂ ਵਿੱਚ ਸੁੱਟ ਰਹੇ ਹਨ। ਇਸ ਦੀ ਪ੍ਰਤੱਖ ਮਿਸਾਲ ਸਾਡਾ ਸਤਲੁਜ ਦਰਿਆ ਹੈ ਜੋ ਪੰਜਾਬ ਵਿਚੋਂ ਲੰਘਦਾ ਹੈ ਅਤੇ ਜਿਸ ਦਾ ਪਾਣੀ ਹਰੀ ਕੇ ਪੱਤਣ ਵਿਚ ਪਹੁੰਚਦਿਆਂ ਹੀ ਪੂਰੀ ਤਰ੍ਹਾਂ ਕਾਲਾ ਅਤੇ ਪ੍ਰਦੂਸ਼ਿਤ ਹੋ ਜਾਂਦਾ ਹੈ, ਜੋ ਕਿ ਕੈਂਸਰ ਫੈਲਣ ਦਾ ਵੱਡਾ ਕਾਰਨ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਸਾਡੀ ਹਵਾ, ਧਰਤੀ, ਵਾਤਾਵਰਣ ਬਚੇਗਾ, ਉੱਥੇ ਹੀ ਸਾਡੀ ਸਿਹਤ, ਭਵਿੱਖ ਅਤੇ ਆਉਣ ਵਾਲੀ ਪੀੜ੍ਹੀ ਲਈ ਲਾਭਦਾਇਕ ਹੋਵੇਗਾ।


ਇਸ ਮੌਕੇ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਵਰਲਡ ਕੈਂਸਰ ਕੇਅਰ ਇੱਕ ਗੈਰ-ਮੁਨਾਫ਼ਾ ਸੰਸਥਾ ਹੈ ਜੋ ਕਿ ਪੰਜਾਬ ਤੇ ਭਾਰਤ ਦੇ ਹੋਰ ਪੇਂਡੂ ਖੇਤਰਾਂ ਵਿੱਚ ਕੈਂਸਰ ਸਕਰੀਨਿੰਗ ਕੈਂਪ, ਮੋਬਾਈਲ ਡਾਇਗਨੌਸਟਿਕ ਵੈਨ, ਮੁਫਤ ਇਲਾਜ ਅਤੇ ਸਲਾਹ, ਜਾਗਰੂਕਤਾ ਮੁਹਿੰਮਾਂ, ਕੀਟਨਾਸ਼ਕਾਂ ਤੇ ਵਾਤਾਵਰਣ ਪ੍ਰਦੂਸ਼ਣ ਬਾਰੇ ਜਾਗਰੂਕਤਾ, ਕੈਂਸਰ ਦੇ ਮਰੀਜ਼ਾਂ ਅਤੇ ਪਰਿਵਾਰਾਂ ਨੂੰ ਸਹਾਇਤਾ, ਸਰਕਾਰੀ ਤੇ ਨਿੱਜੀ ਭਾਈਵਾਲੀ ਅਤੇ ਮੁਫਤ ਡਾਕਟਰੀ ਸੇਵਾਵਾਂ ਪ੍ਰਦਾਨ ਕਰਦਾ ਹੈ। 


ਇਹ ਸੰਸਥਾ ਵਿਸ਼ੇਸ਼ ਤੌਰ 'ਤੇ ਉਨ੍ਹਾਂ ਖੇਤਰਾਂ ਵਿਚ ਸਰਗਰਮ ਹੈ ਜਿੱਥੇ ਸਿਹਤ ਸਹੂਲਤਾਂ ਸੀਮਤ ਹਨ ਅਤੇ ਕੈਂਸਰ ਦੇ ਕੇਸਾਂ ਦੀ ਗਿਣਤੀ ਜ਼ਿਆਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੈਂਸਰ ਵਰਗੀ ਘਾਤਕ ਬਿਮਾਰੀ ਦੀਆਂ ਜੜ੍ਹਾਂ ਮਾਲਵਾ ਖੇਤਰ ਸਮੇਤ ਪੰਜਾਬ ਭਰ ਵਿੱਚ ਤੇਜ਼ੀ ਨਾਲ ਫੈਲ ਰਹੀਆਂ ਹਨ। 


ਇਸ ਮੌਕੇ ਵਰਲਡ ਕੈਂਸਰ ਕੇਸਰ ਸੰਸਥਾ ਦੇ ਕੁਲਵੰਤ ਸਿੰਘ ਧਾਲੀਵਾਲ ਨੇ ਕਿਹਾ ਕਿ ਐਸਬੀਆਈ ਕਾਰਡ ਪੇਮੈਂਟ ਸਰਵਿਸ ਲਿਮਿਟਡ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਵਰਲਡ ਕੈਂਸਰ ਕੇਅਰ ਸੰਸਥਾ ਦਾ ਮੁੱਖ ਮਕਸਦ ਪੂਰੇ ਭਾਰਤ ਨੂੰ ਕੈਂਸਰ ਮੁਕਤ ਕਰਨਾ ਹੈ। ਉਨ੍ਹਾਂ ਕਿਹਾ ਕਿ ਪਹਿਲੇ ਫੇਜ਼ ਤਹਿਤ ਮਾਲਵੇ 'ਚ ਅੱਜ 100ਵਾਂ ਕੈਂਪ ਲਗਾਇਆ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਦੂਸਰੇ ਫੇਜ਼ ਤਹਿਤ ਸਰਹੱਦੀ ਇਲਾਕਿਆਂ ਤੋਂ ਇਲਾਵਾ ਜੰਮੂ ਤੋਂ ਖੇਮਕਰਨ ਤੱਕ ਦੇ ਏਰੀਏ ਨੂੰ ਮਾਰਚ 2025 ਤੱਕ ਕਵਰ ਕੀਤਾ ਜਾਵੇਗਾ।