Nangal News: ਨੰਗਲ ਡੈਮ ਦੀ ਸੜਕ `ਚ ਪਏ ਡੂੰਘੇ ਖੱਡਿਆਂ ਤੋਂ ਮਿਲੀ ਨਿਜਾਤ, ਬੀਬੀਐਮਬੀ ਨੇ ਪੁਵਾਇਆ ਪ੍ਰੀਮਿਕਸ
Nangal News: ਨੰਗਲ ਡੈਮ ਦੇ ਦੋਵੇਂ ਪੁਲਾਂ ਉਤੇ ਪਏ ਡੂੰਘੇ ਟੋਇਆਂ ਤੇ ਖਸਤਾ ਹਾਲ ਸੜਕ ਕਾਰਨ ਵਾਹਨ ਚਾਲਕਾਂ ਨੂੰ ਲੰਮੇ ਸਮੇਂ ਤੋਂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
Nangal News: ਨੰਗਲ ਡੈਮ ਦੇ ਦੋਵੇਂ ਪੁਲਾਂ ਉਤੇ ਪਏ ਡੂੰਘੇ ਟੋਇਆਂ ਤੇ ਖਸਤਾ ਹਾਲ ਸੜਕ ਕਾਰਨ ਵਾਹਨ ਚਾਲਕਾਂ ਨੂੰ ਲੰਮੇ ਸਮੇਂ ਤੋਂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਹਰ ਰੋਜ਼ ਕੋਈ ਨਾ ਕੋਈ ਦੋ ਪਹੀਆ ਵਾਹਨ ਚਾਲਕ ਇਨ੍ਹਾਂ ਡੂੰਘੇ ਟੋਇਆਂ ਕਰਕੇ ਹਾਦਸਿਆਂ ਦਾ ਸ਼ਿਕਾਰ ਹੋ ਰਿਹਾ ਸੀ।
ਲੋਕਾਂ ਦੀ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਤੇ ਡੈਮ ਨੂੰ ਕੋਈ ਨੁਕਸਾਨ ਨਾ ਪਹੁੰਚੇ ਇਸ ਲਈ ਬੀਬੀਐਮਬੀ ਮੈਨੇਜਮੈਂਟ ਨੇ ਹਰਕਤ ਵਿੱਚ ਆਉਂਦਿਆਂ ਇਨ੍ਹਾਂ ਦੋਵਾਂ ਪੁਲਾਂ ਦੀ ਆਵਾਜਾਈ ਦੋ ਦਿਨਾਂ ਲਈ ਬੰਦ ਕਰਕੇ ਨੰਗਲ ਡੈਮ ਦੀ ਸੜਕ ਉੱਤੇ ਪ੍ਰੀਮਿਕਸ ਪਾ ਕੇ ਸੜਕ ਦਾ ਸੁਧਾਰ ਕੀਤਾ ਜਿਸ ਨਾਲ ਇਲਾਕਾ ਵਾਸੀ ਤੇ ਰਾਹਗੀਰ ਖੁਸ਼ ਨਜ਼ਰ ਆ ਰਹੇ ਹਨ। ਕਾਬਿਲੇਗੌਰ ਹੈ ਕਿ ਸੁਰੱਖਿਆ ਦੀ ਦ੍ਰਿਸ਼ਟੀ ਤੋਂ ਨੰਗਲ ਡੈਮ ਕਾਫੀ ਅਹਿਮ ਹੈ।
ਨੰਗਲ 'ਚ ਫਲਾਈਓਵਰ ਬਣਨ ਦੇ ਚੱਲਦਿਆਂ ਹਾਲਾਂਕਿ ਹਿਮਾਚਲ ਤੋਂ ਪੰਜਾਬ ਤੇ ਚੰਡੀਗੜ੍ਹ ਵਾਲੇ ਪਾਸੇ ਆਉਣ ਜਾਣ ਵਾਲੇ ਵਾਹਨਾਂ ਲਈ ਰਸਤਾ ਡਾਈਵਰਟ ਕੀਤਾ ਗਿਆ ਸੀ ਮਗਰ ਫਿਰ ਵੀ ਜ਼ਿਆਦਾਤਰ ਵਾਹਨ ਚਾਲਕ ਨੰਗਲ ਡੈਮ ਉੱਤੋਂ ਹੀ ਗੁਜ਼ਰਦੇ ਸਨ ਨਾਲ ਹੀ ਸਥਾਨਕ ਵਾਸੀ ਤੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਵੀ ਇਸ ਨੰਗਲ ਡੈਮ ਦੀ ਸੜਕ ਦਾ ਇਸਤੇਮਾਲ ਕਰਦੇ ਸਨ।
ਇਸ ਕਰਕੇ ਨੰਗਲ ਡੈਮ ਦੀ ਸੜਕ ਤੇ ਆਸਪਾਸ ਦੀਆਂ ਸੜਕਾਂ ਦੀ ਹਾਲਤ ਕਾਫੀ ਖ਼ਸਤਾ ਹੋ ਗਈ ਸੀ। ਇਸ ਡੈਮ ਤੋਂ ਲੰਘਣ ਵਾਲੇ ਰਾਹਗੀਰ ਖਾਸ ਤੌਰ ਉਤੇ ਰੋਜ਼ਾਨਾ ਇਸ ਪੁਲ ਦੀ ਵਰਤੋਂ ਕਰਨ ਵਾਲੇ ਆਸਪਾਸ ਦੇ ਪਿੰਡਾਂ ਤੇ ਸ਼ਹਿਰ ਦੇ ਲੋਕ ਡੈਮ ਦੀ ਸੜਕ ਦੀ ਇਸ ਖਸਤਾ ਹਾਲਤ ਕਾਰਨ ਲਗਾਤਾਰ ਪਰੇਸ਼ਾਨ ਸਨ। ਬੀਬੀਐਮਬੀ ਯਾਨੀ ਭਾਖੜਾ ਮੈਨੇਜਮੈਂਟ ਬੋਰਡ ਨੂੰ ਇਸ ਸੜਕ ਦੀ ਹਾਲਤ ਸੁਧਾਰਨ ਦੀ ਗੁਹਾਰ ਲਗਾ ਰਹੇ ਸਨ।
ਐਕਸੀਅਨ ਬੀਬੀਐਮਬੀ ਰਾਜੇਸ਼ ਵਸ਼ਿਸ਼ਠ ਨੇ ਦੱਸਿਆ ਕਿ ਇਸ ਸੜਕ ਨੂੰ ਬਣਾਉਣ ਦਾ ਕੰਮ ਆਰ.ਆਰ.ਬਿਲਡਰ ਨੂੰ ਦਿੱਤਾ ਗਿਆ ਸੀ ਜਿਸ ਦਾ ਬਜਟ 13 ਲੱਖ 19 ਹਜ਼ਾਰ ਰੁਪਏ ਸੀ। ਉਨ੍ਹਾਂ ਦੀ ਜ਼ਿੰਮੇਵਾਰੀ ਸਿਰਫ਼ ਬੀਬੀਐਮਬੀ ਦੇ ਅਧਿਕਾਰ ਖੇਤਰ ਵਿੱਚ ਹੈ।
ਬਾਕੀ ਸੜਕਾਂ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਨਹੀਂ ਹਨ ਉਹ ਸਿਰਫ਼ ਬੀਬੀਐਮਬੀ ਅਧੀਨ ਆਉਣ ਵਾਲੀਆਂ ਸੜਕਾਂ ਦੀ ਮੁਰੰਮਤ ਹੀ ਕਰਵਾ ਸਕਦੇ ਹਨ। ਦੂਜੇ ਪਾਸੇ ਨੰਗਲ ਵਿੱਚ ਬੀਤੇ ਦਿਨੀਂ ਫਲਾਈ ਓਵਰ ਦਾ ਇੱਕ ਪਾਸਾ ਆਵਾਜਾਈ ਲਈ ਸ਼ੁਰੂ ਹੋ ਜਾਣ ਤੋਂ ਬਾਅਦ ਹਿਮਾਚਲ ਤੋਂ ਪੰਜਾਬ ਦੇ ਰਸਤੇ ਚੰਡੀਗੜ੍ਹ ਆਉਣ ਜਾਣ ਵਾਲੇ ਵਾਹਨ ਚਾਲਕਾਂ ਨੂੰ ਕਾਫੀ ਰਾਹਤ ਮਿਲੀ ਹੈ ਜਿਸ ਨਾਲ ਨੰਗਲ ਡੈਮ ਤੇ ਆਵਾਜਾਈ ਵੀ ਘੱਟ ਗਈ ਹੈ।
ਇਹ ਵੀ ਪੜ੍ਹੋ : Delhi News: ਦਿੱਲੀ 'ਚ ਲਾਰੈਂਸ ਗੈਂਗ ਦੇ ਸ਼ੂਟਰਾਂ ਨਾਲ ਸਪੈਸ਼ਲ ਸੈੱਲ ਦੀ ਮੁੱਠਭੇੜ, ਦੋ ਸ਼ੂਟਰ ਗ੍ਰਿਫ਼ਤਾਰ
ਨੰਗਲ ਤੋਂ ਬਿਮਲ ਸ਼ਰਮਾ ਦੀ ਰਿਪੋਰਟ