Bhakra Dam News: ਹਿਮਾਚਲ ਦੇ ਉਪਰਲੇ ਖੇਤਰਾਂ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਤੇ ਬੱਦਲ ਫਟਣ ਕਾਰਨ ਭਾਖੜਾ ਡੈਮ ਦੇ ਪਾਣੀ ਦੇ ਪੱਧਰ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ ਤੇ ਪਿਛਲੇ ਇੱਕ ਦਿਨ ਵਿੱਚ ਹੀ ਭਾਖੜਾ ਡੈਮ ਦੇ ਪਿੱਛੇ ਬਣੀ ਵਿਸ਼ਾਲ ਗੋਬਿੰਦ ਸਾਗਰ ਝੀਲ ਦਾ ਪੱਧਰ 10 ਫੁੱਟ ਤੱਕ ਵੱਧ ਗਿਆ ਹੈ।


COMMERCIAL BREAK
SCROLL TO CONTINUE READING

ਭਾਖੜਾ ਦੇ ਪਾਣੀ ਦਾ ਪੱਧਰ 1625.05 ਫੁੱਟ ਤੱਕ ਪਹੁੰਚ ਗਿਆ ਜਿਸ ਦੀ ਪੁਸ਼ਟੀ ਖ਼ੁਦ ਬੀਬੀਐਮਬੀ ਦੇ ਚੀਫ ਇੰਜੀਨੀਅਰ ਸੀਪੀ ਸਿੰਘ ਨੇ ਕੀਤੀ। ਬੀਐਮਬੀ ਦੇ ਚੀਫ਼ ਇੰਜੀਨੀਅਰ ਨੇ ਲੋਕਾਂ ਨੂੰ ਬੇਲੋੜੀਆਂ ਅਫਵਾਹਾਂ ਫੈਲਾਉਣ ਤੋਂ ਗੁਰੇਜ਼ ਕਰਦਿਆਂ ਕਿਹਾ ਕਿ ਹਾਲੇ ਪਾਣੀ ਫਲੱਡ ਤੋਂ 20 ਫੁੱਟ ਦੀ ਦੂਰੀ ਉਤੇ ਹੈ ਤੇ ਖ਼ਤਰੇ ਦੇ ਨਿਸ਼ਾਨ ਤੋਂ 55 ਫੁੱਟ ਦੀ ਦੂਰੀ ਉਤੇ ਹੈ।


ਸੀਪੀ ਸਿੰਘ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਗੋਬਿੰਦ ਸਾਗਰ ਝੀਲ ਵਿੱਚ ਪਾਣੀ ਦੀ ਆਮਦ 1 ਲੱਖ 55 ਹਜ਼ਾਰ 395 ਕਿਊਸਿਕ ਦਰਜ ਕੀਤੀ ਗਈ ਜਿਸ ਕਾਰਨ ਭਾਖੜਾ ਦੇ ਪਾਣੀ ਦਾ ਪੱਧਰ 1625.05 ਫੁੱਟ ਤੱਕ ਪਹੁੰਚ ਗਿਆ ਅਤੇ ਭਾਖੜਾ ਡੈਮ ਤੋਂ 18330 ਕਿਊਸਿਕ ਪਾਣੀ ਛੱਡਿਆ ਗਿਆ। ਟਰਬਾਈਨਾਂ ਰਾਹੀਂ ਬਿਜਲੀ ਪੈਦਾ ਕੀਤੀ ਜਾ ਰਹੀ ਹੈ ਜਿਸ ਦਾ ਸਿੱਧਾ ਮਤਲਬ ਹੈ ਕਿ ਮੈਨੇਜਮੈਂਟ ਵੱਲੋਂ ਪਾਣੀ ਨੂੰ ਸਟੋਰ ਕੀਤਾ ਜਾ ਰਿਹਾ ਹੈ।


ਬੀਬੀਐਮਬੀ ਦੇ ਚੀਫ਼ ਇੰਜੀਨੀਅਰ ਨੇ ਲੋਕਾਂ ਨੂੰ ਬੇਲੋੜੀਆਂ ਅਫਵਾਹਾਂ ਫੈਲਾਉਣ ਤੋਂ ਗੁਰੇਜ਼ ਕਰਦਿਆਂ ਕਿਹਾ ਕਿ ਇਸ ਸਮੇਂ ਪਾਣੀ ਫਲੱਡ ਗੇਟਾਂ ਤੋਂ ਕਰੀਬ 20 ਫੁੱਟ ਦੂਰ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਭਾਖੜਾ ਡੈਮ ਦੇ ਪਿੱਛੇ ਬਣੀ ਗੋਬਿੰਦ ਸਾਗਰ ਝੀਲ ਦੀ ਭਰਾਈ ਦਾ ਸੀਜ਼ਨ 20 ਮਈ ਤੋਂ 21 ਸਤੰਬਰ ਤੱਕ ਹੈ ਤੇ ਇਸ ਦੌਰਾਨ 1680 ਫੁੱਟ ਤੱਕ ਪਾਣੀ ਸਟੋਰ ਕੀਤਾ ਜਾ ਸਕਦਾ ਹੈ, ਜੋ ਕਿ ਹੁਣ ਵੀ 55 ਫੁੱਟ ਘੱਟ ਹੈ।


ਇਸ ਵੇਲੇ ਨੰਗਲ ਡੈਮ ਤੋਂ ਸਤਲੁਜ ਦਰਿਆ ਵਿੱਚ ਰੁਟੀਨ ਅਨੁਸਾਰ ਸਿਰਫ਼ 640 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਤੇ ਇਸ ਤੋਂ ਇਲਾਵਾ ਨੰਗਲ ਹਾਈਡਲ ਵਿੱਚ 11070 ਕਿਊਸਿਕ ਤੇ ਸ੍ਰੀ ਅਨੰਦਪੁਰ ਸਾਹਿਬ ਹਾਈਡਲ ਨਹਿਰ ਵਿੱਚ 7240 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਜੋ ਕਿ ਰੁਟੀਨ ਨਾਲੋਂ ਘੱਟ ਹੈ।


ਇਹ ਵੀ ਪੜ੍ਹੋ : Punjab Weather News: ਸੰਗਰੂਰ ਦੇ ਮੂਨਕ ਇਲਾਕੇ 'ਚ ਖਤਰੇ ਦੇ ਨਿਸ਼ਾਨ ਤੋਂ ਉੱਤੇ ਪਹੁੰਚਿਆ ਘੱਗਰ ਦਰਿਆ; ਪ੍ਰਸ਼ਾਸਨ ਹੋਇਆ ਅਲਰਟ


ਨੰਗਲ ਤੋਂ ਬਿਮਲ ਸ਼ਰਮਾ ਦੀ ਰਿਪੋਰਟ