SGPC ਚੋਣਾਂ ’ਚ ਬੀਬੀ ਜਗੀਰ ਕੌਰ ਦੀ ਪਕੜ ਮਜ਼ਬੂਤ, HSGPC ਦੇ ਮੀਤ ਪ੍ਰਧਾਨ ਦੀਦੀਰ ਸਿੰਘ ਨਲਵੀ ਦਾ ਮਿਲਿਆ ਸਾਥ
ਐੱਸਜੀਪੀਸ ਦੀਆਂ ਚੋਣਾਂ ਲੜਨ ਦੇ ਮਾਮਲੇ ’ਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਦੀਦਾਰ ਸਿੰਘ ਨਲਵੀ ਨੇ ਵੀ ਬੀਬੀ ਜਗੀਰ ਕੌਰ ਦਾ ਸਮਰਥਨ ਕੀਤਾ ਹੈ।
ਚੰਡੀਗੜ੍ਹ: ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਬੀਬੀ ਜਗੀਰ ਕੌਰ ਨੂੰ SGPC ਦੀ ਚੋਣ ਨਾ ਲੜਨ ਦੀ ਸਲਾਹ ਦਿੱਤੀ ਹੈ। ਪਰ ਬੀਬੀ ਜਗੀਰ ਕੌਰ ਕਹਿ ਰਹੇ ਹਨ ਚੋਣ ਲੜਨਾ ਉਨ੍ਹਾਂ ਦਾ ਲੋਕਤਾਂਤਰਿਕ ਅਧਿਕਾਰ ਹੈ।
ਇਸ ਮਾਮਲੇ ’ਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (HSGPC) ਦੇ ਸੀਨੀਅਰ ਮੀਤ ਪ੍ਰਧਾਨ ਦੀਦਾਰ ਸਿੰਘ ਨਲਵੀ ਨੇ ਵੀ ਬੀਬੀ ਜਗੀਰ ਕੌਰ ਦਾ ਸਮਰਥਨ ਕੀਤਾ ਹੈ। ਨਲਵੀ ਨੇ ਕਿਹਾ ਕਿ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਜਮਹੂਰੀਅਤ ਦੀ ਸਥਾਪਨਾ ਕਰਨ ਦੀ ਹਿੰਮਤ ਦਿਖਾਈ ਹੈ।
ਦੀਦਾਰ ਸਿੰਘ ਨਲਵੀ ਨੇ ਇੱਕ ਨਿਜੀ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਕਿਹਾ ਕਿ,"ਮੈਂ ਸਮੂਹ 185 ਮੈਂਬਰਾਂ ਨੂੰ ਬੀਬੀ ਜਗੀਰ ਕੌਰ ਨੂੰ ਜਿਤਾਉਣ ਦੀ ਅਪੀਲ ਕਰਦਾ ਹਾਂ ਤਾਂ ਜੋ ਸ਼੍ਰੋਮਣੀ ਕਮੇਟੀ ਨੂੰ ਬਾਦਲ ਪਰਿਵਾਰ ਦੇ ਕਬਜ਼ੇ ਤੋਂ ਮੁਕਤ ਕਰਵਾਇਆ ਜਾਵੇ। ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਅੰਦਰੂਨੀ ਜਮਹੂਰੀਅਤ ਦੀ ਗੱਲ ਕਰਦੀ ਹੈ ਅਤੇ ਆਪਣੇ ਆਪ ਨੂੰ ਦੇਸ਼ ਦੀ ਮਿੰਨੀ ਪਾਰਲੀਮੈਂਟ ਦਸਦੀ ਹੈ ਪਰ ਉਥੇ ਬੋਲਣ ਦਾ ਅਧਿਕਾਰ ਕਿਸੇ ਨੂੰ ਨਹੀਂ।
ਨਲਵੀ ਨੇ ਅੱਗੇ ਕਿਹਾ ਕਿ ਸੁਖਬੀਰ ਬਾਦਲ ਨੂੰ ਚਾਹੀਦਾ ਸੀ ਕਿ ਜੇਕਰ ਬੀਬੀ ਜਗੀਰ ਕੌਰ ਚੋਣ ਲੜਨਾ ਚਾਹੁੰਦੀ ਹੈ ਤਾਂ ਸਮੂਹ ਮੈਂਬਰ ਅਤੇ ਅਕਾਲੀ ਆਗੂ ਇਕੱਠਿਆਂ ਬੈਠ ਕੇ ਉਨ੍ਹਾਂ ਦੇ ਨਾਮ 'ਤੇ ਸਹਿਮਤੀ ਬਣਾਉਂਦੇ। ਹੁਣ ਜਦੋਂ ਅੰਦਰੂਨੀ ਲੜਾਈ ਸਾਹਮਣੇ ਆ ਗਈ ਹੈ ਤਾਂ ਬੀਬੀ ਜਗੀਰ ਕੌਰ ਨੂੰ ਆਪਣੇ ਪੈਰ ਪਿੱਛੇ ਨਹੀਂ ਖਿੱਚਣੇ ਚਾਹੀਦੇ ਹਨ।
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਦੀਦਾਰ ਸਿੰਘ ਨਲਵੀ ਨੇ ਸ਼ਿਵ ਸੈਨਾ ਟਕਸਾਲੀ ਪ੍ਰਧਾਨ ਸੁਧੀਰ ਸੂਰੀ (Sudhir Suri) ਦੀ ਹੱਤਿਆ ’ਤੇ ਬੋਲਦਿਆਂ ਕਿਹਾ ਕਿ ਕਿ ਭਾਰਤ ਮਹਾਤਮਾ ਬੁੱਧ, ਮਹਾਤਮਾ ਗਾਂਧੀ ਅਤੇ ਗੁਰੂ ਨਾਨਕ ਦਾ ਦੇਸ਼ ਹੈ, ਇੱਥੇ ਹਿੰਸਾ ਲਈ ਕੋਈ ਥਾਂ ਨਹੀਂ ਹੈ। ਜਿਸ ਤਰੀਕੇ ਨਾਲ ਹੱਤਿਆ ਹੋਈ ਹੈ ਜਾਂ ਮਾਮਲਾ ਸਾਹਮਣੇ ਆਇਆ ਹੈ, ਉਹ ਬਿਲਕੁਲ ਵੀ ਬਰਦਾਸ਼ਤਯੋਗ ਨਹੀਂ ਹੈ।