ਜਾਣੋ, ਮਜੀਠੀਆ ਨੇ CM ਮਾਨ ਨੂੰ ਕਿਉਂ ਕਿਹਾ, `ਗੋਰਿਆਂ ਦੀ ਛੱਡੋ ਆਪਣੇ ਨਿਆਣੇ ਹੀ ਵਾਪਸ ਮੋੜ ਲਿਆਓ`
ਬਿਕਰਮ ਮਜੀਠੀਆ ਨੇ CM ਭਗਵੰਤ ਮਾਨ ’ਤੇ ਨਿੱਜੀ ਟਿੱਪਣੀ ਕੱਸਦਿਆਂ ਤੰਜ ਕੀਤਾ ਕਿ, `ਭਗਵੰਤ ਮਾਨ ਜੀ ਆਹ ਜੋੜੇ ਤੁਹਾਡੇ ਅੱਗੇ ਹੱਥ, ਤੁਸੀਂ ਗੋਰਿਆਂ ਦੀ ਛੱਡੋ ਆਪਣੇ ਜਵਾਕ ਹੀ ਵਾਪਸ ਪੰਜਾਬ ਲੈ ਆਓ।`
ਚੰਡੀਗੜ੍ਹ: ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ CM ਭਗਵੰਤ ਮਾਨ ’ਤੇ ਤਿੱਖਾ ਸ਼ਬਦੀ ਹਮਲਾ ਬੋਲਿਆ। ਉਨ੍ਹਾਂ ਅੱਜ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਰੋਜ਼ ਸੂਬੇ ਦਾ ਹਰ ਵਰਗ ਭਗਵੰਤ ਮਾਨ ਸਰਕਾਰ ਦੇ ਝੂਠ ਦਾ ਪਰਦਾਫਾਸ਼ ਕਰ ਰਿਹਾ ਹੈ।
ਮਜੀਠੀਆ ਨੇ ਦੱਸਿਆ ਕਿ ਕਿਸਾਨ ਧਰਨੇ ’ਤੇ ਬੈਠਾ ਹੈ, ਅਧਿਆਪਕ ਨੌਕਰੀਆਂ ਲਈ ਪਾਣੀ ਦੀਆਂ ਟੈਂਕੀਆਂ ’ਤੇ ਚੜ੍ਹ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ CM ਭਗਵੰਤ ਮਾਨ ’ਤੇ ਨਿੱਜੀ ਟਿੱਪਣੀ ਕੱਸਦਿਆਂ ਤੰਜ ਕੀਤਾ ਕਿ, "ਭਗਵੰਤ ਮਾਨ ਜੀ ਆਹ ਜੋੜੇ ਤੁਹਾਡੇ ਅੱਗੇ ਹੱਥ, ਤੁਸੀਂ ਗੋਰਿਆਂ ਦੀ ਛੱਡੋ ਆਪਣੇ ਜਵਾਕ ਹੀ ਵਾਪਸ ਪੰਜਾਬ ਲੈ ਆਓ।"
ਅੱਗੇ ਉਨ੍ਹਾਂ ਕਿਹਾ ਕਿ ਆਪਣੇ ਬੱਚਿਆਂ ਦੀ ਗੱਲ ਛੱਡੋ, ਤੁਸੀਂ ਪੰਜਾਬ ’ਚ 90 ਫ਼ੀਸਦ ਪੰਜਾਬੀਆਂ ਨੂੰ ਹੀ ਨੌਕਰੀ ਦੇ ਦਿਓ। ਉਨ੍ਹਾਂ ਇੱਕ ਕਾਗਜ਼ ਤੱਥਾਂ ਸਣੇ ਸਾਹਮਣੇ ਰੱਖਦਿਆਂ ਭਗਵੰਤ ਮਾਨ ਨੂੰ ਉਨ੍ਹਾਂ ਦੀ ਗਾਰੰਟੀ ਯਾਦ ਕਰਵਾਉਂਦਿਆ ਦੱਸਿਆ ਕਿ ਅੱਜ ਹਰ ਸਾਲ 5 ਲੱਖ ਪੰਜਾਬੀ ਨੌਜਵਾਨ ਬਾਹਰ ਜਾ ਰਿਹਾ ਹੈ।
ਮਜੀਠੀਆ ਨੇ ਕਿਹਾ ਕਿ ਜਦੋਂ ਨੌਜਵਾਨ ਆਪਣੇ ਨਾਲ 20-30 ਲੱਖ ਵਿਦੇਸ਼ ’ਚ ਲੈਕੇ ਜਾ ਰਿਹਾ ਹੈ। ਜਿੱਥੇ ਸਾਡੇ ਸੂਬੇ ਦਾ ਬਰੇਨ ਡਰੇਨ (Brain drain) ਹੋ ਰਿਹਾ ਉੱਥੇ ਹੀ ਆਰਥਿਕ ਪੱਖੋਂ ਵੀ ਅਸੀਂ ਕਮਜ਼ੋਰ ਹੁੰਦੇ ਜਾ ਰਹੇ ਹਾਂ।
ਇਸ ਵੀਡੀਓ ’ਚ ਉਨ੍ਹਾਂ ਇੱਕ ਭਰਤੀ ਦਾ ਵੇਰਵਾ ਦਿੰਦਿਆ ਦੱਸਿਆ ਕਿ 12 ਸਤੰਬਰ 2022 ਨੂੰ ਬਿਜਲੀ ਵਿਭਾਗ ’ਚ ਅਸਿਸਟੈਂਟ ਸਬ-ਸਟੇਸ਼ਨ ਅਟੈਂਡੇਟ ਦੀ ਭਰਤੀ ਹੋਈ ਹੈ। ਇਸ ਭਰਤੀ ਬਾਰੇ ਖੁਲਾਸਾ ਕਰਦਿਆਂ ਦੱਸਿਆ ਕਿ 90 ਫ਼ੀਸਦ ਨੌਕਰੀ ਲੈਣ ਵਾਲੇ ਉਮੀਦਵਾਰ ਜਾਂ ਤਾ ਰਾਜਸਥਾਨ ਅਤੇ ਜਾਂ ਹੋਰਨਾ ਸੂਬਿਆਂ ਨਾਲ ਸਬੰਧਤ ਹਨ।
ਮਜੀਠੀਆ ਨੇ CM ਮਾਨ ਨੂੰ ਕਿਹਾ ਕਿ 90 ਫ਼ੀਸਦ ਪੰਜਾਬੀਆਂ ਨੂੰ ਨੌਕਰੀ ਤਾਂ ਕੀ ਦਿੱਤੀ ਜਾਣੀ ਸੀ, ਉਲਟਾ ਬਾਹਰਲੇ ਸੂਬਿਆਂ ਦੇ 90 ਫ਼ੀਸਦ ਨੌਜਵਾਨਾਂ ਨੂੰ ਸਰਕਾਰ ਵਲੋਂ ਨੌਕਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਸਲਾਹ ਦਿੰਦਿਆ ਕਿਹਾ ਕਿ ਪੰਜਾਬ ਦਾ ਵਸਨੀਕ (Domicile certificate) ਅਤੇ ਦਸਵੀਂ ’ਚ ਪੰਜਾਬੀ ਪਾਸ ਹੋਣਾ ਲਾਜ਼ਮੀ ਕੀਤਾ ਜਾਵੇ। ਉਨ੍ਹਾਂ ਕਿਹਾ ਪੰਜਾਬ ਦੇ ਲੋਕਾਂ ਨਾਲ ਸਰਕਾਰ ਵਲੋਂ ਜੋ ਕੱਟੜ ਬੇਈਮਾਨੀ ਕੀਤੀ ਜਾ ਰਹੀ ਹੈ ਉਹ ਬੰਦ ਕੀਤਾ ਜਾਵੇ।