ਚੰਗੇ ਆਚਰਨ ਵਾਲੇ ਕੈਦੀ ਬਣੇ ਪੈਟਰੋਲ ਪੰਪ ਦੇ ਕਰਮਚਾਰੀ, ਡਿਊਟੀ ਖ਼ਤਮ ਹੋਣ ਤੋਂ ਬਾਅਦ ਜਾਂਦੇ ਹਨ ਜੇਲ੍ਹ
ਪੰਜਾਬ ਸਰਕਾਰ ਅਤੇ ਪੰਜਾਬ ਜੇਲ੍ਹ ਵਿਭਾਗ ਨੇ ਕੇਂਦਰੀ ਸੁਧਾਰ ਘਰ ਲੁਧਿਆਣਾ ਕੋਲ ਦੂਜਾ ਪੈਟਰੋਲ ਪੰਪ ਖੋਲ੍ਹਿਆ, ਚੰਗੇ ਆਚਰਨ ਵਾਲੇ 4 ਕੈਦੀ ਬਤੌਰ ਕਰਮਚਾਰੀ ਕੰਮ ਕਰ ਰਹੇ ਹਨ। ਇਹ ਕੈਦੀ ਜੇਲ੍ਹ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ ਅਤੇ ਡਿਊਟੀ ਸ਼ਿਫ਼ਟ ਖ਼ਤਮ ਹੋਣ ਤੋਂ ਬਾਅਦ ਇਹਨਾਂ ਨੂੰ ਮੁੜ ਜੇਲ੍ਹ ਜਾਣਾ ਪੈਂਦਾ ਹੈ।
ਭਰਤ ਸ਼ਰਮਾ/ਲੁਧਿਆਣਾ: ਪੰਜਾਬ ਸਰਕਾਰ ਅਤੇ ਪੰਜਾਬ ਜੇਲ੍ਹ ਵਿਭਾਗ ਵੱਲੋਂ ਬਣਾਏ ਗਏ ਡਿਵੈਲਪਮੈਂਟ ਬੋਰਡ ਦੇ ਸਹਿਯੋਗ ਨਾਲ ਲੁਧਿਆਣਾ ਕੇਂਦਰੀ ਜੇਲ੍ਹ ਨਜ਼ਦੀਕ ਦੂਸਰੇ ਪੈਟਰੋਲ ਪੰਪ ਦੀ ਸ਼ੁਰੂਆਤ ਕੀਤੀ ਗਈ ਹੈ ਜਿਥੇ ਜੇਲ੍ਹ ਨਿਯਮਾਂ ਦੀ ਉਲੰਘਣਾ ਨਾ ਕਰਨ ਵਾਲੇ ਕੈਦੀਆਂ ਨੂੰ ਬਤੌਰ ਕਰਮਚਾਰੀ ਲਗਾਇਆ ਗਿਆ ਹੈ। ਜੋ ਆਮ ਲੋਕਾਂ ਦੀ ਤਰ੍ਹਾਂ ਹੀ ਪੈਟਰੋਲ ਪੰਪ ਤੇ ਕੰਮ ਕਰ ਰਹੇ ਹਨ ਅਤੇ ਆਮ ਲੋਕਾਂ ਦੀ ਤਰ੍ਹਾਂ ਜ਼ਿੰਦਗੀ ਜੀਅ ਰਹੇ ਹਨ। ਪਰ ਡਿਊਟੀ ਖਤਮ ਹੋਣ ਤੋਂ ਬਾਅਦ ਇਨ੍ਹਾਂ ਨੂੰ ਵਾਪਸ ਲੁਧਿਆਣਾ ਕੇਂਦਰੀ ਸੁਧਾਰ ਘਰ ਜਾਣਾ ਪੈਂਦਾ ਹੈ। ਇਨ੍ਹਾਂ ਕੈਦੀਆਂ ਦੀ ਨਿਗਰਾਨੀ ਲਈ ਪੁਲਿਸ ਮੁਲਾਜ਼ਮ ਵੀ ਤਾਇਨਾਤ ਕੀਤੇ ਗਏ ਹਨ।
ਪੈਟਰੋਲ ਪੰਪ 'ਤੇ ਕੰਮ ਕਰ ਰਹੇ ਕੈਦੀਆਂ ਨੇ ਦੱਸਿਆ ਕਿ ਇਹ ਪੰਜਾਬ ਸਰਕਾਰ ਦਾ ਇੱਕ ਚੰਗਾ ਉਪਰਾਲਾ ਹੈ। ਜਿਸ ਨਾਲ ਉਹ ਬਾਹਰ ਦੀ ਜ਼ਿੰਦਗੀ ਜੀਅ ਰਹੇ ਹਨ ਅਤੇ ਪੈਟਰੋਲ ਪੰਪ 'ਤੇ ਤੇਲ ਪਵਾਉਣ ਆ ਰਹੇ ਆਮ ਲੋਕਾਂ ਨਾਲ ਮਿਲਜੁਲ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇੰਜ ਲੱਗਦਾ ਹੈ ਕਿ ਹੁਣ ਉਹ ਕੈਦੀ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਜੇਲ੍ਹ ਨਿਯਮਾਂ ਅਨੁਸਾਰ ਉਨ੍ਹਾਂ ਦਾ ਰਵੱਈਆ ਚੰਗਾ ਸੀ ਇਸ ਲਈ ਉਨ੍ਹਾਂ ਨੂੰ ਇਸ ਕੰਮ 'ਤੇ ਲਗਾਇਆ ਗਿਆ ਹੈ। ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਕਰਾਈਮ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਜੇਲ੍ਹ ਅੰਦਰ ਜ਼ਿੰਦਗੀ ਗੁਜ਼ਾਰਨਾ ਬਹੁਤ ਔਖਾ ਹੈ।
ਉੱਥੇ ਹੀ ਜੇਲ੍ਹ ਵਿਭਾਗ ਦੇ ਡੀ. ਐਸ. ਪੀ. ਕਮਲ ਕੁੰਵਰ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਪੰਜਾਬ ਜੇਲ੍ਹ ਵਿਭਾਗ ਦੇ ਸਹਿਯੋਗ ਨਾਲ ਇਕ ਡਿਵੈਲਪਮੈਂਟ ਬੋਰਡ ਦਾ ਗਠਨ ਕੀਤਾ ਹੈ ਜਿਸ ਦੇ ਸਹਿਯੋਗ ਨਾਲ ਇਹ ਦੂਸਰਾ ਪੈਟਰੋਲ ਪੰਪ ਖੋਲ੍ਹਿਆ ਗਿਆ ਹੈ। ਪਹਿਲਾਂ ਪੈਟਰੋਲ ਪੰਪ ਰੋਪੜ ਜੇਲ੍ਹ ਕੋ ਖੋਲ੍ਹਿਆ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਭਰ ਵਿੱਚ ਇਸ ਤਰ੍ਹਾਂ ਦੇ ਕਰੀਬ 9 ਪੈਟਰੋਲ ਪੰਪ ਹੋਰ ਖੋਲ੍ਹੇ ਜਾਣੇ ਹਨ। ਜਿੱਥੇ ਜੇਲ੍ਹ ਨਿਯਮਾਂ ਅਨੁਸਾਰ ਰਹਿਣ ਵਾਲੇ ਕੈਦੀਆਂ ਨੂੰ ਕੰਮ ਕਰਨ ਦਾ ਮੌਕਾ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਜੋ ਕੈਦੀ ਜੇਲ੍ਹ ਨਿਯਮਾਂ ਅਨੁਸਾਰ ਰਹੇ ਹਨ ਉਨ੍ਹਾਂ ਨੂੰ ਇਸ ਪੈਟਰੋਲ ਪੰਪ ਤੇ ਕੰਮ ਕਰਨ ਦਾ ਮੌਕਾ ਮਿਲਿਆ ਹੈ ਅਤੇ ਉਹ ਡਿਊਟੀ ਖ਼ਤਮ ਹੋਣ ਤੋਂ ਬਾਅਦ ਵਾਪਸ ਕੇਂਦਰੀ ਸੁਧਾਰ ਘਰ ਜਾਂਦੇ ਹਨ। ਇਨ੍ਹਾਂ ਦੀ ਨਿਗਰਾਨੀ ਲਈ ਪੁਲਿਸ ਮੁਲਾਜ਼ਮ ਵੀ ਤਾਇਨਾਤ ਕੀਤੇ ਗਏ ਹਨ।
WATCH LIVE TV