Punjab News: ਅਨੁਸੂਚਿਤ ਜਾਤੀਆਂ, ਪੱਛੜੀਆਂ ਜਾਤੀਆਂ ਅਤੇ ਘੱਟ ਗਿਣਤੀ ਵਰਗ ਦੇ ਵਿਕਾਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲਗਾਤਾਰ ਯਤਨਸ਼ੀਲ ਹੈ। ਇਸੇ ਲੜੀ ਤਹਿਤ ਅਨੁਸੂਚਿਤ ਜਾਤੀਆਂ, ਹੋਰ ਪੱਛੜੀਆਂ ਜਾਤੀਆਂ ਅਤੇ ਘੱਟ ਗਿਣਤੀ ਨਾਲ ਸਬੰਧਤ ਪੰਜਾਬ ਰਾਜ ਦੇ ਵਸਨੀਕ ਗ੍ਰੈਜੂਏਟ ਉਮੀਦਵਾਰਾਂ ਲਈ ਸਿਵਲ ਸੇਵਾਵਾਂ/ਪੀਸੀਐਸ (ਸ਼ੁਰੂਆਤੀ)-2024 ਪ੍ਰੀਖਿਆ ਲਈ ਮੁਫ਼ਤ ਸੰਯੁਕਤ ਕੋਚਿੰਗ ਕੋਰਸ ਲਈ 23 ਅਕਤੂਬਰ 2023 ਤੱਕ ਅਰਜ਼ੀਆਂ ਦੀ ਮੰਗ ਕੀਤੀ ਹੈ।


COMMERCIAL BREAK
SCROLL TO CONTINUE READING

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਅਨੁਸੂਚਿਤ ਜਾਤੀਆਂ, ਹੋਰ ਪੱਛੜੀਆਂ ਜਾਤੀਆਂ ਅਤੇ ਘੱਟ ਗਿਣਤੀ (ਮੁਸਲਿਮ, ਸਿੱਖ, ਈਸਾਈ, ਬੋਧੀ, ਜੋਰੋਸਟ੍ਰੀਅਨ ਅਤੇ ਜੈਨ) ਨਾਲ ਸਬੰਧਤ ਪੰਜਾਬ ਰਾਜ ਦੇ ਵਸਨੀਕ ਯੋਗ ਗ੍ਰੈਜੂਏਟ ਉਮੀਦਵਾਰਾਂ ਲਈ ਅੰਬੇਡਕਰ ਇੰਸਟੀਚਿਊਟ ਆਫ਼ ਕਰੀਅਰਜ਼ ਐਂਡ ਕੋਰਸਜ਼, ਫੇਜ਼ 3ਬੀ-II, ਐਸਏਐਸ ਨਗਰ ਵਿੱਚ ਸਿਵਲ ਸੇਵਾਵਾਂ/ਪੀ.ਸੀ.ਐਸ (ਸ਼ੁਰੂਆਤੀ)-2024 ਪ੍ਰੀਖਿਆ ਲਈ ਮੁਫਤ ਸੰਯੁਕਤ ਕੋਚਿੰਗ ਕੋਰਸ ਸ਼ੁਰੂ ਕੀਤੇ ਜਾਣੇ ਹਨ। ਇਸ ਕੋਰਸ ਵਿੱਚ ਦਾਖ਼ਲੇ ਦੇ ਚਾਹਵਾਨ ਉਮੀਦਵਾਰ ਦੇ ਪਰਿਵਾਰ ਦੀ ਸਾਰੇ ਸ੍ਰੋਤਾਂ ਤੋਂ ਆਮਦਨ 3.00 ਲੱਖ ਰੁਪਏ ਪ੍ਰਤੀ ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ।


ਡਾ. ਬਲਜੀਤ ਕੌਰ ਨੇ ਦੱਸਿਆ ਕਿ ਕੋਰਸ ਦੀਆਂ 40 ਸੀਟਾਂ ਵਿੱਚੋਂ 50 ਫੀਸਦ ਸੀਟਾਂ ਅਨੁਸੂਚਿਤ ਜਾਤੀਆਂ ਲਈ, 30 ਫ਼ੀਸਦ ਹੋਰ ਪੱਛੜੀਆਂ ਸ਼੍ਰੇਣੀਆਂ ਲਈ ਤੇ 20 ਫੀਸਦ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਉਮੀਦਵਾਰਾਂ ਲਈ ਰਾਖਵੀਆਂ ਹਨ, ਜਦਕਿ ਕਿ ਹਰੇਕ ਵਰਗ ਵਿੱਚ ਉਪਲਬਧ ਉਮੀਦਵਾਰਾਂ ਵਿੱਚ 30 ਫ਼ੀਸਦ ਔਰਤਾਂ ਅਤੇ 5 ਫ਼ੀਸਦ ਦਿਵਿਆਂਗ ਉਮੀਦਵਾਰ ਸ਼ਾਮਲ ਕੀਤੇ ਜਾਣਗੇ। ਚੁਣੇ ਗਏ ਉਮੀਦਵਾਰਾਂ ਨੂੰ ਸਰਕਾਰ ਅਨੁਸਾਰ ਮੁਫਤ ਕੋਚਿੰਗ, ਮੁਫਤ ਹੋਸਟਲ ਰਿਹਾਇਸ਼ ਅਤੇ ਵਿੱਤੀ ਸਹਾਇਤਾ ਦਿੱਤੀ ਜਾਵੇਗੀ।


ਕੈਬਨਿਟ ਮੰਤਰੀ ਨੇ ਦੱਸਿਆ ਕਿ ਉਮੀਦਵਾਰ ਦੀ ਚੋਣ, ਅੰਬੇਡਕਰ ਇੰਸਟੀਚਿਊਟ ਆਫ਼ ਕਰੀਅਰਜ਼ ਐਂਡ ਕੋਰਸਜ਼ , ਫੇਜ਼ 3-ਬੀ-2 , ਐਸ.ਏ.ਐਸ. ਨਗਰ, ਮੋਹਾਲੀ ਵਿਖੇ 27 ਅਕਤੂਬਰ 2023 ਨੂੰ ਸਵੇਰੇ 10.30 ਵਜੇ ਤੋਂ 11.30 ਵਜੇ ਤੱਕ ਹੋਣ ਵਾਲੀ ਮਾਨਸਿਕ ਯੋਗਤਾ, ਆਮ ਜਾਗਰੂਕਤਾ (ਇਤਿਹਾਸ, ਭੂਗੋਲ, ਭਾਰਤੀ ਰਾਜਨੀਤੀ, ਭਾਰਤੀ ਅਰਥਵਿਵਸਥਾ, ਰੋਜ਼ਾਨਾ ਵਿਗਿਆਨ, ਮੌਜੂਦਾ ਮਾਮਲੇ ਆਦਿ) ਦੇ ਔਬਜੈਕਟਿਵ ਟਾਈਪ ਟੈਸਟ ਦੇ ਆਧਾਰ ’ਤੇ ਕੀਤੀ ਜਾਵੇਗੀ।


ਟੈਸਟ ਦਾ ਸਮਾਂ ਇੱਕ ਘੰਟਾ ਹੋਵੇਗਾ। ਉਮੀਦਵਾਰ ਨੂੰ ਇੱਕ ਪਾਸਪੋਰਟ ਸਾਈਜ਼ ਫੋਟੋ ਅਤੇ ਇੱਕ ਫੋਟੋ ਆਈਡੀ ਸਬੂਤ ਜਿਵੇਂ ਕਿ ਆਧਾਰ ਕਾਰਡ, ਵੋਟਰ ਕਾਰਡ, ਡਰਾਈਵਿੰਗ ਲਾਇਸੈਂਸ ਆਦਿ, ਇੱਕ ਨੀਲੀ ਬਾਲ ਪੈਨ ਤੇ ਤਰਜੀਹੀ ਤੌਰ ’ਤੇ ਟੈਸਟ ਦੇ ਸਮੇਂ ਪੇਪਰ ਲਿਖਣ ਲਈ ਇੱਕ ਗੱਤਾ ਲਿਆਉਣਾ ਲਾਜ਼ਮੀ ਹੋਵੇਗਾ।


ਚਾਹਵਾਨ ਉਮੀਦਵਾਰ ਆਪਣਾ ਬਿਨੈ-ਪੱਤਰ ਸਮੇਤ ਸਰਟੀਫਿਕੇਟਾਂ ਦੀਆਂ ਸਵੈ-ਪ੍ਰਮਾਣਿਤ ਕਾਪੀਆਂ ਨੂੰ ਪ੍ਰਿੰਸੀਪਲ, ਅੰਬੇਡਕਰ ਇੰਸਟੀਚਿਊਟ ਆਫ ਕਰੀਅਰਜ਼ ਐਂਡ ਕੋਰਸ, ਫੇਜ਼ 3ਬੀ-2, ਐਸ.ਏ.ਐਸ. ਨਗਰ, ਮੋਹਾਲੀ ਦੇ ਦਫ਼ਤਰ ਵਿੱਚ 23 ਅਕਤੂਬਰ 2023 ਤੱਕ ਭੇਜ ਸਕਦੇ ਹਨ। ਮੰਤਰੀ ਨੇ ਅੱਗੇ ਦੱਸਿਆ ਕਿ ਦਾਖ਼ਲਾ ਪ੍ਰਕਿਰਿਆ ਯੋਗਤਾ ਦੀਆਂ ਸ਼ਰਤਾਂ ਅਤੇ ਹੋਰ ਵਿਸਤ੍ਰਿਤ ਜਾਣਕਾਰੀ ਵਿਭਾਗ ਦੀ ਵੈਬਸਾਈਡ www.welfarepunjab.gov.in ਤੇ ਉਪਲੱਬਧ ਹੈ।


ਇਹ ਵੀ ਪੜ੍ਹੋ : Assembly Elections 2023: 5 ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਲਈ ਤਾਰੀਕਾਂ ਦਾ ਐਲਾਨ, 3 ਦਸੰਬਰ ਨੂੰ ਆਉਣਗੇ ਨਤੀਜੇ