FCI Scam: ਬੋਰੀ ’ਚੋਂ 3 ਕਿਲੋ ਕਣਕ ਕੱਢ, ਪਾਣੀ ਨਾਲ ਭਿਓਂਕੇ ਵਜ਼ਨ ਕੀਤਾ ਜਾਂਦਾ ਸੀ ਪੂਰਾ
ਐੱਫ. ਸੀ. ਆਈ. ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਬੋਰੀਆਂ ’ਚੋਂ ਚੋਰੀ ਕੀਤਾ ਅਨਾਜ ਬਜ਼ਾਰ ’ਚ ਵੱਧ ਕੀਮਤ ’ਤੇ ਵੇਚ ਦਿੱਤਾ ਜਾਂਦਾ ਸੀ।
Operation wheat by CBI: ਸੀ. ਬੀ. ਆਈ. (CBI) ਦੁਆਰਾ ਭਾਰਤੀ ਖ਼ੁਰਾਕ ਨਿਗਮ ਦੇ ਦਫ਼ਤਰਾਂ ’ਚ ਮਾਰੇ ਗਏ ਛਾਪਿਆਂ ਤੋਂ ਬਾਅਦ ਨਿੱਤ ਨਵੇਂ ਖ਼ੁਲਾਸੇ ਹੋ ਰਹੇ ਹਨ। ਹੁਣ ਸਾਹਮਣੇ ਆਇਆ ਹੈ ਕਿ ਰਿਸ਼ਵਤਖੋਰੀ ਤੋਂ ਇਲਾਵਾ ਅਨਾਜ ਦੀ ਗੁਣਵੱਤਾ ਨਾਲ ਵੀ ਖਿਲਵਾੜ ਕੀਤਾ ਜਾਂਦਾ ਸੀ।
ਦੱਸਿਆ ਜਾ ਰਿਹਾ ਹੈ ਕਿ ਪੁਖ਼ਤਾ ਇਨਪੁਟ ਮਿਲਣ ਤੋਂ ਬਾਅਦ ਸੀਬੀਆਈ ਦੀ ਟੀਮ ਨੇ ਪੰਜਾਬ ਅਤੇ ਹਰਿਆਣਾ ਦੇ ਕਈ ਸ਼ਹਿਰਾਂ ’ਚ ਛਾਪੇਮਾਰੀ ਕੀਤੀ। ਸੀਬੀਆਈ ਨੂੰ FCI ਸਰਕਾਰੀ ਖ਼ਰੀਦ ਏਜੰਸੀ ’ਚ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਤੋਂ ਬਾਅਦ ਗੁਪਤ ਢੰਗ ਨਾਲ ਜਾਂਚ ਚੱਲ ਰਹੀ ਸੀ। ਇਹ ਵੀ ਸਾਹਮਣੇ ਆਇਆ ਕਿ ਤਕਰੀਬਨ ਪਿਛਲੇ 6 ਮਹੀਨਿਆਂ ਤੋਂ ਕੇਂਦਰੀ ਜਾਂਚ ਏਜੰਸੀ ਇਸ ਮਾਮਲੇ ’ਚ ਖ਼ੁਫੀਆ ਰਿਕਾਰਡ ਨੂੰ ਘੋਖ ਰਹੀ ਸੀ।
ਦੱਸ ਦੇਈਏ ਕਿ ਕੇਂਦਰੀ ਜਾਂਚ ਏਜੰਸੀ ਵਲੋਂ ਪਿਛਲੇ 2 ਦਿਨਾਂ ਦੌਰਾਨ 'ਆਪ੍ਰੇਸ਼ਨ ਵ੍ਹੀਟ' (Operation Wheat) ਤਹਿਤ ਛਾਪੇਮਾਰੀ ਕਰਕੇ FCI ਅਧਿਕਾਰੀਆਂ ਅਤੇ ਸ਼ੈਲਰ ਮਾਲਕਾਂ ਦੀ ਮਿਲੀਭੁਗਤ ਨਾਲ ਕੀਤੇ ਜਾ ਰਹੇ ਕਰੋੜਾਂ ਦੇ ਘਪਲੇ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ’ਚ ਹੁਣ ਤੱਕ ਸੀਬੀਆਈ ਦੁਆਰਾ ਪੰਜਾਬ ’ਚ 90 ਥਾਵਾਂ ’ਤੇ ਛਾਪੇ ਮਾਰੇ ਗਏ ਸਨ, ਜਿਸ ’ਚ ਕਾਰਜਕਾਰੀ ਨਿਰਦੇਸ਼ਕ ਸੁਦੀਪ ਸਿੰਘ ਸਮੇਤ 75 ਅਧਿਕਾਰੀਆਂ ’ਤੇ ਮਾਮਲਾ ਦਰਜ ਕੀਤਾ ਗਿਆ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ 50 ਕਿਲੋ ਦੀ ਬੋਰੀ ’ਚੋਂ 3 ਕਿਲੋ ਕਣਕ ਕੱਢ ਲਈ ਜਾਂਦੀ ਸੀ, ਅਤੇ ਜਿਨ੍ਹਾਂ ਵਜ਼ਨ ਘੱਟ ਹੁੰਦਾ ਸੀ, ਉਸ ਅਨੁਸਾਰ ਪਾਣੀ ਨਾਲ ਕਣਕ ਨੂੰ ਗਿੱਲਾ ਕਰ ਦਿੱਤਾ ਜਾਂਦਾ ਸੀ। ਐੱਫ. ਸੀ. ਆਈ. ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਬੋਰੀਆਂ ’ਚੋਂ ਚੋਰੀ ਕੀਤਾ ਅਨਾਜ ਬਜ਼ਾਰ ’ਚ ਵੱਧ ਕੀਮਤ ’ਤੇ ਵੇਚ ਦਿੱਤਾ ਜਾਂਦਾ ਸੀ।
ਦੱਸ ਦੇਈਏ ਕਿ ਐੱਫ. ਸੀ. ਆਈ. ਸਰਕਾਰੀ ਏਜੰਸੀ ਹੈ ਜੋ ਕਿਸਾਨਾਂ ਤੋਂ ਅਨਾਜ ਖ਼ਰੀਦਣ ਤੋਂ ਬਾਅਦ ਚੌਲਾਂ ਤੋਂ ਛਿਲਕਾ ਵੱਖ ਕਰਨ ਲਈ ਸ਼ੈਲਰ ਮਾਲਕਾਂ ਨੂੰ ਭੇਜਦੀ ਹੈ।
ਦੱਸਿਆ ਜਾਂਦਾ ਹੈ ਕਿ ਘਟੀਆ ਮਿਆਰ (Low Quality) ਵਾਲੇ ਅਨਾਜ ਢੋਣ ਵਾਲੇ ਹਰੇਕ ਟਰੱਕ ਪਿੱਛੇ FCI ਦੇ ਅਫ਼ਸਰ ਅਤੇ ਕਰਮਚਾਰੀ ਦੀ ਰਿਸ਼ਵਤ ਤੈਅ ਹੁੰਦੀ ਸੀ। ਇਸ ਰਿਸ਼ਵਤ ਦਾ 30 ਫ਼ੀਸਦ ਹਿੱਸਾ ਡਿੱਪੂ ਮੈਨੇਜਰ ਰੱਖਦਾ ਸੀ ਅਤੇ 70 ਫ਼ੀਸਦ ਬਾਕੀ ਸਟਾਫ਼ ’ਚ ਵੰਡ ਦਿੱਤਾ ਜਾਂਦਾ ਸੀ।
ਇਸ ਦੌਰਾਨ ਹੋਰ ਖ਼ੁਲਾਸਾ ਹੋਇਆ ਹੈ ਕਿ ਸਰਕਾਰੀ ਸਕੂਲਾਂ ’ਚ ਬੱਚਿਆਂ ਨੂੰ ਮਿੱਡ-ਡੇਅ-ਮੀਲ ’ਚ ਦਿੱਤੇ ਜਾਣ ਵਾਲੇ ਭੋਜਨ ਦਾ ਕੰਮ ਵੀ FCI ਦੇ ਕੋਲ ਸੀ। ਇਸ ਦੌਰਾਨ ਸਾਹਮਣੇ ਆਇਆ ਕਿ ਮਿੱਡ-ਡੇਅ-ਮੀਲ ਯੋਜਨਾ ’ਚ ਵੀ ਘਟੀਆ ਮਿਆਰ (Low Quality) ਵਾਲਾ ਅਨਾਜ ਸਪਲਾਈ ਕੀਤਾ ਜਾਂਦਾ ਸੀ ਅਤੇ ਵਧੀਆ ਗੁਣਵੱਤਾ ਵਾਲਾ ਅਨਾਜ (ਕਣਕ ਅਤੇ ਚੌਲ) ਵੱਧ ਕੀਮਤ ’ਤੇ ਬਜ਼ਾਰ ’ਚ ਵੇਚਿਆ ਗਿਆ।
ਇਹ ਵੀ ਪੜ੍ਹੋ: ਪੁਲਿਸ ਕਾਂਸਟੇਬਲ ਦੇ ਕਤਲ ’ਚ ਸ਼ਾਮਲ ਗੈਂਗਸਟਰ ਜੋਰਾ ਦਾ ਇਨਕਾਊਂਟਰ, AIG ਗੋਇਲ ਵਾਲ-ਵਾਲ ਬਚੇ