Waqf Act News: ਬੀਤੇ ਦਿਨੀਂ ਰਾਜ ਸਭਾ ਵਿੱਚ ਭਾਜਪਾ ਦੇ ਰਾਜ ਸਭਾ ਦੇ ਮੈਂਬਰ ਸ਼੍ਰੀ ਹਰਨਾਥ ਯਾਦਵ ਵੱਲੋਂ ਵਕਫ ਐਕਟ 1995 ਖਿਲਾਫ਼ ਪੇਸ਼ ਕੀਤੇ ਗਏ ਇੱਕ ਨਿੱਜੀ ਬਿਲ ਦਾ ਵਿਰੋਧ ਕਰਦੇ ਹੋਏ ਅੱਜ ਇੱਥੇ ਭਾਰਤ ਦੇ ਸੁਤੰਤਰਤਾ ਸੰਗਰਾਮ ਵਿੱਚ ਸ਼ਾਮਲ ਰਹੀ ਮਸ਼ਹੂਰ ਪਾਰਟੀ ਮਜਲਿਸ ਅਹਿਰਾਰ ਇਸਲਾਮ ਹਿੰਦ ਦੇ ਕੌਮੀ ਪ੍ਰਧਾਨ ਅਤੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਇਸ ਨੂੰ ਅਫਸੋਸਨਾਕ ਕਰਾਰ ਦਿੱਤਾ ਹੈ।


COMMERCIAL BREAK
SCROLL TO CONTINUE READING

ਸ਼ਾਹੀ ਇਮਾਮ ਨੇ ਕਿਹਾ ਕਿ ਵਕਫ਼ ਐਕਟ 1995 ਦੇਸ਼ ਭਰ ਵਿੱਚ ਵਕਫ਼ ਜਾਇਦਾਦਾਂ ਦੀ ਸੁਰੱਖਿਆ ਲਈ ਬਣਾਇਆ ਗਿਆ ਇੱਕ ਕਾਨੂੰਨ ਹੈ। ਇਹ ਕਾਨੂੰਨ ਕਿਸੇ ਵੀ ਤਰ੍ਹਾਂ ਕਿਸੇ ਦੂਜੇ ਦੀ ਜਾਇਦਾਦ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ ਬਲਕਿ ਵਕਫ਼ ਜਾਇਦਾਦਾਂ ਉਤੇ ਹੋਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ''ਚ ਲਾਮਵੰਦ ਸਾਬਤ ਹੁੰਦਾ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਵਕਫ ਐਕਟ 1995 ਨੂੰ ਬਦਲਣ ਦਾ ਮਤਲਬ ਹੁਣ ਬੋਰਡ ਨੂੰ ਕਮਜ਼ੋਰ ਕਰਨਾ ਹੋਵੇਗਾ।


ਉਨ੍ਹਾਂ ਕਿਹਾ ਕਿ ਪਹਿਲਾਂ ਹੀ ਦੇਸ਼ ਭਰ ਵਿੱਚ ਲੱਖਾਂ ਵਕਫ਼ ਜਾਇਦਾਦਾਂ ਉਤੇ ਨਾਜਾਇਜ਼ ਕਬਜ਼ੇ ਹੋ ਚੁੱਕੇ ਹਨ ਜਿਨ੍ਹਾਂ ਦੇ ਮੁਕੱਦਮੇ ਅਜੇ ਵੀ ਅਦਾਲਤਾਂ ਵਿੱਚ ਪੈਂਡਿੰਗ ਚਲ ਰਹੇ ਹਨ। ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਰਾਜ ਸਭਾ ਵਿੱਚ ਪੇਸ਼ ਕੀਤੇ ਗਏ ਇਸ ਨਿੱਜੀ ਬਿਲ ਨੂੰ ਰੱਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਵਕਫ਼ ਦੀਆਂ ਜਾਇਦਾਦਾਂ ਮੁਸਲਿਮ ਭਾਈਚਾਰੇ ਦੀ ਸਿੱਖਿਆ ਪ੍ਰਣਾਲੀ ਤੇ ਧਾਰਮਿਕ ਸੰਸਥਾਵਾਂ ਨੂੰ ਚਲਾਉਣ ਵਿੱਚ ਕਾਫੀ ਹੱਦ ਤੱਕ ਮਦਦਗਾਰ ਸਾਬਤ ਹੁੰਦੀਆਂ ਹਨ।


ਇਨ੍ਹਾਂ ਜਾਇਦਾਦਾਂ ਨਾਲ ਛੇੜਛਾੜ ਕਰਨਾ ਕਿਸੇ ਵੀ ਤਰ੍ਹਾਂ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਰ ਦੇ ਮੁਸਲਮਾਨ ਵਕਫ਼ ਐਕਟ 1995 ਦੇ ਵਿਰੁੱਧ ਲਿਆਂਦੇ ਗਏ ਇਸ ਨਿੱਜੀ ਬਿਲ ਦਾ ਵਿਰੋਧ ਕਰਦੇ ਹਨ ਅਤੇ ਵਿਸ਼ੇਸ਼ ਤੌਰ ਉਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕਰਦੇ ਹਨ ਕਿ ਇਸ ਐਕਟ ਨੂੰ ਬਦਲਣ ਦੀ ਪ੍ਰਕਿਰਿਆ ਨੂੰ ਤੁਰੰਤ ਰੋਕਿਆ ਜਾਵੇ। ਜ਼ਿਕਰਯੋਗ ਹੈ ਕਿ ਭਾਰਤ ਵਿੱਚ 1964 ਵਿੱਚ ਜਦੋਂ ਵਕਫ਼ ਜਾਇਦਾਦਾਂ ਦੀ ਦੇਖ-ਭਾਲ ਕਰਨ ਲਈ ਵਕਫ਼ ਬੋਰਡ ਦਾ ਗਠਨ ਕੀਤਾ ਗਿਆ ਸੀ ਜੋ ਕਿ ਹਰ ਇੱਕ ਸੂਬੇ ਵਿੱਚ ਬਣਾਇਆ ਗਿਆ ਸੀ ਅਤੇ ਵਕਫ਼ ਐਕਟ 1995 ਇੱਕ ਅਜਿਹਾ ਕਾਨੂੰਨ ਹੈ ਜਿਸ ਰਾਹੀਂ ਵਕਫ਼ ਬੋਰਡ ਆਪਣੀ ਕਿਸੇ ਵੀ ਜਾਇਦਾਦ ਉਤੇ ਕਾਨੂੰਨੀ ਤੌਰ ਉਤੇ ਆਪਣਾ ਅਧਿਕਾਰ ਜਤਾਉਂਦਾ ਹੈ।


ਜੇ ਜਾਇਦਾਦ ਵਕਫ਼ ਦੀ ਨਹੀਂ ਹੁੰਦੀ ਤਾਂ ਜਾਇਦਾਦ ਦੇ ਮਾਲਕਾਂ ਨੂੰ ਅਦਾਲਤ ਵਿੱਚ ਇਹ ਸਾਬਤ ਕਰਨਾ ਪਵੇਗਾ ਕਿ ਇਹ ਜਾਇਦਾਦ ਉਨ੍ਹਾਂ ਦੀ ਹੈ। ਵਕਫ਼ ਐਕਟ 1995 ਨੂੰ ਹੁਣ ਕੁਝ ਤਾਕਤਾਂ ਇਸ ਲਈ ਵੀ ਬਦਲਣਾ ਚਾਹੁੰਦੀਆਂ ਹਨ ਕਿਉਂਕਿ ਵੱਡੀ ਗਿਣਤੀ ਵਿੱਚ ਵਕਫ਼ ਜਾਇਦਾਦਾਂ ਉਤੇ ਕਬਜ਼ੇ ਹਨ ਤੇ ਜੇ ਇਸ ਵਕਫ਼ ਐਕਟ ਨੂੰ ਬਦਲਿਆ ਜਾਂਦਾ ਹੈ ਤਾਂ ਕਿਤੇ ਨਾ ਕਿਤੇ ਕਬਜ਼ਾਧਾਰੀਆਂ ਨੂੰ ਉਨ੍ਹਾਂ ਸਾਰੀਆਂ ਜਾਇਦਾਦਾਂ ਉਤੇ ਹਮੇਸ਼ਾ ਲਈ ਆਪਣਾ ਕਬਜ਼ਾ ਮਿਲ ਜਾਵੇਗਾ।


ਇਹ ਵੀ ਪੜ੍ਹੋ : Punjab News: ਵਿਜੀਲੈਂਸ ਦੀ ਵੱਡੀ ਕਾਰਵਾਈ; ਪੀਪੀਐਸਸੀ ਦੇ ਸਾਬਕਾ ਮੈਂਬਰ ਤੇ ਸਾਬਕਾ ਵਿਧਾਇਕ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ