ਕੇਂਦਰ ਸਰਕਾਰ ਨੇ ਪੰਜਾਬ ਨੂੰ ਪਰਾਲ਼ੀ ਦੀ ਸੰਭਾਲ ਲਈ ਭੇਜੇ 221 ਕਰੋੜ ਰੁਪਏ ਦਾ ਮੰਗਿਆ ਹਿਸਾਬ
ਆਮ ਆਦਮੀ ਪਾਰਟੀ ਵਲੋਂ ਪਰਾਲ਼ੀ ਦੇ ਮੁੱਦੇ ਕੇਂਦਰ ਸਰਕਾਰ ਨੂੰ ਘੇਰੇ ਜਾਣ ਤੋਂ ਬਾਅਦ ਭਾਜਪਾ ਆਗੂ ਸੁਨੀਲ ਜਾਖੜ ਨੇ ਮੋਰਚਾ ਸੰਭਾਲਿਆ ਹੈ।
ਚੰਡੀਗੜ੍ਹ: ਆਮ ਆਦਮੀ ਪਾਰਟੀ ਵਲੋਂ ਪਰਾਲ਼ੀ ਦੇ ਮੁੱਦੇ ਕੇਂਦਰ ਸਰਕਾਰ ਨੂੰ ਘੇਰੇ ਜਾਣ ਤੋਂ ਬਾਅਦ ਭਾਜਪਾ ਆਗੂ ਸੁਨੀਲ ਜਾਖੜ ਨੇ ਮੋਰਚਾ ਸੰਭਾਲਿਆ ਹੈ।
ਆਮ ਆਦਮੀ ਪਾਰਟੀ ਪਰਾਲ਼ੀ ਦੇ ਮੁੱਦੇ ’ਤੇ ਅਪਨਾ ਰਹੀ ਦੋਹਰੇ ਮਾਪਦੰਡ: ਜਾਖੜ
ਸਾਬਕਾ ਸੰਸਦ ਮੈਂਬਰ ਅਤੇ ਭਾਜਪਾ ਆਗੂ ਸੁਨੀਲ ਜਾਖੜ ਨੇ ਪਰਾਲ਼ੀ ਦਾ ਕੋਈ ਠੋਸ ਹੱਲ ਨਾ ਕੀਤੇ ਜਾਣ ’ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੀ 'ਆਪ' ਸਰਕਾਰ ਨੂੰ ਦੋਸ਼ੀ ਠਹਿਰਾਇਆ ਹੈ। ਪਾਰਟੀ ਲੀਡਰਸ਼ਿੱਪ ਵਲੋਂ ਪਰਾਲ਼ੀ ਦੇ ਮੁੱਦੇ ’ਤੇ ਅਪਨਾਏ ਜਾ ਰਹੇ ਦੋਹਰੇ ਮਾਪਦੰਡਾਂ ’ਤੇ ਜਾਖੜ ਨੇ ਸਵਾਲ ਚੁੱਕਦਿਆਂ ਕਿਹਾ ਕਿ ਪੰਜਾਬ ’ਚ ਪਰਾਲ਼ੀ ਪ੍ਰਬੰਧਨ ਲਈ ਪਹਿਲਾਂ ਤੋਂ ਕੋਈ ਵਿਊਂਤਬੰਦੀ ਨਹੀਂ ਕੀਤੀ ਗਈ।
ਪੰਜਾਬ ’ਚ ਸਰਕਾਰ ਬਣਨ ਤੋਂ ਬਾਅਦ ਬਦਲੇ ਕੇਜਰੀਵਾਲ ਦੇ ਬੋਲ: ਜਾਖੜ
ਭਾਜਪਾ ਪਾਰਟੀ ਦੁਆਰਾ ਜਾਰੀ ਕੀਤੇ ਬਿਆਨ ’ਚ ਜਾਖੜ ਨੇ ਕਿਹਾ ਸਾਲ ਪਹਿਲਾਂ ਦਿੱਲੀ ਦੇ CM ਕੇਜਰੀਵਾਲ ਤੱਤਕਾਲੀ ਕਾਂਗਰਸ ਸਰਕਾਰ ਅਤੇ ਪੰਜਾਬ ਦੇ ਕਿਸਾਨਾਂ ਨੂੰ ਪਰਾਲ਼ੀ ਦੇ ਧੂੰਏ ਲਈ ਜ਼ਿੰਮੇਵਾਰ ਦੱਸ ਰਹੇ ਸਨ। ਪਰ ਹੁਣ ਜਿਵੇਂ ਹੀ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ’ਚ ਆਈ ਤਾਂ ਕੁਝ ਕਰ ਕੇ ਦਿਖਾਉਣ ਦੀ ਥਾਂ ਉਨ੍ਹਾਂ ਦੇ ਬੋਲ ਹੀ ਬਦਲ ਗਏ ਹਨ।
ਕੇਂਦਰ ਵਲੋਂ ਪਰਾਲੀ ਪ੍ਰਬੰਧਨ ਲਈ ਭੇਜੇ ਫ਼ੰਡ ਦੀ ਦੁਰਵਰਤੋ ਹੋਈ: ਜਾਖੜ
'ਆਪ' ਲੀਡਰਸ਼ਿਪ ਸਿਰਫ਼ ਝੂਠੀਆਂ ਤੋਹਮਤਾਂ ਲਗਾਉਣ ’ਚ ਵਿਸ਼ਵਾਸ ਰੱਖਦੀ ਹੈ ਜਦਕਿ ਜ਼ਮੀਨੀ ਪੱਧਰ ’ਤੇ ਕੁਝ ਨਹੀਂ ਕਰ ਰਹੀ। ਉਨ੍ਹਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਰਾਲੀ ਪ੍ਰਬੰਧਨ ਲਈ ਮਸ਼ੀਨਾਂ ਉਪਲਬੱਧ ਕਰਵਾਉਣ ਲਈ ਫੰਡ ਮੁਹਈਆ ਕਰਵਾਏ ਜਾਣ ਦੇ ਬਾਵਜੂਦ ਪੰਜਾਬ ਦੇ ਕਿਸਾਨਾਂ ਨੂੰ ਨਾ ਤਾਂ ਸਮੇਂ ਸਿਰ ਮਸ਼ੀਨਾਂ ਮੁਹਈਆ ਕਰਵਾਈਆਂ ਗਈਆਂ ਅਤੇ ਨਾ ਹੀ ਜ਼ੋ ਮਸ਼ੀਨਾਂ ਉਪਲਬੱਧ ਹਨ ਉਨ੍ਹਾਂ ਦੀ ਸਹੀ ਵਰਤੋਂ ਹੋ ਸਕੇ ਇਸ ਲਈ ਕੋਈ ਕਾਰਜਯੋਜਨਾ ਬਣਾਈ ਗਈ ਹੈ।
ਪੰਜਾਬ ’ਚ ਸਰਕਾਰ ਨੇ ਜ਼ਮੀਨੀ ਪੱਧਰ ’ਤੇ ਕੀਤੀ ਜਾਣ ਵਾਲੀ ਯੋਜਨਾਬੰਦੀ ਤਾਂ ਸਮਾਂ ਰਹਿੰਦਿਆ ਕੀਤੀ ਨਹੀਂ ਉਲਟਾ ਹੁਣ ਨੰਬਰਦਾਰਾਂ ਅਤੇ ਛੋਟੇ ਅਧਿਕਾਰੀਆਂ ਨੂੰ ਪਰਾਲ਼ੀ ਸਾੜਨ ਦੇ ਮੁੱਦੇ ’ਤੇ ਜ਼ਿੰਮੇਵਾਰ ਠਹਿਰਾ ਕੇ ਆਪਣੀਆਂ ਗਲਤੀਆਂ ਦਾ ਠੀਕਰਾ ਕਿਸੇ ਹੋਰ ਦੇ ਸਿਰ ’ਤੇ ਭੰਨਣ ਦਾ ਯਤਨ ਕਰ ਰਹੀ ਹੈ।
ਕੇਜਰੀਵਾਲ ਦੀ ਬਾਇਓ ਡਿਕੰਪੋਜਰ ਤਕਨੀਕ ਫੇਲ੍ਹ ਸਾਬਤ ਹੋਈ: ਜਾਖੜ
ਭਾਜਪਾ ਆਗੂ ਨੇ ਦਿੱਲੀ ਸਰਕਾਰ ਦੇ ਇਸ਼ਤਿਹਾਰਬਾਜੀ ਸਟੰਟ ’ਤੇ ਤੰਜ ਕਸਦਿਆਂ ਕਿਹਾ ਕਿ ਪਿਛਲੇ ਦੋ ਸਾਲਾਂ ’ਚ ਦਿੱਲੀ ਸਰਕਾਰ ਨੇ ਦਿੱਲੀ ਦੇ ਕਿਸਾਨਾਂ ਨੂੰ ਡਿਕੰਪੋਜਰ ਨਾਲ ਪਰਾਲੀ ਪ੍ਰਬੰਧਨ ਲਈ 68 ਲੱਖ ਰੁਪਏ ਖਰਚ ਕੀਤੇ ਪਰ ਇਸ ਸਬੰਧੀ ਕੀਤੀ ਜਾਣ ਵਾਲੀ ਇਸ਼ਤਿਹਾਰਬਾਜੀ ’ਤੇ ਹੀ 23 ਕਰੋੜ ਰੁਪਏ ਬਰਬਾਦ ਕਰ ਦਿੱਤੇ। ਅਸਲ ਸੱਚਾਈ ਇਹ ਹੈ ਕਿ ਕੇਜਰੀਵਾਲ ਦੀ ਬਾਇਓ ਡਿਕੰਪੋਜਰ ਤਕਨੀਕ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ, ਜਿਸ ਕਾਰਨ ਉਸ ਤਕਨੀਕ ਦਾ ਪ੍ਰਚਾਰ ਨਹੀਂ ਕੀਤਾ ਜਾ ਰਿਹਾ।