ETT Cadre Protest: ਈਟੀਟੀ 5944 ਕਾਡਰ ਵੱਲੋਂ  ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਪਿੰਡ ਦੇ ਬਾਹਰ ਚੰਡੀਗੜ੍ਹ-ਊਨਾ ਮੁੱਖ ਮਾਰਗ ਨੂੰ ਜਾਮ ਕਰ ਦਿੱਤਾ ਗਿਆ। ਈਟੀਟੀ 5994 ਆਪਣੀ ਭਰਤੀ ਸਬੰਧੀ "ਪੇਪਰ ਏ" ਦੀ ਪ੍ਰੀਖਿਆ 28 ਜੁਲਾਈ ਨੂੰ ਰੱਖਣ ਦਾ ਵਿਰੋਧ ਕਰ ਰਹੇ ਹਨ ਹਨ। ਇਨ੍ਹਾਂ ਦਾ ਕਹਿਣਾ ਹੈ ਕਿ ਪ੍ਰੀਖਿਆ ਜੂਨ ਮਹੀਨੇ ਹੀ ਲੈ ਲਈ ਜਾਵੇ। ਕਰੀਬ ਦੋ ਘੰਟੇ ਦੇ ਜਾਮ ਤੋਂ ਬਾਅਦ ਪ੍ਰਸ਼ਾਸਨ ਨਾਲ ਇਸ ਸਹਿਮਤੀ ਉਤੇ ਜਾਮ ਖੋਲ੍ਹਿਆ ਗਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਾਈਸ ਚਾਂਸਲਰ, ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਤੇ ਸਿੱਖਿਆ ਵਿਭਾਗ ਦੇ ਆਲਾ ਅਧਿਕਾਰੀਆਂ ਨਾਲ ਮੀਟਿੰਗ ਹੋਵੇਗੀ। 


COMMERCIAL BREAK
SCROLL TO CONTINUE READING

ਆਗੂਆਂ ਨੇ ਕਿਹਾ ਕਿ ਜੇ ਮੀਟਿੰਗ ਦੌਰਾਨ ਵੀ ਸਰਕਾਰ ਨੇ ਕੋਈ ਢੁੱਕਵਾਂ ਹੱਲ ਨਾ ਕੱਢਿਆ ਤਾਂ ਨੰਗਲ-ਚੰਡੀਗੜ੍ਹ ਹਾਈਵੇ ਅਣਮਿੱਥੇ ਸਮੇਂ ਲਈ ਜਾਮ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਸ਼ਤਿਹਾਰਬਾਜ਼ੀ ਵਿੱਚ ਤਾਂ ਪੰਜਾਬ ਦੇ ਸਮੁੱਚੇ ਨੌਜਵਾਨਾਂ ਨੂੰ ਨੌਕਰੀ ਦੇ ਚੁੱਕੀ ਹੈ ਜਦਕਿ ਅਸਲ ਸੱਚਾਈ ਕੋਹਾਂ ਦੂਰ ਹੈ।
ਪੰਜਾਬ ਸਰਕਾਰ ਦੇ ਸਕੂਲੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਈਟੀਟੀ 5994 ਕਾਡਰ ਨਾਲ ਕੀਤੇ ਵਾਅਦੇ ਮੁਤਾਬਿਕ ਮੰਗਲਵਾਰ ਨੂੰ ਪ੍ਰੀਖਿਆ ਮਿਤੀ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ।


ਜਿਸ ਦੇ ਰੋਸ ਵਜੋਂ ਸਮੁੱਚੇ ਈਟੀਟੀ ਕਾਡਰ ਨੇ ਦੁਪਹਿਰ ਤਿੰਨ ਵਜੇ 43 ਡਿਗਰੀ ਟੈਂਪਰੇਚਰ ਦੇ ਬਾਵਜੂਦ ਨੰਗਲ-ਚੰਡੀਗੜ੍ਹ ਹਾਈਵੇ ਜਾਮ ਕਰਦਿਆਂ ਪੰਜਾਬ ਸਰਕਾਰ ਤੇ ਸਿੱਖਿਆ ਮੰਤਰੀ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਹਾਈਵੇ 'ਤੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਇਸ ਕਾਰਨ ਰਾਹਗੀਰਾਂ ਨੂੰ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਈਟੀਟੀ 5994 ਕਾਡਰ ਵੱਲੋਂ ਰੋਡ ਜਾਮ ਕਰਨ ਦੇ ਕੀਤੇ ਐਲਾਨ ਤਹਿਤ ਮੰਗਲਵਾਰ ਨੂੰ ਸਵੇਰ ਤੋਂ ਹੀ ਪਿੰਡ ਗੰਭੀਰਪੁਰ ਪੁਲਿਸ ਛਾਉਣੀ ਬਣਿਆ ਰਿਹਾ। ਜਿੱਥੇ ਸਿਵਲ ਪ੍ਰਸ਼ਾਸਨ ਸਮੇਤ ਵੱਡੀ ਗਿਣਤੀ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਸਮੇਤ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਮੌਜੂਦ ਰਹੇ।
ਦੱਸਣਯੋਗ ਹੈ ਕਿ ਈਟੀਟੀ ਟੈਟ ਪਾਸ ਬੇਰੁਜ਼ਗਾਰ 5994 ਅਧਿਆਪਕ ਯੂਨੀਅਨ ਵੱਲੋਂ ਐਤਵਾਰ ਨੂੰ ਸਿੱਖਿਆ ਮੰਤਰੀ ਦੇ ਪਿੰਡ ਰੋਸ ਧਰਨਾ ਦਿੱਤਾ ਗਿਆ ਸੀ। ਜਿਸ ਦੌਰਾਨ ਸਿੱਖਿਆ ਮੰਤਰੀ ਨੇ ਉਕਤ ਧਰਨਾਕਾਰੀਆਂ ਨੂੰ ਮੰਗਲਵਾਰ ਨੂੰ ਹੋਣ ਵਾਲੀ ਮੀਟਿੰਗ ਦੌਰਾਨ ਪ੍ਰੀਖਿਆ ਮਿਤੀ 28 ਜੁਲਾਈ ਤੋਂ ਬਦਲ ਕੇ ਜੂਨ ਮਹੀਨੇ ਦੇ ਅਖੀਰ ਵਿੱਚ ਜਾਂ ਜੁਲਾਈ ਦੇ ਪਹਿਲੇ ਹਫ਼ਤੇ ਕਰਨ ਦਾ ਵਾਅਦਾ ਕੀਤਾ ਸੀ ਪਰ ਮੰਗਲਵਾਰ ਨੂੰ ਮੀਟਿੰਗ ਦੌਰਾਨ ਪ੍ਰੀਖਿਆ ਮਿਤੀ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ।


ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਆਪਣੇ ਵਾਅਦਿਆਂ ਤੋਂ ਮੁਕਰਨ ਦੀ ਰਵਾਇਤ ਨੂੰ ਕਾਇਮ ਰੱਖਦਿਆ ਸਿੱਖਿਆ ਮੰਤਰੀ ਨੇ ਅੱਜ ਮੁੜ ਤੋਂ ਸਮੁੱਚੇ ਈਟੀਟੀ ਕਾਡਰ ਨਾਲ ਧੋਖਾ ਕੀਤਾ ਹੈ। ਜਿਸ ਕਾਰਨ ਉਨ੍ਹਾਂ ਨੂੰ ਨੰਗਲ ਚੰਡੀਗੜ੍ਹ ਹਾਈਵੇ ਜਾਮ ਕਰਨ ਲਈ ਮਜਬੂਰ ਹੋਣਾ ਪਿਆ ਹੈ। ਆਗੂਆਂ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਯੂਨੀਅਨ ਆਗੂਆਂ ਨਾਲ ਹੋਈਆਂ ਮੀਟਿੰਗਾਂ ਦੌਰਾਨ ਉਕਤ ਪੇਪਰ ਜੂਨ ਮਹੀਨੇ ਦੇ ਅੰਦਰ ਅੰਦਰ ਕੰਡਕਟ ਕਰਵਾਏ ਜਾਣ ਦਾ ਦਾਅਵਾ ਕੀਤਾ ਸੀ ਪਰ ਹੁਣ ਜਦੋਂ ਪੇਪਰ ਸਬੰਧੀ 5 ਜੂਨ 2024 ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਤਾਂ ਪ੍ਰੀਖਿਆ ਦੀ ਮਿਤੀ ਲਗਭਗ ਦੋ ਮਹੀਨੇ ਅੱਗੇ 28 ਜੁਲਾਈ ਨਿਰਧਾਰਤ ਕਰ ਦਿੱਤੀ ਗਈ ਹੈ। ਆਗੂਆਂ ਨੇ ਆਖਿਆ ਕਿ ਉਕਤ 5994 ਭਰਤੀ ਪਹਿਲਾਂ ਹੀ ਡੇਢ ਸਾਲ ਸਾਲ ਤੋਂ ਕੋਰਟ ਵਿੱਚ ਰੁਲ ਰਹੀ ਹੈ ਤੇ ਹੁਣ ਫਿਰ ਪੰਜਾਬ ਸਰਕਾਰ ਜਾਣਬੁੱਝ ਕੇ ਪ੍ਰੀਖਿਆ ਦੀ ਮਿਤੀ ਅੱਗੇ ਪਾ ਕੇ ਡੰਗ ਟਪਾਊ ਨੀਤੀ ਤਹਿਤ ਕੰਮ ਕਰ ਰਹੀ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜੇ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਨੌਕਰੀ ਦਿੱਤੀ ਹੁੰਦੀ ਤਾਂ ਅੱਜ ਸੜਕ ਜਾਮ ਨਾ ਕਰਦੇ।


ਨੰਗਲ-ਚੰਡੀਗੜ੍ਹ ਹਾਈਵੇ ਜਾਮ ਦੌਰਾਨ ਉੱਥੇ ਮੌਜੂਦ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਅੱਜ ਬੁੱਧਵਾਰ ਨੂੰ ਮੀਟਿੰਗ ਦੇ ਦਿੱਤੇ ਭਰੋਸੇ ਮਗਰੋਂ ਈਟੀਟੀ 5994 ਯੂਨੀਅਨ ਨੇ ਜਾਮ ਖੋਲ੍ਹ ਕੇ ਅਵਾਜਾਈ ਬਹਾਲ ਕਰ ਦਿੱਤੀ। ਵਾਅਦੇ ਮੁਤਾਬਿਕ ਅੱਜ ਯੂਨੀਅਨ ਆਗੂਆਂ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਾਈਸ ਚਾਂਸਲਰ, ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਅਤੇ ਸਿੱਖਿਆ ਵਿਭਾਗ ਦੇ ਆਲਾ ਅਧਿਕਾਰੀਆਂ ਨਾਲ ਮੀਟਿੰਗ ਹੋਵੇਗੀ।  ਆਗੂਆਂ ਨੇ ਮੁੜ ਤੋਂ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜੇਕਰ ਅੱਜ ਹੋਣ ਵਾਲੀ ਮੀਟਿੰਗ ਦੌਰਾਨ ਵੀ ਸਰਕਾਰ ਨੇ ਕੋਈ ਢੁਕਵਾਂ ਹੱਲ ਨਾ ਕੱਢਿਆ ਤਾਂ ਨੰਗਲ-ਚੰਡੀਗੜ੍ਹ ਹਾਈਵੇ ਅਣਮਿਥੇ ਸਮੇਂ ਲਈ ਜਾਮ ਕੀਤਾ ਜਾਵੇਗਾ।