ਮੂਸੇਵਾਲਾ ਦੇ ਨਾਲਦਿਆਂ ਕਲਾਕਾਰਾਂ ਨੇ ਹੱਤਿਆ ਕਰਵਾਈ, ਨਾਮ ਜਨਤਕ ਕਰਾਂਗਾ- ਬਲਕੌਰ ਸਿੰਘ
ਬਲਕੌਰ ਸਿੰਘ ਨੇ ਕਿਹਾ ਕਿ ਜਿਨ੍ਹੀਂ ਪ੍ਰਸਿੱਧੀ ਉਨ੍ਹਾਂ ਦੇ ਪੁੱਤਰ ਨੇ ਸੰਸਾਰ ਭਰ ’ਚ ਹਾਸਲ ਕੀਤੀ, ਉਹ ਨਾਲ ਦੇ ਕਲਕਾਰਾਂ ਨੂੰ ਸ਼ਾਇਦ ਇਹ ਬਰਦਾਸ਼ਤ ਨਹੀਂ ਹੋਇਆ।
ਚੰਡੀਗੜ੍ਹ: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਆਏ ਦਿਨ ਨਵੇਂ ਖੁਲਾਸੇ ਕਰ ਰਹੇ ਹਨ। ਬੀਤੇ ਦਿਨ ਉਨ੍ਹਾਂ ਆਪਣੇ ਪੁੱਤਰ ਦੇ ਪ੍ਰਸ਼ੰਸਕਾ ਦੇ ਇਕੱਠ ਨੂੰ ਸੰਬੋਧਨ ਕਰਨ ਮੌਕੇ ਕਿਹਾ ਕਿ ਮੂਸੇਵਾਲਾ ਦੀ ਹੱਤਿਆ ’ਚ ਕੁਝ ਕਲਾਕਾਰਾਂ ਦਾ ਵੀ ਹੱਥ ਹੈ, ਜਿਨ੍ਹਾਂ ਦੇ ਨਾਮ ਉਹ ਆਉਣ ਵਾਲੇ ਦਿਨਾਂ ’ਚ ਜਨਤਕ ਕਰਨਗੇ।
ਬਲਕੌਰ ਸਿੰਘ ਨੇ ਕਿਹਾ ਕਿ ਜਿਨ੍ਹੀਂ ਪ੍ਰਸਿੱਧੀ ਉਨ੍ਹਾਂ ਦੇ ਪੁੱਤਰ ਨੇ ਸੰਸਾਰ ਭਰ ’ਚ ਹਾਸਲ ਕੀਤੀ, ਉਸਦੇ ਨਾਲ ਦੇ ਕਲਕਾਰਾਂ ਨੂੰ ਸ਼ਾਇਦ ਇਹ ਬਰਦਾਸ਼ਤ ਨਹੀਂ ਹੋਇਆ। ਉਸਦੇ ਨਾਲ ਦੇ ਕਲਾਕਾਰ ਗੈਂਗਸਟਰਾਂ ਕੋਲ ਸਿੱਧੂ ਮੂਸੇਵਾਲਾ ਦੇ ਗੀਤਾਂ ਨੂੰ ਗ਼ਲਤ ਢੰਗ ਨਾਲ ਪੇਸ਼ ਕਰਦੇ ਰਹੇ ਤੇ ਮੂਸੇਵਾਲਾ ਨੂੰ ਮਾਰਨ ਲਈ ਭੜਕਾਉਂਦੇ ਰਹੇ। ਉਨ੍ਹਾਂ ਉਦੋਂ ਤੱਕ ਭੜਕਾਉਣਾ ਜਾਰੀ ਰੱਖਿਆ ਜਦੋਂ ਤੱਕ ਸਿੱਧੂ ਨੂੰ ਮਾਰਿਆ ਨਹੀਂ ਗਿਆ।
ਸੂਬੇ ’ਚ ਗੈਂਗਸਟਰਾਂ ਦਾ ਰਾਜ- ਬਲਕੌਰ ਸਿੰਘ
ਉਨ੍ਹਾਂ ਸਰਕਾਰਾਂ ’ਤੇ ਸ਼ਿਕਵਾ ਕਰਦਿਆਂ ਕਿਹਾ ਕਿ ਸੂਬੇ ’ਚ ਗੈਂਗਸਟਰਾਂ ਦਾ ਰਾਜ ਹੈ, ਉਹ ਕਲਾਕਾਰਾਂ ਤੇ ਕਬੱਡੀ ਖਿਡਾਰੀਆਂ ਨੂੰ ਆਪਣੇ ਅਨੁਸਾਰ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਦੁਨਿਆਵੀ ਤੌਰ ’ਤੇ ਉਹ 24-25 ਸਾਲ ਦਾ ਗੱਭਰੂ ਨੌਜਵਾਨ ਲੱਗਦਾ ਹੋਵੇਗਾ, ਪਰ ਮੈਂ ਪਿਓ ਹੋਣ ਦੇ ਨਾਤੇ ਕਹਿ ਸਕਦਾ ਹਾਂ ਕਿ "ਸਿੱਧੂ ਮੂਸੇਵਾਲਾ ਰੱਬੀ ਰੂਹ ਸੀ।" ਉਹ ਇੱਕ ਤੁਰਦਾ ਫਿਰਦਾ ਪਾਰਸ ਸੀ, ਜਿਸ ਕਲਾਕਾਰ ’ਤੇ ਉਸਨੇ ਹੱਥ ਧਰਿਆ ਉਹ ਹਿੱਟ ਹੋ ਗਿਆ।
ਸਾਡੇ ਲਈ ਆਜ਼ਾਦੀ ਦਾ ਕੋਈ ਮਾਇਨਾ ਨਹੀਂ - ਬਲਕੌਰ ਸਿੰਘ
ਉਨ੍ਹਾਂ ਕਿਹਾ ਕਿ ਅਸੀਂ ਆਪਣੇ ਬੱਚੇ ਨੂੰ ਅੰਦਰ ਤਾੜ ਕੇ ਰੱਖਦੇ ਸੀ। ਜਦੋਂ ਵੀ ਬਾਹਰ ਜਾਣਾ ਸਕਿਓਰਟੀ ਨਾਲ ਜਾਣਾ ਨਹੀਂ ਤਾਂ ਤੈਨੂੰ ਕੋਈ ਮਾਰ ਦੂਗਾ, ਉਨ੍ਹਾਂ ਕਿਹਾ ਕਿ ਮੈਂ ਇਸ ਨੂੰ ਆਜ਼ਾਦੀ ਨਹੀਂ ਮੰਨਦਾ। ਉਨ੍ਹਾਂ ਕਿਹਾ ਸਿੱਧੂ ਦੇ ਨਾਲ ਫ਼ਿਰਦੀਆਂ ਗਿਰਝਾਂ ਨੇ ਉਸਦਾ ਸ਼ਿਕਾਰ ਕੀਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਸਿੱਧੂ ਮੂਸੇਵਾਲਾ ਨੇ ਕਦੇ ਕਿਸੇ ਕੰਪਨੀ ਨਾਲ ਕੋਈ ਇਕਰਾਰਨਾਮਾ ਨਹੀਂ ਕੀਤਾ, ਜੇਕਰ ਉਸਨੇ ਇਕਰਾਰ ਕੀਤਾ ਹੁੰਦਾ ਤਾਂ ਉਸਦੀ ਮੌਤ ਨਾ ਹੁੰਦੀ।