CM Bhagwant Mann:  ਮੁੱਖ ਮੰਤਰੀ ਭਗਵੰਤ ਮਾਨ ਅੱਜ ਬਠਿੰਡਾ ਦਾ ਦੌਰਾ ਕਰਨਗੇ। ਇਸ ਦੌਰੇ ਦੌਰਾਨ ਸੀਐਮ ਮਾਨ ਸ਼ਹੀਦ ਮੇਜਰ ਰਵੀ ਇੰਦਰ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਦੀ ਪੰਜ ਮੰਜ਼ਿਲਾ ਨਵੀਂ ਇਮਾਰਤ ਦਾ ਉਦਘਾਟਨ ਕਰਨਗੇ। 73 ਕਮਰਿਆਂ ਵਾਲੀ ਪੰਜ ਮੰਜ਼ਿਲਾ ਇਮਾਰਤ 11 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਈ ਹੈ। ਇਸ ਇਮਾਰ ਵਿੱਚ ਸਮਾਰਟ ਕਲਾਸ ਰੂਮ, ਸਾਇੰਸ ਲੈਬਸ, 4 ਕੰਪਿਊਟਰ ਲੈਬ ਤੋਂ ਇਲਾਵਾ ਲਾਇਬ੍ਰਰੇਰੀ ਦੀ ਵੀ ਵਿਵਸਥਾ ਹੈ। ਬਠਿੰਡਾ ਸ਼ਹਿਰੀ ਦੇ ਸਭ ਤੋਂ ਵੱਡੇ ਅਤੇ ਇਕਲੌਤੇ ਲੜਕੀਆਂ ਦੇ ਸਕੂਲ ਵਿੱਚ ਤਕਰੀਬਨ 2200 ਲੜਕੀਆਂ ਪੜ੍ਹਾਈ ਕਰ ਰਹੀਆਂ ਹਨ। ਕਮਰਿਆਂ ਦੀ ਗਿਣਤੀ ਘੱਟ ਹੋਣ ਕਾਰਨ ਸਕੂਲ 2 ਸ਼ਿਫਟਾਂ ਵਿੱਚ ਲੱਗਦਾ ਸੀ। ਨਵੀਂ ਇਮਾਰਤ ਵਿੱਚ ਕਮਰਿਆਂ ਦੀ ਗਿਣਤੀ ਪੂਰੀ ਹੋਣ ਤੋਂ ਬਾਅਦ ਹੁਣ ਸਕੂਲ ਸਿੰਗਲ ਸ਼ਿਫਟ ਵਿੱਚ ਚੱਲਣ ਲੱਗਾ ਹੈ। ਦਿਵਿਆਂਗ ਅਨੁਕੂਲ ਇਸ ਇਮਾਰਤ ਦੀ ਹਰ ਮੰਜ਼ਿਲ ਉਤੇ ਰੈਂਪ, ਟੈਕਸਟਾਈਲ ਫਲੋਰਿੰਗ ਅਤੇ ਅਲੱਗ ਪਖਾਨੇ ਦੀ ਵਿਵਸਥਾ ਹੈ।
ਇਸ ਤੋਂ ਇਲਾਵਾ ਸੀਐਮ ਮਾਨ ਬਲਵੰਤ ਗਾਰਗੀ ਆਡੀਟੋਰੀਅਮ ਦਾ ਉਦਘਾਟਨ ਵੀ ਕਰਨਗੇ। ਪ੍ਰਸਿੱਧ ਪੰਜਾਬੀ ਨਾਟਕਕਾਰ ਬਲਵੰਤ ਗਾਰਗੀ ਨੂੰ ਸਮਰਪਿਤ ਇਸ ਆਡੀਟੋਰੀਅਮ ਵਿੱਚ 837 ਸੀਟਾਂ ਦਾ ਪ੍ਰਬੰਧ ਕੀਤਾ ਗਿਆ ਹੈ। 30 ਕਰੋੜ ਦੀ ਲਾਗਤ ਨਾਲ ਬਣੇ ਆਡੀਟੋਰੀਅਮ ਨੂੰ ਮੁੱਖ ਮੰਤਰੀ ਅੱਜ ਬਠਿੰਡਾ ਵਾਸੀਆਂ ਨੂੰ ਸੌਂਪਣਗੇ।