CM ਮਾਨ ਦਾ ਵੱਡਾ ਐਲਾਨ, ਜਲੰਧਰ `ਚ ਡਾ. ਅੰਬੇਡਕਰ ਦੇ ਨਾਂ `ਤੇ ਬਣੇਗੀ ਯੂਨੀਵਰਸਿਟੀ
ਮਾਨ ਨੇ ਜਲੰਧਰ ਸ਼ਹਿਰ ਦੀ ਤਾਰੀਫ ਕਰਦੇ ਹੋਏ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕੀਤਾ। ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਮੈਂ ਜਲੰਧਰ ਨੂੰ ਬਹੁਤ ਪਿਆਰ ਕਰਦਾ ਹਾਂ ਕਿਉਂਕਿ ਇੱਕ ਵਾਰ ਮੈਂ ਪਰਿਵਾਰ ਵਾਲਿਆਂ ਨੂੰ ਬਿਨਾਂ ਦੱਸੇ ਦੂਰਦਰਸ਼ਨ `ਤੇ ਗੀਤ ਗਾਉਣ ਆ ਗਿਆ ਸੀ।
ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਡਾ: ਬੀ.ਆਰ. ਅੰਬੇਡਕਰ ਦੇ ਜਨਮ ਦਿਹਾੜੇ ਅਤੇ ਵਿਸਾਖੀ ਮੌਕੇ ਅੱਜ ਜਲੰਧਰ ਵਿੱਚ ਰਾਜ ਪੱਧਰੀ ਸਮਾਗਮ ਵਿੱਚ ਪੁੱਜੇ, ਇਸ ਮੌਕੇ ਡਾ: ਬੀ.ਆਰ. ਅੰਬੇਡਕਰ ਜੀ ਨੂੰ ਸ਼ਰਧਾਂਜਲੀ ਭੇਂਟ ਕਰਨ ਉਪਰੰਤ ਭਗਵੰਤ ਮਾਨ ਨੇ ਆਪਣੇ ਸੰਬੋਧਨ ਵਿੱਚ ਸੰਗਤਾਂ ਨੂੰ ਬਾਬਾ ਸਾਹਿਬ ਦੇ ਨਕਸ਼ੇ-ਕਦਮਾਂ 'ਤੇ ਚੱਲਣ ਲਈ ਕਿਹਾ। ਇੱਥੇ ਉਨ੍ਹਾਂ ਇੱਕ ਵੱਡਾ ਐਲਾਨ ਕਰਦਿਆਂ ਕਿਹਾ ਕਿ ਜਲੰਧਰ ਨੂੰ ਇੱਕ ਵੱਡਾ ਖੇਡ ਉਦਯੋਗ ਬਣਾਇਆ ਜਾਵੇਗਾ ਅਤੇ ਡਾ. ਰਾਓ ਅੰਬੇਡਕਰ ਦੇ ਨਾਂ 'ਤੇ ਜਲੰਧਰ 'ਚ ਵੱਡੀ ਯੂਨੀਵਰਸਿਟੀ ਬਣਾਈ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਜਲੰਧਰ ਨੂੰ ਸਪੋਰਟਸ ਹੱਬ ਬਣਾਉਣ ਦਾ ਵੀ ਐਲਾਨ ਕੀਤਾ।
ਉਨ੍ਹਾਂ ਨੇ ਕਿਹਾ ਕਿ ਬਾਬਾ ਸਾਹਿਬ ਕੋਲ 6 ਡਾਕਟਰੇਟ ਡਿਗਰੀਆਂ ਸਨ। ਬਾਬਾ ਸਾਹਿਬ ਪਛੜੇ ਲੋਕਾਂ ਅਤੇ ਗਰੀਬਾਂ ਦੇ ਮਸੀਹਾ ਸਨ। ਉਨ੍ਹਾਂ ਕਿਹਾ ਕਿ ਜੋ ਲੋਕ ਮਸ਼ਹੂਰ ਹੋ ਜਾਂਦੇ ਹਨ, ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ਦਾ ਨਾਂ ਉਨ੍ਹਾਂ ਦੇ ਨਾਂ 'ਤੇ ਰੱਖਣ ਲੱਗ ਜਾਂਦੇ ਹਨ। ਇਸੇ ਤਰ੍ਹਾਂ ਉਨ੍ਹਾਂ ਦੇ ਪਿੰਡ ਵਿੱਚ ਵੀ 4-5 ਬੱਚਿਆਂ ਦੇ ਨਾਂ ਭੀਮ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਸੰਵਿਧਾਨ ਨਾਲ ਛੇੜਛਾੜ ਕੀਤੀ ਜਾ ਰਹੀ ਹੈ, ਜਿਸ ਨੂੰ ਬਚਾਉਣ ਦੀ ਲੋੜ ਹੈ। ਸਾਡੇ ਤੋਂ ਸਾਡੇ ਸੰਵਿਧਾਨ ਨੂੰ ਖਤਰਾ ਹੈ, ਜਿਸ ਨੂੰ ਬਚਾਉਣਾ ਹੋਵੇਗਾ। ਸੰਵਿਧਾਨ ਬਚੇਗਾ ਤਾਂ ਦੇਸ਼ ਬਚੇਗਾ।
ਮਾਨ ਨੇ ਜਲੰਧਰ ਸ਼ਹਿਰ ਦੀ ਤਾਰੀਫ ਕਰਦੇ ਹੋਏ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕੀਤਾ। ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਮੈਂ ਜਲੰਧਰ ਨੂੰ ਬਹੁਤ ਪਿਆਰ ਕਰਦਾ ਹਾਂ ਕਿਉਂਕਿ ਇੱਕ ਵਾਰ ਮੈਂ ਪਰਿਵਾਰ ਵਾਲਿਆਂ ਨੂੰ ਬਿਨਾਂ ਦੱਸੇ ਦੂਰਦਰਸ਼ਨ 'ਤੇ ਗੀਤ ਗਾਉਣ ਆ ਗਿਆ ਸੀ। ਬੇਸ਼ੱਕ ਉਸ ਸਮੇਂ ਉਨ੍ਹਾਂ ਨੂੰ ਗਾਉਣ ਨਹੀਂ ਦਿੱਤਾ ਗਿਆ ਸੀ, ਪਰ ਬਾਅਦ ਵਿੱਚ ਉਨ੍ਹਾਂ ਨੇ ਦੂਰਦਰਸ਼ਨ ਵਿਚ ਬਹੁਤ ਵਧੀਆ ਪ੍ਰੋਗਰਾਮ ਕੀਤੇ। ਉਨ੍ਹਾਂ ਜਲੰਧਰ ਦੀ ਹਾਕੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਲੰਧਰ ਖੇਡਾਂ ਦਾ ਮਸ਼ਹੂਰ ਸ਼ਹਿਰ ਹੈ।