MP ਮਨੀਸ਼ ਤਿਵਾੜੀ ਵੀ `ਬੰਦੀ ਸਿੰਘਾਂ ਦੀ ਰਿਹਾਈ` ਦੇ ਹੱਕ ’ਚ ਆਏ
ਬਿਲਕਿਸ ਬਾਨੋ ਕੇਸ ’ਚ 11 ਦੋਸ਼ੀਆਂ ਦੀ ਰਿਹਾਈ ਤੋਂ ਬਾਅਦ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੇ ਸਿੱਖ ਕੈਦੀਆਂ ਦੀ ਰਿਹਾਈ ਦਾ ਮੁੱਦਾ ਚੁੱਕਿਆ ਹੈ।
ਚੰਡੀਗੜ੍ਹ: ਬੰਦੀ ਸਿੰਘਾਂ ਦੀ ਰਿਹਾਈ ਮਾਮਲੇ ’ਚ ਇਸ ਵਾਰ ਕਾਂਗਰਸੀ ਆਗੂ ਨੇ ਵੀ ਹਾਮੀ ਭਰੀ ਹੈ। ਬਿਲਕਿਸ ਬਾਨੋ ਕੇਸ ’ਚ 11 ਦੋਸ਼ੀਆਂ ਦੀ ਰਿਹਾਈ ਤੋਂ ਬਾਅਦ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੇ ਸਿੱਖ ਕੈਦੀਆਂ ਦੀ ਰਿਹਾਈ ਦਾ ਮੁੱਦਾ ਚੁੱਕਿਆ ਹੈ।
ਮੁਆਫ਼ੀ ਨੀਤੀ ਦੀ ਪਰਿਭਾਸ਼ਾ ’ਚ ਇਕਸਾਰਤਾ ਹੋਣੀ ਚਾਹੀਦੀ ਹੈ: ਤਿਵਾੜੀ
ਦੱਸ ਦੇਈਏ ਕਿ ਮਨੀਸ਼ ਤਿਵਾੜੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਮੌਜੂਦਾ ਮੈਂਬਰ ਪਾਰਲੀਮੈਂਟ ਹੋਣ ਦੇ ਨਾਲ ਨਾਲ ਉੱਘੇ ਵਕੀਲ ਵੀ ਹਨ। ਉਨ੍ਹਾਂ ਆਪਣੇ ਤਜ਼ੁਰਬੇ ਦੇ ਅਧਾਰ ’ਤੇ ਕਿਹਾ ਕਿ ਕੈਦੀਆਂ ਦੀ ਮੁਆਫ਼ੀ ਨੀਤੀ ਦੀ ਪਰਿਭਾਸ਼ਾ ’ਚ ਇਕਸਾਰਤਾ ਹੋਣੀ ਚਾਹੀਦੀ ਹੈ। ਕੁਝ ਦੋਸ਼ੀ 15 ਸਾਲ ਬਾਅਦ ਰਿਹਾਅ ਹੋ ਜਾਂਦੇ ਹਨ ਜਦਕਿ ਦੂਸਰੇ 30 ਸਾਲ ਜਾਂ ਇਸ ਤੋਂ ਵੱਧ ਸਮੇਂ ਤੋਂ ਜੇਲ੍ਹਾਂ ’ਚ ਬੰਦ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਐਮਪੀ ਮਨੀਸ਼ ਤਿਵਾੜੀ ਨੇ ਸਾਬਕਾ ਮੁੱਖ ਮੰਤਰੀ ਹੱਤਿਆ ਕਾਂਡ ’ਚ ਸਜ਼ਾ ਭੁਗਤ ਰਹੇ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਲਈ ਵੀ ਆਵਾਜ਼ ਬੁਲੰਦ ਕੀਤੀ ਸੀ। ਜਦਕਿ ਕਾਂਗਰਸ ਤੋਂ ਹੀ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਇਸਦਾ ਵਿਰੋਧ ਕਰ ਰਹੇ ਸਨ।
ਉਸ ਮੌਕੇ ਤਿਵਾੜੀ ਨੇ ਟਵੀਟ ਕਰਕੇ ਲਿਖਿਆ ਸੀ ਕਿ ਮੈਂ ਆਪਣੇ ਸਾਥੀ ਰਵਨੀਤ ਬਿੱਟੂ ਦੇ ਦਰਦ ਨੂੰ ਸਮਝਦਾ ਹਾਂ, ਪਰ ਇੱਕ ਵਕੀਲ ਹੋਣ ਦੇ ਨਾਤੇ ਮੇਰਾ ਵਿਚਾਰ ਹੈ ਕਿ ਰਾਜੋਆਣਾ ਨੇ 26 ਸਾਲ ਜੇਲ੍ਹ ਕੱਟ ਲਈ ਹੈ। ਹੁਣ ਉਨ੍ਹਾਂ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ’ਚ ਤਬਦੀਲ ਕਰਦਿਆਂ ਧਾਰਾ 432 CRPC ਤਹਿਤ ਰਿਹਾਈ ਦਾ ਫ਼ੈਸਲਾ ਸੁਣਾਇਆ ਜਾਣਾ ਚਾਹੀਦਾ ਹੈ।