`ਭਾਰਤ ਜੋੜੋ ਯਾਤਰਾ` ਦੇ ਸਵਾਗਤ ਲਈ ਪੰਜਾਬ ’ਚ ਕਾਂਗਰਸ ਨੂੰ ਲੀਡਰ ਨਹੀਂ ਲੱਭਣੇ: CM ਮਾਨ
CM ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਦੀ `ਭਾਰਤ ਜੋੜੋ ਯਾਤਰਾ` ਜਦੋਂ ਪੰਜਾਬ ਪਹੁੰਚੇਗੀ ਤਾਂ ਉਸ ਸਮੇਂ ਸਵਾਗਤ ਲਈ ਕੋਈ ਲੀਡਰ ਹੀ ਨਹੀਂ ਮਿਲਣਾ।
CM Mann on Bharat Jodo Yatra: ਰਾਹੁਲ ਗਾਂਧੀ ਦੀ ਅਗਵਾਈ ’ਚ ਸ਼ੁਰੂ ਕੀਤੀ ਗਈ 'ਭਾਰਤ ਜੋੜੋ ਯਾਤਰਾ' ਅਗਲੇ ਸਾਲ ਜਨਵਰੀ ਦੇ ਪਹਿਲੇ ਹਫ਼ਤੇ ਪੰਜਾਬ ਪਹੁੰਚੇਗੀ। ਪਰ ਇਸ ਯਾਤਰਾ ਨੂੰ ਲੈਕੇ ਪੰਜਾਬ ’ਚ ਹੁਣ ਤੋਂ ਸਿਆਸਤ ਸ਼ੁਰੂ ਹੋ ਗਈ ਹੈ।
ਇੱਕ ਚੈਨਲ ’ਤੇ ਇੰਟਰਵਿਊ ਦੌਰਾਨ ਬੋਲਦਿਆਂ CM ਭਗਵੰਤ ਮਾਨ ਨੇ ਕਿਹਾ ਕਿ ਜਦੋਂ 'ਭਾਰਤ ਜੋੜੋ ਯਾਤਰਾ' (Bharat Jodo Yatra) ਪੰਜਾਬ ਪਹੁੰਚੇਗੀ ਤਾਂ ਉਸ ਸਮੇਂ ਰਾਹੁਲ ਗਾਂਧੀ (Rahul Gandhi) ਦੇ ਸਵਾਗਤ ਲਈ ਕੋਈ ਲੀਡਰ ਹੀ ਨਹੀਂ ਮਿਲਣਾ। ਕਿਉਂਕਿ ਪੰਜਾਬ ’ਚ ਅੱਧੇ ਕਾਂਗਰਸ ਦੇ ਆਗੂ ਭ੍ਰਿਸ਼ਟਾਚਾਰ ਦੇ ਮਾਮਲਿਆਂ ’ਚ ਜੇਲ੍ਹ ਚੱਲੇ ਗਏ ਹਨ ਅਤੇ ਬਾਕੀ ਵਿਦੇਸ਼ ਉਡਾਰੀ ਮਾਰ ਗਏ ਹਨ।
ਸਾਬਕਾ CM ਚੰਨੀ ਅੱਜ ਕਿੱਧਰੇ ਨਜ਼ਰ ਨਹੀਂ ਆਉਂਦੇ: CM ਮਾਨ
ਇਸ ਦੌਰਾਨ ਉਨ੍ਹਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਬੋਲਦਿਆਂ ਕਿਹਾ ਕਿ ਪੰਜਾਬ ’ਚ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਹ ਤੱਤਕਾਲੀ ਮੁੱਖ ਮੰਤਰੀ ਵੀ ਸਨ ਅਤੇ CM ਦਾ ਚਿਹਰਾ ਵੀ ਸਨ। ਪਰ ਅੱਜ ਉਹ ਕਿਧਰੇ ਨਜ਼ਰ ਹੀ ਨਹੀਂ ਆਉਂਦੇ। ਉਨ੍ਹਾਂ ਕਿਹਾ ਕਿ 'ਭਾਰਤ ਜੋੜੋ ਯਾਤਰਾ' ਦਾ ਪੰਜਾਬ ’ਚ ਕੋਈ ਅਸਰ ਨਹੀਂ ਹੋਵੇਗਾ।
'AAP' ਨੌਜਵਾਨ ਚਿਹਰਿਆਂ ਨੂੰ ਅੱਗੇ ਆਉਣ ਦਾ ਮੌਕਾ ਦਿੰਦੀ ਹੈ: ਮਾਨ
CM ਮਾਨ ਨੇ ਕਿਹਾ ਕਿ ਕਾਂਗਰਸ ਜਾਂ ਭਾਜਪਾ ’ਚ ਯੋਗ ਬੰਦਿਆਂ ਨੂੰ ਮੌਕਾ ਨਹੀਂ ਦਿੱਤਾ ਜਾਂਦਾ, ਬਲਕਿ ਰਿਸ਼ਤੇਦਾਰਾਂ ਅਤੇ ਸਾਕ-ਸਬੰਧੀਆਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਮਾਨ ਨੇ ਕਿਹਾ ਕਿ ਰਵਾਇਤੀ ਪਾਰਟੀਆਂ ’ਚ ਬੰਦਾ 70 ਸਾਲਾਂ ਦਾ ਹੋ ਜਾਂਦਾ ਹੈ ਫੇਰ ਵੀ ਉਸਨੂੰ ਬਲਾਕ ਪ੍ਰਧਾਨ ਤੱਕ ਨਹੀਂ ਬਣਾਇਆ ਜਾਂਦਾ। ਪਰ ਆਮ ਆਦਮੀ ਪਾਰਟੀ ’ਚ ਆਮ ਘਰਾਂ ਦੇ ਨੌਜਵਾਨ ਮੁੰਡੇ-ਕੁੜੀਆਂ ਨੂੰ ਅੱਗੇ ਲਿਆਇਆ ਜਾਂਦਾ ਹੈ। ਇਸ ਮੌਕੇ ਉਨ੍ਹਾਂ ਪਾਰਟੀ ਸੁਪਰੀਮੋ ਦੀ ਉਮਰ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਦਿੱਲੀ ਦੇ CM ਅਰਵਿੰਦ ਕੇਜਰੀਵਾਲ ਖ਼ੁਦ 39.5 ਸਾਲ ਦੇ ਹਨ।
ਵੇਖੋ, ਰਾਹੁਲ ਗਾਂਧੀ ਵਲੋਂ ਸ਼ੁਰੂ ਕੀਤੀ ਗਈ 'ਭਾਰਤ ਜੋੜੋ ਯਾਤਰਾ' ਬਾਰੇ ਕੀ ਬੋਲੇ CM ਭਗਵੰਤ ਮਾਨ