ਸੋਰਠਿ ਮਹਲਾ ੫ ਘਰੁ ੨ ਦੁਪਦੇ ੴ ਸਤਿਗੁਰ ਪ੍ਰਸਾਦਿ ॥ ਸਗਲ ਬਨਸਪਤਿ ਮਹਿ ਬੈਸੰਤਰੁ ਸਗਲ ਦੂਧ ਮਹਿ ਘੀਆ ॥ ਊਚ ਨੀਚ ਮਹਿ ਜੋਤਿ ਸਮਾਣੀ ਘਟਿ ਘਟਿ ਮਾਧਉ ਜੀਆ ॥੧॥ ਸੰਤਹੁ ਘਟਿ ਘਟਿ ਰਹਿਆ ਸਮਾਹਿਓ ॥ ਪੂਰਨ ਪੂਰਿ ਰਹਿਓ ਸਰਬ ਮਹਿ ਜਲਿ ਥਲਿ ਰਮਈਆ ਆਹਿਓ ॥੧॥ ਰਹਾਉ ॥ ਗੁਣ ਨਿਧਾਨ ਨਾਨਕੁ ਜਸੁ ਗਾਵੈ ਸਤਿਗੁਰਿ ਭਰਮੁ ਚੁਕਾਇਓ ॥ ਸਰਬ ਨਿਵਾਸੀ ਸਦਾ ਅਲੇਪਾ ਸਭ ਮਹਿ ਰਹਿਆ ਸਮਾਇਓ ॥੨॥੧॥੨੯॥


COMMERCIAL BREAK
SCROLL TO CONTINUE READING

ਰਾਗ ਸੋਰਠਿ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਭਾਈ! ਜਿਵੇਂ ਸਭ ਬੂਟਿਆਂ ਵਿਚ ਅੱਗ (ਗੁਪਤ ਮੌਜੂਦ) ਹੈ, ਜਿਵੇਂ ਹਰੇਕ ਕਿਸਮ ਦੇ ਦੁੱਧ ਵਿਚ ਘਿਉ (ਮੱਖਣ) ਗੁਪਤ ਮੌਜੂਦ ਹੈ, ਤਿਵੇਂ ਚੰਗੇ ਮੰਦੇ ਸਭ ਜੀਵਾਂ ਵਿਚ ਪ੍ਰਭੂ ਦੀ ਜੋਤਿ ਸਮਾਈ ਹੋਈ ਹੈ, ਪਰਮਾਤਮਾ ਹਰੇਕ ਸਰੀਰ ਵਿਚ ਹੈ, ਸਭ ਜੀਵਾਂ ਵਿਚ ਹੈ।੧। ਹੇ ਸੰਤ ਜਨੋ! ਪਰਮਾਤਮਾ ਹਰੇਕ ਸਰੀਰ ਵਿਚ ਮੌਜੂਦ ਹੈ। ਉਹ ਪੂਰੀ ਤਰ੍ਹਾਂ ਸਾਰੇ ਜੀਵਾਂ ਵਿਚ ਵਿਆਪਕ ਹੈ, ਉਹ ਸੋਹਣਾ ਰਾਮ ਪਾਣੀ ਵਿਚ ਹੈ ਧਰਤੀ ਵਿਚ ਹੈ।੧।ਰਹਾਉ। ਹੇ ਭਾਈ! ਨਾਨਕ (ਉਸ) ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦਾ ਹੈ। ਗੁਰੂ ਨੇ (ਨਾਨਕ ਦਾ) ਭੁਲੇਖਾ ਦੂਰ ਕਰ ਦਿੱਤਾ ਹੈ। (ਤਾਂਹੀਏਂ ਨਾਨਕ ਨੂੰ ਯਕੀਨ ਹੈ ਕਿ) ਪਰਮਾਤਮਾ ਸਭ ਜੀਵਾਂ ਵਿਚ ਵੱਸਦਾ ਹੈ (ਫਿਰ ਭੀ) ਸਦਾ (ਮਾਇਆ ਦੇ ਮੋਹ ਤੋਂ) ਨਿਰਲੇਪ ਹੈ, ਸਭ ਜੀਵਾਂ ਵਿਚ ਸਮਾ ਰਿਹਾ ਹੈ ॥੨॥੧॥੨੯॥