Faridkot News: ਫਰੀਦਕੋਟ ਜ਼ਿਲ੍ਹੇ ਦੇ ਪਿੰਡ ਟਹਿਣਾ ਦੀ ਸਹਿਕਾਰੀ ਸੁਸਾਇਟੀ ਵਿੱਚ ਆਈ ਡੀਏਪੀ ਖਾਦ ਦੀ ਵੰਡ ਨੂੰ ਲੈ ਕੇ ਸਭਾ ਦੇ ਸਕੱਤਰ ਉਤੇ ਕਿਸਾਨਾਂ ਅਤੇ ਬਾਕੀ ਅਮਲੇ ਨੇ ਦੋਸ਼ ਲਗਾਏ ਹਨ। ਦੋਸ਼ ਲਗਾਏ ਹਨ ਕਿ ਉਹ ਹਿੱਸੇਦਾਰਾਂ ਨੂੰ ਖਾਦ ਨਹੀਂ ਵੰਡ ਰਹੇ। ਪਿੰਡ ਵਾਸੀਆਂ ਨੇ ਇਹ ਵੀ ਦੋਸ਼ ਲਗਾਏ ਕਿ ਕੁਝ ਲੋਕਾਂ ਨੂੰ ਹਿੱਸੇਦਾਰੀ ਤੋਂ ਵੱਧ ਖਾਦ ਚੁਕਵਾਈ ਜਾ ਰਹੀ ਹੈ ਤੇ ਕੁਝ ਹਿੱਸੇਦਾਰਾਂ ਨੂੰ ਖਾਦ ਦਿੱਤੀ ਹੀ ਨਹੀਂ ਜਾ ਰਹੀ। ਜਦੋਂ ਕਿ ਸੁਸਾਇਟੀ ਦੇ ਪ੍ਰਧਾਨ ਨੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਹਰੇਕ ਹਿੱਸੇਦਾਰ ਨੂੰ ਉਸ ਦਾ ਬਣਦਾ ਹੱਕ ਦਿੱਤਾ ਜਾਵੇਗਾ।


COMMERCIAL BREAK
SCROLL TO CONTINUE READING

ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਦੀ ਸੁਸਾਇਟੀ ਦੋ ਪਿੰਡਾਂ ਦੀ ਸਾਂਝੀ ਸੁਸਾਇਟੀ ਹੈ। ਪਿਛਲੇ ਦਿਨੀਂ ਇਥੇ ਡੀਏਪੀ ਖਾਦ ਦੀਆਂ ਕਰੀਬ 600 ਬੋਰੀਆਂ ਆਈਆਂ ਸਨ ਤੇ ਸ਼ਨਿੱਚਰਵਾਰ ਨੂੰ ਸਕੱਤਰ ਵੱਲੋਂ ਇਥੇ ਖਾਦ ਵੰਡੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸੁਸਾਇਟੀ ਦੇ ਸਕੱਤਰ ਵੱਲੋਂ ਆਪਣੇ ਕਥਿਤ ਚਹੇਤਿਆਂ ਨੂੰ ਬਣਦੇ ਹਿੱਸੇ ਤੋਂ ਜ਼ਿਆਦਾ ਖਾਦ ਵੰਡੀ ਜਾ ਰਹੀ ਹੈ ਜਦਕਿ ਉਹ ਸਵੇਰ ਤੋਂ ਸੁਸਾਇਟੀ ਆਏ ਹੋਏ ਹਨ ਪਰ ਇਥੇ ਕੋਈ ਵੀ ਖਾਦ ਵੰਡਣ ਲਈ ਨਹੀਂ ਆਇਆ।


ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੇ ਕਣਕ ਦੀ ਬਿਜਾਈ ਕਰਨੀ ਹੈ ਪਰ ਸਕੱਤਰ ਵੱਲੋਂ ਨਾ ਤਾਂ ਕਿਸੇ ਦਾ ਫੋਨ ਚੁੱਕਿਆ ਜਾ ਰਿਹਾ ਅਤੇ ਨਾ ਹੀ ਖਾਦ ਵੰਡੀ ਜਾ ਰਹੀ ਹੈ। ਕਿਸਾਨਾਂ ਨੇ ਮੰਗ ਕੀਤੀ ਕਿ ਸਾਰੇ ਹਿੱਸੇਦਾਰਾਂ ਨੂੰ ਬਣਦੇ ਹਿੱਸੇ ਮੁਤਾਬਕ ਖਾਦ ਵੰਡੀ ਜਾਵੇ ਤਾਂ ਜੋ ਕਿਸਾਨ ਸਮੇਂ ਸਿਰ ਕਣਕ ਦੀ ਬਿਜਾਈ ਕਰ ਸਕਣ।


ਇਸ ਪੂਰੇ ਮਾਮਲੇ ਬਾਰੇ ਜਦ ਸੁਸਾਇਟੀ ਦੇ ਪ੍ਰਧਾਨ ਗੁਰਮੇਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਪਿੰਡ ਚੰਦਬਾਜਾ ਦੀ ਸਹਿਕਾਰੀ ਸੁਸਾਇਟੀ ਦੇ ਸਕੱਤਰ ਕੋਲ ਪਿੰਡ ਟਹਿਣਾ ਦੀ ਸਹਿਕਾਰੀ ਸੁਸਾਇਟੀ ਦਾ ਵਾਧੂ ਚਾਰਜ ਹੈ। ਸ਼ਨਿੱਚਰਵਾਰ ਨੂੰ ਉਸ ਵੱਲੋਂ ਟਹਿਣਾ ਸੁਸਾਇਟੀ ਵਿੱਚ ਖਾਦ ਵੰਡੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਹਿੱਸੇਦਾਰੀ ਤੋਂ ਵੱਧ ਖਾਦ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਕਿਸਾਨ ਨਾਲ ਭੇਦਭਾਵ ਨਹੀਂ ਕੀਤਾ ਜਾਵੇਗਾ ਹਰੇਕ ਹਿੱਸੇਦਾਰ ਨੂੰ ਉਸ ਦੇ ਬਣਦੇ ਹਿੱਸੇ ਮੁਤਾਬਕ ਖਾਦ ਵੰਡੀ ਜਾਵੇਗੀ।


ਇਹ ਵੀ ਪੜ੍ਹੋ : Balwant Singh Rajoana: ਰਾਜੋਆਣਾ ਦੀ ਪਟੀਸ਼ਨ 'ਤੇ SC 'ਚ ਸੁਣਵਾਈ 18 ਨਵੰਬਰ ਤੱਕ ਮੁਲਤਵੀ