Jalandhar News: ਇੱਕੋ ਪਰਿਵਾਰ ਦੇ 5 ਜੀਆਂ ਦੀਆਂ ਫਾਹੇ ਨਾਲ ਲਟਕਦੀਆਂ ਲਾਸ਼ਾਂ ਬਰਾਮਦ, ਖ਼ੁਦਕੁਸ਼ੀ ਦਾ ਸ਼ੱਕ
Jalandhar News: ਜਲੰਧਰ ਦੇ ਪਿੰਡ ਡਰੌਲੀ ਖੁਰਦ `ਚ ਇੱਕੋ ਪਰਿਵਾਰ ਦੇ ਪੰਜ ਜੀਆਂ ਦੀਆਂ ਫਾਹੇ ਨਾਲ ਲਟਕਦੀਆਂ ਲਾਸ਼ਾਂ ਬਰਾਮਦ ਹੋਣ ਨਾਲ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ।
Jalandhar News: ਨਵੇਂ ਸਾਲ ਦੀ ਪੂਰਵ ਸੰਧਿਆ 'ਤੇ ਜਲੰਧਰ ਦੇ ਪਿੰਡ ਡਰੌਲੀ ਖੁਰਦ 'ਚ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਕਰਜ਼ੇ ਤੋਂ ਪ੍ਰੇਸ਼ਾਨ ਇੱਕ ਬੱਚੀ ਸਮੇਤ ਇੱਕੋ ਪਰਿਵਾਰ ਦੇ ਪੰਜ ਜੀਆਂ ਦੀਆਂ ਲਾਸ਼ਾਂ ਫਾਹੇ ਨਾਲ ਲਟਕਦੀਆਂ ਮਿਲੀਆਂ ਹਨ।
ਮ੍ਰਿਤਕਾਂ ਦੀ ਪਛਾਣ ਮਨਮੋਹਨ ਸਿੰਘ ਪੁੱਤਰ ਆਤਮਾ ਸਿੰਘ (55), ਉਨ੍ਹਾਂ ਦੀ ਪਤਨੀ ਸਰਬਜੀਤ ਕੌਰ (55), ਦੋ ਧੀਆਂ ਪ੍ਰਭਜੋਤ ਉਰਫ਼ ਜੋਤੀ (32), ਗੁਰਪ੍ਰੀਤ ਕੌਰ ਉਰਫ਼ ਗੋਪੀ (31), ਜੋਤੀ ਪੁੱਤਰੀ ਅਮਨ (3) ਵਜੋਂ ਹੋਈ ਹੈ। ਆਦਮਪੁਰ ਦੇ ਡੀਐਸਪੀ ਵਿਜੇਕੰਵਰ ਅਨੁਸਾਰ ਦੇਰ ਰਾਤ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਡਰੌਲੀ ਖੁਰਦ ਵਿੱਚ ਡਾਕਖਾਨੇ ਵਿੱਚ ਕੰਮ ਕਰਦੇ ਮਨਮੋਹਨ ਸਿੰਘ ਅਤੇ ਉਸ ਦੇ ਪਰਿਵਾਰ ਨੇ ਖੁਦਕੁਸ਼ੀ ਕਰ ਲਈ ਹੈ।
ਮ੍ਰਿਤਕ ਮਨਮੋਹਨ ਦੇ ਜਵਾਈ ਸਰਬਜੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਦਿਨ ਤੋਂ ਆਪਣੇ ਸਹੁਰੇ ਨੂੰ ਫੋਨ ਕਰ ਰਿਹਾ ਸੀ ਪਰ ਕਿਸੇ ਨੇ ਫੋਨ ਨਹੀਂ ਚੁੱਕਿਆ। ਐਤਵਾਰ ਦੇਰ ਸ਼ਾਮ ਜਦੋਂ ਉਹ ਖੁਦ ਡਰੌਲੀ ਖੁਰਦ ਪਹੁੰਚੇ ਤਾਂ ਘਰ 'ਚ ਪੰਜਾਂ ਦੀਆਂ ਲਾਸ਼ਾਂ ਲਟਕਦੀਆਂ ਮਿਲੀਆਂ। ਪੁਲਿਸ ਮੁਤਾਬਕ ਘਟਨਾ ਵਾਲੀ ਥਾਂ ਤੋਂ ਇੱਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ।
ਹਾਲਾਂਕਿ ਅਧਿਕਾਰਤ ਤੌਰ 'ਤੇ ਕਿਸੇ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਮੁੱਢਲੀ ਜਾਂਚ ਤੋਂ ਪਤਾ ਚੱਲ ਰਿਹਾ ਹੈ ਕਿ ਪਰਿਵਾਰ ਨੇ ਆਰਥਿਕ ਤੰਗੀ ਕਾਰਨ ਖੁਦਕੁਸ਼ੀ ਕੀਤੀ ਹੈ। ਆਲੇ-ਦੁਆਲੇ ਦੇ ਲੋਕਾਂ ਦਾ ਕਹਿਣਾ ਹੈ ਕਿ ਮਨਮੋਹਨ ਸਿੰਘ ਲੰਬੇ ਸਮੇਂ ਤੋਂ ਕਰਜ਼ੇ ਤੋਂ ਪ੍ਰੇਸ਼ਾਨ ਸੀ। ਥਾਣਾ ਆਦਮਪੁਰ ਦੇ ਐਸਐਚਓ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਫੋਰੈਂਸਿਕ ਟੀਮ ਵੀ ਜਾਂਚ ਲਈ ਪਹੁੰਚ ਗਈ ਹੈ।
ਐਸਐਸਪੀ ਮੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਇਹ ਸਪੱਸ਼ਟ ਹੋ ਸਕੇਗਾ ਕਿ ਮਨਮੋਹਨ ਸਿੰਘ ਨੇ ਚਾਰਾਂ ਦੀ ਹੱਤਿਆ ਕਰਨ ਤੋਂ ਬਾਅਦ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਹੈ ਜਾਂ ਨਹੀਂ। ਪੁਲਿਸ ਨੂੰ ਮੌਕੇ ਤੋਂ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਹੋਈ ਹੈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਮ੍ਰਿਤਕਾਂ ਦੇ ਗ਼ਲੇ ਉਤੇ ਨਿਸ਼ਾਨ ਹਨ, ਜਿਸ ਤੋਂ ਲੱਗ ਰਿਹਾ ਹੈ ਕਿ ਸਾਰਿਆਂ ਦੀ ਮੌਤ ਫਾਹਾ ਲੈਣ ਕਾਰਨ ਹੋਈ ਹੈ। ਜਦ ਉਨ੍ਹਾਂ ਨੂੰ ਤਿੰਨ ਸਾਲਾਂ ਦੀ ਬੱਚੀ ਦੀ ਮੌਤ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਸ ਦੇ ਗ਼ਲੇ ’ਚ ਵੀ ਨਿਸ਼ਾਨ ਹਨ ਤੇ ਹੋ ਸਕਦਾ ਹੈ ਕਿ ਕਿਸੇ ਨੇ ਉਸ ਨੂੰ ਵੀ ਫਾਹਾ ਦੇ ਦਿੱਤਾ ਹੋਵੇ।
ਇਹ ਵੀ ਪੜ੍ਹੋ : Ludhiana News: ਲੁਧਿਆਣਾ ਬੱਸ ਅੱਡਾ ਪੁਲਿਸ ਚੌਂਕੀ 'ਚ ਭਾਰੀ ਹੰਗਾਮਾ, ਥਾਣੇ 'ਚੋਂ ਕੁੜੀ ਮਿਲਣ 'ਤੇ ਮਾਮਲਾ ਹੋਰ ਭਖਿਆ