Nagar Kirtan News: ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਮੌਕੇ ਦੇਸ਼ ਤੇ ਵਿਦੇਸ਼ ਵਿੱਚ ਸੰਗਤ ਗੁਰੂ ਘਰਾਂ ਵਿੱਚ ਨਤਮਸਤਕ ਹੋ ਰਹੀਆਂ ਹਨ ਉੱਥੇ ਵੱਖ-ਵੱਖ ਸਥਾਨਾਂ ਉਤੇ ਅੱਜ ਦੇ ਇਸ ਖਾਸ ਦਿਹਾੜੇ ਮੌਕੇ ਨਗਰ ਕੀਰਤਨ ਸਜਾਏ ਜਾ ਰਹੇ ਹਨ।


COMMERCIAL BREAK
SCROLL TO CONTINUE READING

ਇਸੇ ਸਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਰਤਪੁਰ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਬਿਬਾਨਗੜ੍ਹ ਸਾਹਿਬ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜੋ ਕੀਰਤਪੁਰ ਸਾਹਿਬ ਦੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਦੇਰ ਸ਼ਾਮ 12 ਕਿਲੋਮੀਟਰ ਸਫਰ ਦਾ ਤੈਅ ਕਰਕੇ ਸ੍ਰੀ ਅਨੰਦਪੁਰ ਸਾਹਿਬ ਦੇ ਇਤਿਹਾਸਿਕ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਵਿਖੇ ਪੁੱਜ ਕੇ ਸੰਪੰਨ ਹੋਵੇਗਾ। ਜਿੱਥੇ ਗੁਰੂ ਜੀ ਦੇ ਸੀਸ ਦਾ ਸੰਸਕਾਰ ਹੋਇਆ ਸੀ। ਗੁਰਦੁਆਰਾ ਬਿਬਾਨਗੜ੍ਹ ਸਾਹਿਬ ਉਹ ਇਤਿਹਾਸਕ ਸਥਾਨ ਹੈ ਜਿੱਥੇ ਭਾਈ ਜੈਤਾ ਜੀ ਗੁਰੂ ਜੀ ਦੇ ਸੀਸ ਨੂੰ ਦਿੱਲੀ ਤੋਂ ਲੈ ਕੇ ਪਹੁੰਚੇ ਸੀ।


ਨਗਰ ਕੀਰਤਨ ਦੀ ਸ਼ੁਰੂਆਤ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਵੱਲੋਂ ਆਰੰਭਤਾ ਦੀ ਅਰਦਾਸ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਅਤੇ ਵੱਡੀ ਗਿਣਤੀ ਵਿੱਚ ਸੰਗਤ ਮੌਜੂਦ ਸੀ।
ਇਹ ਨਗਰ ਕੀਰਤਨ ਪੰਜ ਪਿਆਰਿਆਂ ਪੰਜ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਜੈਕਾਰਿਆਂ ਦੀ ਗੂੰਜ ਵਿੱਚ ਵਿੱਚ ਸ਼ੁਰੂ ਹੋਇਆ।


ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਬੈਂਡ ਦੀਆਂ ਧੁਨਾਂ ਵੀ ਵਜਾਈਆਂ ਗਈਆਂ। ਗੌਰਤਲਬ ਹੈ ਕਿ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਜਦੋਂ ਹਿੰਦੂ ਧਰਮ ਦੀ ਰਾਖੀ ਲਈ ਦਿੱਲੀ ਦੇ ਚਾਂਦਨੀ ਚੌਕ ਵਿੱਚ ਸ਼ਹਾਦਤ ਦਿੱਤੀ ਗਈ ਸੀ ਤਾਂ ਉਸ ਸਮੇਂ ਉਨ੍ਹਾਂ ਦੇ ਸੀਸ ਨੂੰ ਭਾਈ ਜੈਤਾ ਜੀ ਵੱਲੋਂ ਕੀਰਤਪੁਰ ਸਾਹਿਬ ਵਿਖੇ ਲਿਆਂਦਾ ਗਿਆ ਤੇ ਇਸ ਸਮੇਂ ਇਸ ਸਥਾਨ ਉਤੇ ਗੁਰਦੁਆਰਾ ਸ੍ਰੀ ਬਿਬਾਨਗੜ੍ਹ ਸਾਹਿਬ ਸੁਸ਼ੋਭਿਤ ਹੈ।


ਗੁਰੂ ਸਾਹਿਬ ਦੀ ਸ਼ਹੀਦੀ ਸਮੇਂ ਬਾਲ ਗੋਬਿੰਦ ਰਾਏ, ਉਨ੍ਹਾਂ ਦਾ ਸਮੁੱਚਾ ਪਰਿਵਾਰ ਅਤੇ ਸਿੱਖ ਸੰਗਤ ਇੱਕ ਬਿਬਾਨ ਨੂੰ ਸਜਾ ਕੇ ਕੀਰਤਪੁਰ ਸਾਹਿਬ ਵਿਖੇ ਪੁੱਜੇ ਸਨ ਤੇ ਕੀਰਤਪੁਰ ਸਾਹਿਬ ਤੋਂ ਗੁਰੂ ਤੇਗ ਬਹਾਦਰ ਜੀ ਦਾ ਸੀਸ ਸ੍ਰੀ ਅਨੰਦਪੁਰ ਸਾਹਿਬ ਲਿਜਾਇਆ ਗਿਆ ਤੇ ਉਥੇ ਗੁਰੂ ਸਾਹਿਬ ਦੇ ਸੀਸ ਦਾ ਅੰਤਿਮ ਸਸਕਾਰ ਕੀਤਾ ਗਿਆ। ਜਿਸ ਅਸਥਾਨ ਉਤੇ ਗੁਰੂ ਸਾਹਿਬ ਦੇ ਸੀਸ ਦਾ ਸਸਕਾਰ ਕੀਤਾ ਗਿਆ ਉਸ ਅਸਥਾਨ ਉਤੇ ਸ੍ਰੀ ਸੀਸਗੰਜ ਸਾਹਿਬ ਸੁਸ਼ੋਭਿਤ ਹੈ।


ਅੱਜ ਸਜਾਇਆ ਗਿਆ ਨਗਰ ਕੀਰਤਨ ਦੇਰ ਸ਼ਾਮ ਗੁਰਦੁਆਰਾ ਸੀਸਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁੱਜ ਕੇ ਸਮਾਪਤ ਹੋਵੇਗਾ। ਦੱਸਣਯੋਗ ਹੈ ਕਿ ਕਿ ਅੱਜ ਸਵੇਰੇ ਜਿੱਥੇ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉੱਥੇ ਹੀ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਵੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਉਪਰੰਤ ਇੱਕ ਧਾਰਮਿਕ ਦੀਵਾਨ ਸਜਾਇਆ ਗਿਆ।


ਇਹ ਵੀ ਪੜ੍ਹੋ : Punjab News: ਨੌਵੇਂ ਪਾਤਸ਼ਾਹ ਦੇ ਸੀਸ ਦਾ ਸੰਸਕਾਰ ਜਾਣੋ ਕਿੱਥੇ ਹੋਇਆ ਸੀ ਤੇ ਕਿੱਥੇ ਆਏ ਸਨ ਕਸ਼ਮੀਰੀ ਪੰਡਿਤ


ਸ਼੍ਰੀ ਕੀਰਤਪੁਰ ਸਾਹਿਬ ਤੋਂ ਬਿਮਲ ਸ਼ਰਮਾ ਦੀ ਰਿਪੋਰਟ