Delhi Police ਦਾ ਵੱਡਾ ਖ਼ੁਲਾਸਾ, ਮੂਸੇਵਾਲਾ ਦੇ ਕਤਲ ਤੋਂ ਬਾਅਦ 1 ਘੰਟਾ ਖੇਤ ’ਚ ਛਿਪੇ ਰਹੇ 4 ਸ਼ੂਟਰ
ਦਿੱਲੀ ਪੁਲਿਸ ਮੁਤਾਬਕ ਜੇਕਰ ਪੁਲਿਸ ਥੋੜ੍ਹੀ ਜਿਹੀ ਵੀ ਚੌਕਸੀ ਵਰਤਦੀ ਤਾਂ ਕਾਤਲ ਉਸੇ ਦਿਨ ਫੜੇ ਜਾ ਸਕਦੇ ਸਨ।
ਚੰਡੀਗੜ੍ਹ: ਦਿੱਲੀ ਪੁਲਿਸ ਨੇ ਇੱਕ ਵਾਰ ਫੇਰ ਵੱਡਾ ਖੁਲਾਸਾ ਕਰਦਿਆਂ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ’ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਦਿੱਲੀ ਪੁਲਿਸ ਮੁਤਾਬਕ ਜੇਕਰ ਪੁਲਿਸ ਥੋੜ੍ਹੀ ਜਿਹੀ ਵੀ ਚੌਕਸੀ ਵਰਤਦੀ ਤਾਂ ਕਾਤਲ ਉਸੇ ਦਿਨ ਫੜੇ ਜਾ ਸਕਦੇ ਸਨ।
ਬਲੈਰੋ ਗੱਡੀ ਨੂੰ ਬਿਨਾਂ ਚੈੱਕ ਕੀਤੇ ਹੀ ਲੰਘ ਗਏ PCR ਵਾਲੇ
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ (Special Cell) ਨੇ ਖੁਲਾਸਾ ਕੀਤਾ ਕਿ ਮੂਸੇਵਾਲਾ ਦੇ 4 ਕਾਤਲ ਸਿਰਫ਼ 10 ਕਿਲੋਮੀਟਰ ਦੂਰ 1 ਘੰਟੇ ਤੱਕ ਛਿਪੇ ਰਹੇ। ਇਸ ਦੌਰਾਨ ਪੁਲਿਸ ਦੀ PCR ਗੱਡੀ ਵੀ ਉਥੋਂ ਲੰਘੀ, ਪਰ ਬਿਨਾਂ ਰੁਕੇ ਹੀ ਕੋਲੋ ਲੰਘ ਗਈ।
ਦਿੱਲੀ ਪੁਲਿਸ ਨੇ ਜਦੋਂ ਪੰਜਾਬ ਪੁਲਿਸ ਨੂੰ ਇਨਫੋਰਮੇਸ਼ਨ (information) ਭੇਜੀ ਤਾਂ ਉਸ ਤੋਂ ਬਾਅਦ ਪੁਲਿਸ ਨੇ ਉਸ ਥਾਂ ਦੀ ਚੈਕਿੰਗ ਕੀਤੀ। ਜਿਸ ਤੋਂ ਬਾਅਦ ਨਿਰਮਾਣ ਅਧੀਨ ਇਮਾਰਤ (Under Construction building) ’ਚ ਲੁਕਾਏ ਗਏ ਪਿਸਤੌਲ ਤੇ ਕੁਝ ਕਾਰਤੂਸ ਬਰਾਮਦ ਕੀਤੇ ਗਏ ਹਨ। ਇਹ ਹਥਿਆਰ ਟੋਆ ਪੁੱਟ ਕੇ ਨੀਚੇ ਦੱਬਾ ਕੇ ਰੱਖੇ ਗਏ ਸਨ। ਸਾਫ਼ ਤੌਰ ’ਤੇ ਜਿੱਥੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਸੁਰੱਖਿਆ ’ਚ ਲਾਪਰਵਾਹੀ ਵਰਤੀ ਗਈ ਉੱਥੇ ਹੀ ਕਤਲ ਤੋਂ ਬਾਅਦ ਵੀ ਪੰਜਾਬ ਪੁਲਿਸ ਦੁਆਰਾ ਕੀਤੀਆਂ ਗਈਆਂ ਲਾਪਰਵਾਹੀਆਂ ਸਾਹਮਣੇ ਆ ਰਹੀਆਂ ਹਨ।
ਬਲੈਰੋ ਮਡਿਊਲ ਦੇ ਸ਼ੂਟਰਾਂ ਨੇ ਪੂਰਾ 1 ਘੰਟਾ ਕੀਤਾ ਇੰਤਜ਼ਾਰ
ਦਿੱਲੀ ਪੁਲਿਸ ਦੁਆਰਾ ਦਿੱਤੀ ਗਈ ਜਾਣਕਾਰੀ ਮੁਤਾਬਕ ਮੂਸੇਵਾਲਾ ਦਾ ਕਤਲ ਕਰਨ ਤੋਂ ਬਾਅਦ ਬਲੈਰੋ ਮਡਿਊਲ ਦੇ ਸ਼ਾਰਪਸ਼ੂਟਰ ਪ੍ਰਿਅਵਰਤ ਫ਼ੌਜੀ, ਅੰਕਿਤ ਸੇਰਸਾ, ਦੀਪਕ ਮੁੰਡੀ ਤੇ ਕਸ਼ਿਸ਼ ਹਰਿਆਣਾ ਵੱਲ ਫ਼ਰਾਰ ਹੋਏ ਸਨ। ਇਸ ਦੌਰਾਨ ਉਨ੍ਹਾਂ ਨੂੰ ਆਪਣੇ ਪਿੱਛੇ PCR ਗੱਡੀ ਆਉਂਦੀ ਦਿਖਾਈ ਦਿੱਤੀ। ਡਰਦੇ ਮਾਰੇ ਉਹ ਰਾਹ ਭਟਕ ਗਏ ਅਤੇ ਖਿਆਲਾ ਪਿੰਡ ਵਾਲੇ ਪਾਸੇ ਚਲੇ ਗਏ। ਰਾਹ ’ਚ ਬਲੈਰੋ ਗੱਡੀ ਖੇਤ ’ਚ ਚਿੱਕੜ ਹੋਣ ਕਾਰਨ ਫਸ ਗਈ, ਉਹ ਜੀਪ ਛੱਡਕੇ ਨਾਲ ਦੇ ਖੇਤਾਂ ’ਚ ਲੁੱਕ ਗਏ। ਇੱਥੇ ਹੀ PCR ਗੱਡੀ ਬਿਨਾ ਰੁਕੇ ਉਥੋਂ ਲੰਘ ਗਈ।
ਖੇਤ ’ਚ ਫਸੇ ਸ਼ਾਰਪਸ਼ੂਟਰਾਂ ਦੀ ਮਦਦ ਲਈ ਕੇਸ਼ਵ ਆਇਆ
ਚਾਰੋ ਸ਼ਾਰਪਸ਼ੂਟਰਾਂ ਨੇ ਇੱਥੇ ਫਸ ਜਾਣ ਤੋਂ ਬਾਅਦ ਸਿਗਨਲ (Signal App) ਰਾਹੀਂ ਕੈਨੇਡਾ ’ਚ ਬੈਠੇ ਗੋਲਡੀ ਬਰਾੜ ਨਾਲ ਸੰਪਰਕ ਕੀਤਾ। ਬਰਾੜ ਨੇ ਤੁਰੰਤ ਕੇਸ਼ਵ ਨੂੰ ਉਨ੍ਹਾਂ ਦੀ ਮਦਦ ਲਈ ਭੇਜਿਆ, ਜੋ ਮਾਨਸਾ ਤੋਂ 3 ਕਿਲੋਮੀਟਰ ਦੂਰ ਇਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਸੀ। ਕੇਸ਼ਵ ਨੇ ਦੱਸਿਆ ਕਿ ਉਸਨੂੰ ਸ਼ੂਟਰਾਂ ਤੱਕ ਪਹੁੰਚਣ ਲਈ 1 ਘੰਟੇ ਦਾ ਸਮਾਂ ਲੱਗਿਆ।
ਦਿੱਲੀ ਪੁਲਿਸ ਦੇ ਇਨ੍ਹਾਂ ਕੀਤੇ ਗਏ ਵੱਡੇ ਖੁਲਾਸਿਆਂ ਤੋਂ ਬਾਅਦ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ’ਤੇ ਸਵਾਲ ਉੱਠਣੇ ਲਾਜ਼ਮੀ ਹਨ। ਮੂਸੇਵਾਲਾ ਦੇ ਕਤਲ ਤੋਂ ਬਾਅਦ ਪੁਲਿਸ ਨੇ ਸਹੀ ਢੰਗ ਨਾਲ ਨਾਕਾਬੰਦੀ ਨਹੀਂ ਕੀਤੀ।
ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਬਾਰਡਰ ਸੀਲ ਨਹੀਂ ਕੀਤੇ ਗਏ, ਇਸ ਕਾਰਨ ਬਲੈਰੋ ਮਡਿਊਲ ਦੇ ਚਾਰ ਸ਼ੂਟਰ ਕਤਲ ਤੋਂ 1 ਘੰਟੇ ਬਾਅਦ ਵੀ ਹਰਿਆਣਾ ਤੋਂ ਬਾਅਦ ਗੁਜਰਾਤ ਭੱਜਣ ’ਚ ਕਾਮਯਾਬ ਰਹੇ।