ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਵਾਦਾਂ ’ਚ ਦਿੱਲੀ ਦਾ `ਮੁਹੱਲਾ ਕਲੀਨਿਕ` ਮਾਡਲ
ਪੰਜਾਬ ’ਚ ਹਾਲੇ ਆਮ ਆਦਮੀ ਪਾਰਟੀ ਦੇ ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ 15 ਅਗਸਤ ਤੋਂ ਹੋਣੀ ਹੈ। ਪਰ ਇਸ ਤੋਂ ਪਹਿਲਾਂ ਹੀ ਸੂਬੇ ’ਚ ਸਿਆਸਤ ਸ਼ੁਰੂ ਹੋ ਚੁੱਕੀ ਹੈ। ਮੋਹਾਲੀ ’ਚ ਮੁਹੱਲਾ ਕਲੀਨਿਕ ਦੀ ਚੈਕਿੰਗ ਕਰਨ ਮੌਕੇ CM ਭਗਵੰਤ ਮਾਨ ਦਾ ਬਿਆਨ ਵੀ ਸਾਹਮਣੇ ਆਇਆ ਸੀ ਜਿਸ ’ਚ ਉਹਨਾ ਨੇ ਕਿਹਾ ਸੀ ਦਿੱਲੀ ਦੇ ਮੁਹੱਲਾ ਕਲੀਨਿਕ ਦਾ ਮਾਡਲ ਅਮਰੀਕਾ ਵੀ ਮੰਗ ਰਿਹਾ ਹੈ।
ਚੰਡੀਗੜ੍ਹ: ਪੰਜਾਬ ’ਚ ਹਾਲੇ ਆਮ ਆਦਮੀ ਪਾਰਟੀ ਦੇ ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ 15 ਅਗਸਤ ਤੋਂ ਹੋਣੀ ਹੈ। ਪਰ ਇਸ ਤੋਂ ਪਹਿਲਾਂ ਹੀ ਸੂਬੇ ’ਚ ਸਿਆਸਤ ਸ਼ੁਰੂ ਹੋ ਚੁੱਕੀ ਹੈ।
ਮੋਹਾਲੀ ’ਚ ਮੁਹੱਲਾ ਕਲੀਨਿਕ ਦੀ ਚੈਕਿੰਗ ਕਰਨ ਮੌਕੇ CM ਭਗਵੰਤ ਮਾਨ ਦਾ ਬਿਆਨ ਵੀ ਸਾਹਮਣੇ ਆਇਆ ਸੀ ਜਿਸ ’ਚ ਉਹਨਾ ਨੇ ਕਿਹਾ ਸੀ ਦਿੱਲੀ ਦੇ ਮੁਹੱਲਾ ਕਲੀਨਿਕ ਦਾ ਮਾਡਲ ਅਮਰੀਕਾ ਵੀ ਮੰਗ ਰਿਹਾ ਹੈ। ਹੁਣ ਪੰਜਾਬ ’ਚ ਵੀ ਉਹ ਮੁਹੱਲਾ ਕਲੀਨਿਕ ਬਣਾਉਣ ਜਾ ਰਹੇ ਹਨ।
5 ਲੀਟਰ ਪੇਂਟ, 2 ਪੇਂਟਰ ਅਤੇ ਪਹਿਲਾਂ ਤੋਂ ਬਣੀ ਹੋਈ ਇਮਾਰਤ ਤੇ ਮੁਹੱਲਾ ਕਲੀਨਿਕ ਤਿਆਰ: ਵੜਿੰਗ
ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੇ ਦਿੱਲੀ ਦੇ ਮੁਹੱਲਾ ਕਲੀਨਿਕ ਮਾਡਲ ’ਤੇ ਤੰਜ ਕੱਸਿਆ ਹੈ। ਉਨ੍ਹਾਂ ਕਿਹਾ ਕਿ 5 ਲੀਟਰ ਪੇਂਟ, 2 ਪੇਂਟਰ ਅਤੇ ਪਹਿਲਾਂ ਤੋਂ ਬਣੀ ਹੋਈ ਇਮਾਰਤ ਤੇ ਤਿਆਰ ਹੋ ਗਿਆ ਕਲੀਨਿਕ। ਵੜਿੰਗ ਨੇ ਕਟਾਕਸ਼ ਕਰਦਿਆਂ ਕਿਹਾ ਕਿ ਇਹੋ ਜਿਹੇ ਮਾਡਲ ਦੀ ਨਕਲ ਤਾਂ ਦੁਨੀਆ ਭਰ ਦੀਆਂ ਸਰਕਾਰਾਂ ਕਰਨਾ ਚਾਹੁੰਦੀਆਂ ਹੋਣਗੀਆਂ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਮਾਰਤਾਂ ਦੀਆਂ ਪਛਾਣ ਤਖ਼ਤੀਆਂ ਅਤੇ ਯੋਜਨਾਵਾਂ ਬਦਲ ਕੇ ਪੰਜਾਬੀਆਂ ਨੂੰ ਬੁੱਧੂ ਬਣਾਉਣ ਦੀਆਂ ਕੋਸ਼ਿਸ਼ਾਂ ਨਹੀਂ ਕਰਨੀਆਂ ਚਾਹੀਦੀਆਂ, ਜਿਵੇਂ ਕਿ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਸਰਕਾਰ ਦੁਆਰਾ ਸਥਾਪਿਤ ਕੀਤੇ ਸੇਵਾ ਕੇਂਦਰਾਂ ਨੂੰ ਆਮ ਆਦਮੀ ਕਲੀਨਿਕਾਂ ਵਿੱਚ ਤਬਦੀਲ ਕਰਕੇ ਕੀਤਾ ਹੈ। ਇਹ ਬਹੁਤ ਹੋਛੀ ਹਰਕਤ ਹੈ ਅਤੇ ਮੁੱਖ ਮੰਤਰੀ ਦੇ ਰੁਤਬੇ ਨਾਲ ਸ਼ੋਭਦੀ ਨਹੀਂ।
13 ਹਜ਼ਾਰ ਪਿੰਡਾਂ ’ਚ 75 ਕਲੀਨਿਕ ਖੋਲ੍ਹਕੇ ਸਹੂਲਤਾਂ ਦਾ ਮਜ਼ਾਕ ਉਡਾਇਆ: ਬਾਦਲ
ਸੁਖਬੀਰ ਬਾਦਲ ਨੇ ਕਿਹਾ ਕਿ 13,000 ਪਿੰਡਾਂ ਵਾਲੇ ਪੰਜਾਬ ਵਿੱਚ ਕੁੱਲ 75 ਕਲੀਨਿਕ ਖੋਲ੍ਹ ਕੇ, 'ਆਪ' ਸਰਕਾਰ ਨੇ ਨਾ ਸਿਰਫ਼ ਮੁਹੱਲਾ ਕਲੀਨਿਕਾਂ ਦੀ ਸਹੂਲਤ ਦਾ ਮਜ਼ਾਕ ਉਡਾਇਆ ਹੈ, ਸਗੋਂ ਲੋਕਾਂ ਨੂੰ ਸੇਵਾ ਕੇਂਦਰਾਂ ਦੀਆਂ ਵਿਲੱਖਣ ਸਹੂਲਤਾਂ ਤੋਂ ਵੀ ਵਾਂਝਾ ਕਰ ਦਿੱਤਾ ਹੈ। ਜਿਸ ਤਹਿਤ ਸੂਬਾ ਵਾਸੀਆਂ ਨੂੰ ਇੱਕ ਛੱਤ ਹੇਠ ਸਰਕਾਰੀ ਦਫ਼ਤਰਾਂ ਦੀਆਂ 78 ਸੇਵਾਵਾਂ ਪ੍ਰਦਾਨ ਕਰਨ ਲਈ 2,000 ਸੇਵਾ ਕੇਂਦਰ ਸੂਬੇ ਭਰ 'ਚ ਸਥਾਪਿਤ ਕੀਤੇ ਗਏ ਸਨ।