Punjab Farmrs Protest: ਕਿਸਾਨ ਮਜ਼ਦੂਰ ਮੋਰਚਾ ( ਭਾਰਤ ) ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਦੀ ਅਗਵਾਈ ਵਿੱਚ ਝੋਨੇ ਦੀ ਖਰੀਦ ਵਿੱਚ ਚੱਲ ਰਹੀ ਮੁਸ਼ਕਿਲ ਹੱਲ ਕਰਵਾਉਣ ਲਈ ਪੰਜਾਬ ਅੰਦਰ ਸੰਗਰੂਰ ਵਿੱਚ ਬਡਰੁੱਖਾਂ, ਮੋਗਾ ਵਿੱਚ ਡਬਰੂ, ਕਪੂਰਥਲਾ ਵਿੱਚ ਫਗਵਾੜਾ, ਗੁਰਦਾਸਪੁਰ ਦੇ ਸਠਿਆਲੀ, ਬਠਿੰਡਾ ਵਿੱਚ ਜੱਸੀ ਚੌਕ ਵਿਖੇ ਮੁੱਖ ਸੜਕਾਂ ਜਾਮ ਕਰਕੇ ਅਣਮਿੱਥੇ ਸਮੇਂ ਲਈ ਕੱਲ੍ਹ ਤੋਂ ਸ਼ੁਰੂ ਧਰਨਾ ਪ੍ਰਦਰਸ਼ਨ ਦੇ ਚੱਲਦੇ ਪੰਜਾਬ ਸਰਕਾਰ ਵੱਲੋਂ ਫੂਡ ਸਪਲਾਈ ਮੰਤਰੀ ਕਟਾਰੂਚੱਕ ਅਤੇ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਜਥੇਬੰਦੀਆਂ ਦੇ ਆਗੂਆਂ ਨਾਲ ਫਗਵਾੜਾ ਵਿਖੇ ਮੀਟਿੰਗ ਕੀਤੀ ਗਈ। 


COMMERCIAL BREAK
SCROLL TO CONTINUE READING

ਇਸ ਮੌਕੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਅਤੇ ਮਨਜੀਤ ਸਿੰਘ ਰਾਏ ਨੇ ਮੀਡੀਆ ਰਾਹੀਂ ਜਾਣਕਾਰੀ ਦਿੰਦੇ ਕਿਹਾ ਕਿ ਝੋਨੇ ਦੀ ਫ਼ਸਲ ਦੀ ਖਰੀਦ ਦਾ ਸੰਕਟ ਬਣਿਆ ਹੋਇਆ ਹੈ, ਜਿਸਦੇ ਚੱਲਦੇ ਦੋਨਾਂ ਫੋਰਮਾਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ।  ਉਨ੍ਹਾਂ ਨੇ ਕਿਹਾ ਕਿ ਜਥੇਬੰਦੀਆਂ ਵੱਲੋਂ ਜ਼ਬਰਦਸਤ ਤਰੀਕੇ ਨਾਲ ਮਸਲਾ ਰੱਖੇ ਜਾਣ ਉਤੇ ਸਰਕਾਰ ਵੱਲੋਂ ਮੰਨਿਆ ਗਿਆ ਕਿ ਮੰਡੀਆਂ ਵਿੱਚ ਨਮੀ ਦੀ ਸ਼ਰਤ ਪੂਰੀ ਕਰਨ ਉਤੇ ਵੀ ਘੱਟ ਰੇਟ ਉਤੇ ਵਿਕਣ ਵਾਲੀ ਫ਼ਸਲ ਦੇ ਰੇਟ ਉਤੇ ਮੰਡੀ ਵਿੱਚ ਲਗਾਏ ਗਏ ਨਾਜਾਇਜ਼ ਕੱਟ ਦੀ ਭਰਪਾਈ ਆੜ੍ਹਤੀਏ ਵੱਲੋਂ ਕਾਰਵਾਈ ਜਾਵੇਗੀ ਅਤੇ ਅਜਿਹਾ ਨਾ ਹੋਣ ਦੀ ਹਾਲਾਤ ਵਿੱਚ ਆੜ੍ਹਤੀਏ ਉਤੇ ਬਣਦੀ ਕਾਰਵਾਈ ਕੀਤੀ ਜਾਵੇਗੀ। 


ਚੀਫ਼ ਮੰਡੀ ਬੋਰਡ ਵੱਲੋਂ ਕਿਹਾ ਗਿਆ ਕਿ 140 ਲੱਖ ਮੀਟ੍ਰਿਕ ਟਨ ਝੋਨੇ ਲਈ 3850 ਸ਼ੈਲਰਾਂ ਨਾਲ ਸਮਝੌਤੇ ਕੀਤੇ ਗਏ ਹਨ ਤੇ ਜਿਨ੍ਹਾਂ ਵਿੱਚੋਂ 2900 ਕਾਰਜ਼ਸ਼ੀਲ ਹਨ ਅਤੇ ਆਗੂਆਂ ਵੱਲੋਂ ਇਸ ਉਤੇ ਮੰਗ ਕੀਤੀ ਗਈ ਕਿ ਐਗਰੀਮੈਂਟ ਨੂੰ ਅਖਬਾਰ ਪ੍ਰੈਸ ਰਿਲੀਜ਼ ਰਾਹੀਂ ਜਨਤਕ ਕੀਤਾ ਜਾਵੇ, ਜਿਸ ਉਤੇ ਸਰਕਾਰ ਵੱਲੋਂ ਸਹਿਮਤੀ ਪ੍ਰਗਟ ਕੀਤੀ ਗਈ। ਸਰਕਾਰ ਵੱਲੋਂ ਦੱਸਿਆ ਗਿਆ ਕਿ 40 ਲੱਖ ਮੀਟ੍ਰਿਕ ਟਨ ਲਈ ਆਰਓ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।


ਕਿਸਾਨ ਆਗੂਆਂ ਵੱਲੋਂ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ ਇਨ੍ਹਾਂ ਮੰਤਰੀਆਂ ਨੇ ਮੰਨਿਆ ਕਿ ਅੱਜ ਦੀ ਤਰੀਕ ਤੱਕ 19 ਲੱਖ ਮੀਟ੍ਰਿਕ ਟਨ ਦੀ ਲਿਫਟਿੰਗ ਕੀਤੀ ਗਈ ਹੈ ਜਿਸ ਉਤੇ ਕਿਸਾਨ ਆਗੂਆਂ ਕਿਹਾ ਕਿ ਅੱਜ ਸਰਕਾਰੀ ਅੰਕੜਿਆਂ ਅਨੁਸਾਰ 49 ਲੱਖ ਟਨ ਝੋਨਾ ਮੰਡੀਆਂ ਚ ਆ ਚੁੱਕਾ ਹੈ। ਮਤਲਬ 30 ਲੱਖ ਟਨ ਝੋਨਾ ਮੰਡੀਆਂ ਵਿੱਚ ਪਿਆ ਹੈ, ਜਿਸ ਕਰਕੇ ਮੰਡੀਆਂ ਬਲਾਕ ਹੋਈਆਂ ਪਈਆਂ ਹਨ। ਕਿਸਾਨ ਆਗੂਆਂ ਨੇ ਪੁੱਛਿਆ ਕਿ ਝੋਨੇ ਦੇ ਮੁੱਦੇ ਨੂੰ ਲੈ ਕੇ ਕੇਂਦਰ ਸਰਕਾਰ ਨਾਲ ਮੁੱਖ ਮੰਤਰੀ ਦੀ ਮੁਲਾਕਾਤ ਵਿੱਚ ਹੋਈ ਗੱਲਬਾਤ ਨੂੰ ਜਨਤਕ ਕੀਤਾ ਜਾਵੇ।


ਕਿਸਾਨ ਆਗੂਆਂ ਦੁਆਰਾ ਮੰਗ ਰੱਖੀ ਗਈ ਕਿ ਪੂਰੇ ਕਿਸਾਨਾਂ ਦੇ ਝੋਨੇ ਦੀ ਪ੍ਰੋਕਓਰਮਿੰਟ ਤੱਕ ਮੰਡੀ ਖੁੱਲ੍ਹੀ ਰੱਖੀ ਜਾਵੇ। ਇਸ ਮੰਗ ਉਤੇ ਸਰਕਾਰ ਵੱਲੋਂ ਸਹਿਮਤੀ ਪ੍ਰਗਟ ਕੀਤੀ ਗਈ । ਆਗੂਆਂ ਵੱਲੋਂ ਕਣਕ ਦੀ ਬਿਜਾਈ ਲਈ ਡੀਏਪੀ ਦੀ ਕਮੀ ਨੂੰ ਪੂਰਾ ਕਰਨ ਲਈ ਤਿਆਰੀ ਕੀਤੀ ਜਾਵੇ, ਜਿਸ ਉਤੇ ਸਰਕਾਰ ਵੱਲੋਂ ਕਿਹਾ ਗਿਆ ਕਿ ਕੋਆਪਰੇਟਿਵ ਸੁਸਾਇਟੀਆ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਕੋਈ ਵੀ ਆਮ ਕਿਸਾਨ ਆਪਣਾ ਆਧਾਰ ਕਾਰਡ ਦਿਖਾ ਕੇ ਨਕਦ ਡੀਏਪੀ ਲੈ ਸਕਦਾ ਹੈ।


ਇਸ ਪਿੱਛੋਂ ਕਿਸਾਨ ਆਗੂਆਂ ਕਿਹਾ ਕਿ ਸਰਕਾਰ ਦੁਆਰਾ ਦਿੱਤੇ ਗਏ ਭਰੋਸੇ ਅਤੇ 1-2 ਦਿਨਾਂ ਵਿੱਚ ਹਾਲਾਤ ਸੁਧਾਰਨ ਦਾ ਭਰੋਸਾ ਦਿਵਾਉਣ ਤੋਂ ਬਾਅਦ ਜਥੇਬੰਦੀਆਂ ਵੱਲੋਂ ਰੋਡ ਜਾਮ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ ਪਰ ਰੋਡ ਸਾਈਡ ਉਤੇ ਬੈਠ ਕੇ ਸੰਕੇਤਕ ਧਰਨਾ ਜਾਰੀ ਰਹੇਗਾ ਅਤੇ ਜੇਕਰ ਆਉਂਦੇ ਦਿਨਾਂ ਵਿੱਚ ਹਾਲਾਤ ਸੁਧਾਰ ਨਾ ਹੋਇਆ ਤਾਂ ਫਿਰ ਤੋਂ ਤਿੱਖੇ ਐਕਸ਼ਨ ਕੀਤੇ ਜਾਣਗੇ। 


ਇਸ ਮੌਕੇ ਦਿਲਬਾਗ ਸਿੰਘ ਹਰੀਗੜ੍ਹ, ਗੁਰਿੰਦਰ ਸਿੰਘ ਭੰਗੂ, ਸਵਿੰਦਰ ਸਿੰਘ ਚੁਤਾਲਾ, ਜਸਬੀਰ ਸਿੰਘ ਸਿੱਧੂਪੁਰ,ਸਤਨਾਮ ਸਿੰਘ ਬਹਿਰੂ, ਸਤਨਾਮ ਸਿੰਘ ਸਾਹਨੀ, ਸੁਖਜਿੰਦਰ ਸਿੰਘ ਖੋਸਾ, ਹਰਪ੍ਰੀਤ ਸਿੰਘ ਸਿੱਧਵਾਂ, ਸੁਖਜੀਤ ਸਿੰਘ ਹਰਦੋਝੰਡੇ, ਜਰਮਨਜੀਤ ਸਿੰਘ ਬੰਡਾਲਾ, ਹਰਸੁਲਿੰਦਰ ਸਿੰਘ ਢਿੱਲੋਂ, ਸੁਰਜੀਤ ਸਿੰਘ ਫੂਲ, ਬਲਦੇਵ ਸਿੰਘ ਜੀਰਾ, ਬਲਵੰਤ ਸਿੰਘ ਬਹਿਰਾਮਕੇ, ਰਣਜੀਤ ਸਿੰਘ ਕਲੇਰ ਬਾਲਾ, ਸੁਖਪਾਲ ਸਿੰਘ ਡੱਫਰ, ਅਮਰਜੀਤ ਸਿੰਘ ਰੜਾ, ਕੰਵਰਦਲੀਪ ਸੈਦੋਲੇਹਲ  ਸਮੇਤ ਹਜ਼ਾਰਾਂ ਕਿਸਾਨ ਮਜਦੂਰ ਅਤੇ ਔਰਤਾਂ ਹਾਜ਼ਰ ਰਹੇ।