Dhuri News: ਸੂਬਾ ਸਰਕਾਰ ਵੱਲੋਂ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਨ੍ਹਾਂ ਦਾਅਵਿਆਂ ਦੀ ਫੂਕ ਮੁੱਖ ਮੰਤਰੀ ਦੇ ਹਲਕੇ ਧੂਰੀ ਵਿੱਚ ਨਿਕਲਦੀ ਜਾਪਦੀ ਹੈ। ਮੁੱਖ ਮੰਤਰੀ ਦੇ ਹਲਕੇ ਧੂਰੀ ਦੇ ਵੱਖ-ਵੱਖ ਵਾਰਡਾਂ ਵਿੱਚ ਸੀਵਰੇਜ ਦੇ ਖੜ੍ਹੇ ਗੰਦੇ ਪਾਣੀ ਕਾਰਨ ਲੋਕਾਂ ਨੂੰ ਭਿਆਨਕ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਪ੍ਰਸ਼ਾਸਨ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ ਹੈ।


COMMERCIAL BREAK
SCROLL TO CONTINUE READING

ਗੰਦੇ ਪਾਣੀ ਕਾਰਨ ਕਈ ਵਾਰਡਾਂ ਦੇ ਲੋਕਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੰਦੇ ਪਾਣੀ ਕਾਰਨ ਭਿਆਨਕ ਬਿਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਹੋਇਆ ਹੈ। ਸਮਾਜ ਸੇਵੀ ਸ਼ੁਭਮ ਸ਼ਰਮਾ ਨੇ ਸਰਕਾਰ ਉਪਰ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਕਦੇ ਕਿਸੇ ਸਰਕਾਰ ਨੇ ਇਸ ਮੁਹੱਲੇ ਦੇ ਦੁੱਖ ਨੂੰ ਨਹੀਂ ਸਮਝਿਆ। 


ਜਦੋਂ ਇਸ ਬਾਰੇ ਮੁਹੱਲਾ ਵਾਸੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਇਥੇ ਵੋਟਾਂ ਤੋਂ ਪਹਿਲਾਂ ਭਗਵੰਤ ਮਾਨ ਦੇ ਮਾਤਾ ਜੀ ਵੀ ਆਏ ਸਨ ਤੇ ਉਨ੍ਹਾਂ ਨੇ ਕਿਹਾ ਸੀ ਕਿ ਵੋਟਾਂ ਵਿੱਚ ਜਿੱਤ ਕੇ ਪਹਿਲ ਦੇ ਆਧਾਰ ਉਤੇ ਇਸ ਮੁਹੱਲੇ ਦਾ ਕੰਮ ਕੀਤਾ ਜਾਵੇਗਾ ਪਰ ਅੱਜ ਉਨ੍ਹਾਂ ਨੂੰ 3 ਸਾਲ ਦੇ ਕਰੀਬ ਹੋ ਚੱਲੇ ਹਨ ਪਰ ਅਤੇ ਤੱਕ ਕੋਈ ਵੀ ਸਰਕਾਰ ਦਾ ਨੁਮਾਇੰਦਾ ਇਥੇ ਨਹੀਂ ਪੁੱਜਿਆ। ਔਰਤਾਂ ਨੇ ਕਿਹਾ ਕਿ ਬੱਚਿਆਂ ਨੂੰ ਜਦੋਂ ਸਕੂਲ ਛੱਡਣ ਲਈ ਜਾਂਦੀਆਂ ਹਨ ਤਾਂ ਬੱਚੇ ਗੰਦੇ ਪਾਣੀ ਨਾਲ ਲਿਬੜ ਜਾਂਦੇ ਹਨ। ਇਸ ਤੋਂ ਇਲਾਵਾ ਬੱਸ ਚੜ੍ਹਨ ਵੇਲੇ ਉਹ ਇਸ ਗੰਦਗੀ ਵਿਚ ਫਸ ਜਾਂਦੇ ਹਨ ਅਤੇ ਘਰਾਂ ਵਿੱਚੋਂ ਮੁਸ਼ਕ ਮਾਰਦੀ ਹੈ।


ਘਰ ਦੇ ਅੰਦਰ ਜਾਣ ਨੂੰ ਦਿਲ ਨਹੀਂ ਕਰਦਾ ਅਤੇ ਨਾ ਹੀ ਰੋਟੀ ਖਾਣ ਨੂੰ ਦਿਲ ਕਰਦਾ ਹੈ। ਇਸ ਲਈ ਉਨ੍ਹਾਂ ਨੇ ਪ੍ਰਸ਼ਾਸਨ ਨੂੰ ਮੈਮੋਰੰਡਮ ਦਿੱਤਾ ਹੈ ਪਰ ਕੋਈ ਅਸਰ ਨਹੀਂ ਦਿਖਾਈ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਰੇਲਾਂ ਰੋਕਣਗੇ। ਜਦੋਂ ਇਸ ਬਾਰੇ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਧੂਰੀ ਦੇ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਵੀ ਪੱਲਾ ਝਾੜਦੇ ਹੋਏ ਕਿਹਾ ਕਿ ਉਥੇ ਜਲਦੀ ਹੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਤੇ ਉਨ੍ਹਾਂ ਦੀ ਮੁਸ਼ਕਲ ਦਾ ਹੱਲ ਕਰ ਲਿਆ ਜਾਵੇਗਾ।