Punjab 95: ਦਿਲਜੀਤ ਦੋਸਾਂਝ ਦੀ ਫਿਲਮ `ਪੰਜਾਬ 95` `ਚ ਸੈਂਸਰ ਬੋਰਡ ਨੇ ਲਗਾਏ 120 ਕੱਟ; ਟਾਈਟਲ ਬਦਲਣ ਦੇ ਹੁਕਮ
Punjab 95: ਦਿਲਜੀਤ ਦੋਸਾਂਝ ਦੀ ਬਹੁ ਚਰਚਿਤ ਫਿਲਮ `ਪੰਜਾਬ 95` ਮੁਸ਼ਕਲਾਂ ਵਿੱਚ ਘਿਰਦੀ ਹੋਈ ਨਜ਼ਰ ਆ ਰਹੀ ਹੈ।
Punjab 95: ਪੰਜਾਬੀ ਅਦਾਕਾਰ ਦਿਲਜੀਤ ਦੋਸਾਂਝ ਦੀ ਬਹੁ ਚਰਚਿਤ ਫਿਲਮ 'ਪੰਜਾਬ 95' ਮੁਸ਼ਕਲਾਂ ਵਿੱਚ ਘਿਰਦੀ ਹੋਈ ਨਜ਼ਰ ਆ ਰਹੀ ਹੈ। ਸਿੱਖ ਸ਼ਖਸੀਅਤ ਸਵ. ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਸੰਘਰਸ਼ ਉਤੇ ਆਧਾਰਿਤ ਉਕਤ ਫ਼ਿਲਮ ਦੇ ਮੁੱਖ ਕਿਰਦਾਰ ਦਾ ਨਾਂ ਬਦਲਣ ਦੀ ਵੀ ਮੰਗ ਸੈਂਸਰ ਬੋਰਡ ਵੱਲੋਂ ਕੀਤੀ ਜਾ ਚੁੱਕੀ ਹੈ, ਜਿਸ ਨੂੰ ਲੈ ਕੇ ਨਿਰਮਾਤਾਵਾਂ ਨੇ ਆਪਣੀ ਨਾਰਾਜ਼ਗੀ ਵੀ ਜ਼ਾਹਿਰ ਕੀਤੀ ਸੀ। ਕਾਬਿਲੇਗੌਰ ਹੈ ਕਿ ਫਿਲਮ 'ਚ ਦਿਲਜੀਤ ਦੁਸਾਂਝ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ।
'ਆਰਐੱਸਵੀਪੀ ਫ਼ਿਲਮਜ਼ ਵੱਲੋ ਪ੍ਰਸਤੁਤ ਕੀਤੀ ਜਾਣ ਵਾਲੀ 'ਪੰਜਾਬ 95' ਫ਼ਿਲਮ ਦਾ ਨਿਰਮਾਣ ਮਸ਼ਹੂਰ ਬਾਲੀਵੁੱਡ ਨਿਰਮਾਤਾ ਰੋਨੀ ਸਕਰੂਵਾਲਾ, ਜਦਕਿ ਨਿਰਦੇਸ਼ਨ ਹਨੀ ਤ੍ਰੇਹਨ ਵੱਲੋਂ ਕੀਤਾ ਗਿਆ ਹੈ, ਜਿਨ੍ਹਾਂ ਵੱਲੋਂ ਬਿੱਗ ਸੈਟਅੱਪ ਅਧੀਨ ਬਣਾਈ ਗਈ ਇਹ ਫ਼ਿਲਮ ਪਿਛਲੇ ਲੰਮੇਂ ਸਮੇਂ ਤੋਂ ਵਿਵਾਦਾਂ 'ਚ ਘਿਰ ਰਹੀ ਹੈ, ਜਿਸ ਦੀ ਦ੍ਰਿਸ਼ਾਂਵਲੀ 'ਚ ਸ਼ਾਮਲ ਕਈ ਸੀਨਜ਼ 'ਤੇ ਇਤਰਾਜ਼ ਪ੍ਰਗਟਾਉਂਦਿਆਂ 85 ਕੱਟ ਲਗਾਏ ਜਾਣ ਦੀ ਹਦਾਇਤ ਪਹਿਲਾਂ ਵੀ ਸੈਂਸਰ ਬੋਰਡ ਵੱਲੋਂ ਕੀਤੀ ਜਾ ਚੁੱਕੀ ਹੈ, ਜਿਸ ਨੂੰ ਹੁਣ ਵਧਾ ਕੇ 120 ਕੱਟਾਂ 'ਚ ਤਬਦੀਲ ਕਰ ਦਿੱਤਾ ਗਿਆ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਉਤੇ ਨਾਰਾਜ਼ਗੀ ਜ਼ਾਹਿਰ ਕੀਤੀ ਗਈ ਹੈ। ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਜਸਵੰਤ ਸਿੰਘ ਖਾਲੜਾ ਦੇ ਨਾਮ ਨੂੰ ਮਿਟਾ ਕੇ ਭਾਜਪਾ ਕਾਂਗਰਸ ਦੇ ਜ਼ੁਲਮਾਂ ਉਤੇ ਪੜਦਾ ਕਿਉਂ ਪਾਉਣਾ ਚਾਹੁੰਦੀ ਹੈ।
ਇਹ ਬਦਲਾਅ ਕਰਨ ਦੇ ਹੁਕਮ
ਫਿਲਮ ਦਾ ਟਾਈਟਲ 'ਪੰਜਾਬ 95' ਰੱਖਿਆ ਗਿਆ ਹੈ। ਜਸਵੰਤ ਸਿੰਘ ਖਾਲੜਾ ਸਾਲ 1995 ਵਿੱਚ ਲਾਪਤਾ ਹੋ ਗਿਆ ਸੀ, ਇਸ ਲਈ ਸੈਂਸਰ ਬੋਰਡ ਕਮੇਟੀ ਨੇ ਸਿਰਲੇਖ ਬਦਲਣ ਦੀ ਮੰਗ ਕੀਤੀ ਸੀ। ਇਸ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ।
ਮਿਡ-ਡੇਅ ਦੀ ਤਾਜ਼ਾ ਰਿਪੋਰਟ ਮੁਤਾਬਕ ਸੈਂਸਰ ਬੋਰਡ ਦੀ ਨਵੀਂ ਕਮੇਟੀ ਨੇ ਫਿਲਮ ਨਿਰਮਾਤਾਵਾਂ ਨੂੰ ਫਿਲਮ ਦੇ ਉਨ੍ਹਾਂ ਸਾਰੇ ਦ੍ਰਿਸ਼ਾਂ 'ਚ ਬਦਲਾਅ ਕਰਨ ਦੇ ਹੁਕਮ ਦਿੱਤੇ ਹਨ, ਜਿੱਥੇ ਪੰਜਾਬ ਅਤੇ ਇਸ ਦੇ ਜ਼ਿਲ੍ਹਾ ਤਰਨਤਾਰਨ ਸਾਹਿਬ ਦਾ ਜ਼ਿਕਰ ਕੀਤਾ ਗਿਆ ਹੈ।
ਫਿਲਮ ਵਿੱਚ ਦਿਖਾਏ ਗਏ ਕੈਨੇਡਾ ਤੇ ਯੂਕੇ ਦੇ ਹਵਾਲੇ ਹਟਾਉਣ ਦੀ ਵੀ ਮੰਗ ਕੀਤੀ ਗਈ ਹੈ।
ਕਮੇਟੀ ਨੇ ਫਿਲਮ ਦੇ ਮੁੱਖ ਕਿਰਦਾਰ ਜਸਵੰਤ ਸਿੰਘ ਖਾਲੜਾ ਦਾ ਨਾਂ ਬਦਲਣ ਲਈ ਵੀ ਕਿਹਾ ਹੈ।
ਫਿਲਮ ਵਿੱਚੋਂ ਗੁਰਬਾਣੀ ਦੇ ਦ੍ਰਿਸ਼ ਵੀ ਹਟਾ ਦਿੱਤੇ ਜਾਣ ਦੀ ਹਦਾਇਤ ਕੀਤੀ ਗਈ ਹੈ।