Diwali 2024 (ਬਿਮਲ ਸ਼ਰਮਾ):  ਆਧੁਨਿਕਤਾ ਦੇ ਦੌਰ ਵਿੱਚ ਦੀਵਾਲੀ ਉਤੇ ਦੀਵੇ ਤੇ ਮੂਰਤੀਆਂ ਬਣਾਉਣ ਵਾਲੇ ਘੁਮਿਆਰ ਆਪਣੇ ਘਰਾਂ ਵਿੱਚ ਰੋਸ਼ਨੀ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ ਅਤੇ ਆਪਣੀ ਪੁਸ਼ਤੈਨੀ ਕਲਾ ਤੇ ਕਾਰੋਬਾਰ ਤੋਂ ਮੂੰਹ ਮੋੜ ਰਹੇ ਹਨ। ਕਿਰਤੀਆਂ ਦੀ ਮਿੱਟੀ ਦੇ ਬਰਤਨ ਤੇ ਦੀਵੇ ਬਣਾਉਣ ਲਈ ਮਿਹਨਤ ਬਹੁਤ ਲੱਗਦੀ ਹੈ ਪਰ ਮਿਹਨਤ ਦਾ ਵਾਜਿਬ ਮੁੱਲ ਨਹੀਂ ਮਿਲਦਾ ਜਿਸ ਕਰਕੇ ਉਨ੍ਹਾਂ ਦੀ ਅਗਲੀ ਪੀੜ੍ਹੀ ਇਹ ਕਿੱਤਾ ਨਹੀਂ ਕਰਨਾ ਚਾਹੁੰਦੀ।


COMMERCIAL BREAK
SCROLL TO CONTINUE READING

 ਰੋਜ਼ੀ-ਰੋਟੀ ਦਾ ਸਾਧਨ


ਘੁਮਿਆਰਾਂ ਲਈ ਦੀਵਾਲੀ ਸਿਰਫ਼ ਤਿਉਹਾਰ ਹੀ ਨਹੀਂ ਸਗੋਂ ਰੋਜ਼ੀ-ਰੋਟੀ ਦਾ ਸਾਧਨ ਹੈ। ਆਧੁਨਿਕਤਾ ਦੇ ਦੌਰ ਵਿੱਚ ਦੀਵਿਆਂ ਦੀ ਜਗ੍ਹਾ ਚਾਈਨੀਜ਼ ਲੜੀਆਂ ਨੇ ਲੈ ਲਈ ਸੀ ਪਰ ਹੌਲੀ-ਹੌਲੀ ਲੋਕਾਂ ਦਾ ਚਾਈਨੀਜ਼ ਲਾਈਟਾਂ ਛੱਡ ਕੇ ਦੀਵਿਆਂ ਵੱਲ ਰੁਝਾਨ ਵੱਧ ਰਿਹਾ ਹੈ। ਦੂਸਰੇ ਪਾਸੇ ਕਾਰੀਗਰਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ, ਹਿਮਾਚਲ ਸਰਕਾਰ ਵਾਂਗ ਇਨ੍ਹਾਂ ਲਈ ਵਰਤੇ ਜਾਂਦੇ ਸੰਦ ਮੁਫ਼ਤ ਮੁਹੱਈਆ ਕਰਵਾਏ ਤੇ ਅਲੋਪ ਹੁੰਦੀ ਜਾ ਰਹੀ ਵਿਰਾਸਤ ਸਾਂਭੀ ਜਾ ਸਕੇ।


ਦੀਵਾਲੀ ਦਾ ਅਰਥ
ਦੀਵਾਲੀ ਦਾ ਅਰਥ ਹੈ ਦੀਵਿਆਂ ਦੀ ਕਤਾਰ। ਦੀਪਾਵਲੀ ਸ਼ਬਦ ‘ਦੀਪ’ ਅਤੇ ‘ਆਵਲੀ’ ਦੇ ਸੁਮੇਲ ਤੋਂ ਬਣਿਆ ਹੈ। ਆਵਲੀ ਦਾ ਅਰਥ ਹੈ ਕਤਾਰ, ਇਸ ਤਰ੍ਹਾਂ ਦੀਪਾਵਲੀ ਸ਼ਬਦ ਦਾ ਅਰਥ ਹੈ ਦੀਵਿਆਂ ਦੀ ਕਤਾਰ। ਕਰਵਾ ਚੌਥ ਹੋਵੇ ਜਾਂ ਅਹੋਈ , ਅਸ਼ਟਮੀ , ਦੀਪਾਵਲੀ ਜਾਂ ਕੋਈ ਹੋਰ ਤਿਉਹਾਰ ਘੁਮਿਆਰ ਦੇ ਚੱਕਰ ਤੇ ਭਾਂਡਿਆਂ ਤੋਂ ਬਿਨਾਂ ਅਧੂਰਾ ਹੈ। ਪਿੰਡਾਂ ਵਿੱਚ ਦੀਵਾਲੀ ਮੌਕੇ ਦੀਵਿਆਂ ਨੂੰ ਖ਼ਾਸ ਮਹੱਤਤਾ ਦਿੱਤੀ ਜਾਂਦੀ ਸੀ ਤੇ ਲੋਕ ਘਰਾਂ ਵਿੱਚ ਮਿੱਟੀ ਦੇ ਬਣੇ ਦੀਵੇ ਹੀ ਬਾਲਦੇ ਸਨ ਪਰ ਆਧੁਨਿਕਤਾ ਨੇ ਕਿਤੇ ਨਾ ਕਿਤੇ ਇਸ ਵਿਰਾਸਤ ਨੂੰ ਕਾਫੀ ਸੱਟ ਮਾਰੀ ਹੈ।


ਦੀਵਾਲੀ ਮਨਾਉਣ ਦਾ ਬਦਲ ਰਹੇ ਤੌਰ ਤਰੀਕੇ


ਘੁਮਿਆਰ ਦੇ ਪਹੀਏ ਤੋਂ ਬਣੇ ਵਿਸ਼ੇਸ਼ ਦੀਵੇ ਦੀਵਾਲੀ 'ਤੇ ਇਨ੍ਹਾਂ ਤਿਉਹਾਰਾਂ ਚਾਰ ਚੰਨ ਲਾਉਂਦੇ ਹਨ ਪਰ ਤਿਉਹਾਰਾਂ ਨੂੰ ਮਨਾਉਣ ਦੇ ਬਦਲਦੇ ਢੰਗ ਤੇ ਆਧੁਨਿਕ ਮਾਹੌਲ 'ਚ ਮਿੱਟੀ ਨੂੰ ਆਕਾਰ ਦੇਣ ਵਾਲੇ ਘੁਮਿਆਰ ਅੱਜ ਆਧੁਨਿਕੀਕਰਨ ਦਾ ਸ਼ਿਕਾਰ ਹੋ ਰਹੇ ਹਨ। ਬਾਜ਼ਾਰਾਂ ਵਿੱਚ ਚਾਈਨੀਜ਼ ਲੜੀਆਂ ਦੀ ਚਮਕ ਮਿੱਟੀ ਦੇ ਦੀਵੇ ਦੀ ਰੌਸ਼ਨੀ ਨੂੰ ਫਿੱਕੀ ਪਾਉਣ ਲੱਗੀ ਹੈ। ਸਦੀਆਂ ਤੋਂ ਅਸੀਂ ਆਪਣੇ ਘਰਾਂ ਵਿੱਚ ਮਿੱਟੀ ਦੇ ਦੀਵੇ ਜਗਾ ਕੇ ਦੀਵਾਲੀ ਮਨਾਉਂਦੇ ਆ ਰਹੇ ਹਾਂ ਪਰ ਅੱਜ ਬਾਜ਼ਾਰ ਵਿੱਚ ਚੀਨੀ ਦੀਵਿਆਂ ਨੇ ਮਿੱਟੀ ਦੇ ਦੀਵਿਆਂ ਦੀ ਮਹਿਕ ਖੋਹ ਲਈ ਹੈ।  ਜਿਸ ਕਾਰਨ ਘੁਮਿਆਰ ਦੁਖੀ ਹੋ ਰਹੇ ਹਨ।


ਦੀਵਾਲੀ ਮੌਕੇ ਘਰ-ਘਰ ਦੀਵੇ ਜਗਾਉਣ ਵਾਲੇ ਘੁਮਿਆਰਾਂ ਦੇ ਘਰਾਂ 'ਤੇ ਵੀ ਆਧੁਨਿਕਤਾ ਦੀ ਮਾਰ ਪਈ ਹੈ।  ਜਿਸ ਕਾਰਨ ਦੀਵੇ ਬਣਾਉਣ ਵਾਲੇ ਖੁਦ ਦੀਵੇ ਜਗਾਉਣ ਤੋਂ ਵਾਂਝੇ ਰਹਿ ਜਾਂਦੇ ਹਨ ਅਤੇ ਉਨ੍ਹਾਂ ਦੇ ਘਰ ਹਨੇਰਾ ਬਣਿਆ ਰਹਿੰਦਾ ਹੈ। ਇਸ ਨੂੰ ਵਿਡੰਬਨਾ ਨਹੀਂ ਤਾਂ ਹੋਰ ਕੀ ਕਿਹਾ ਜਾਵੇ ਕਿ ਦੀਵਾਲੀ ਵਾਲੇ ਦਿਨ ਲੋਕ ਆਪਣੇ ਘਰਾਂ ਵਿੱਚ ਲਕਸ਼ਮੀ ਦੇ ਆਗਮਨ ਲਈ ਮੂਰਤੀਆਂ ਅਤੇ ਦੀਵਿਆਂ ਰਾਹੀਂ ਲਕਸ਼ਮੀ ਗਣੇਸ਼ ਦੀ ਪੂਜਾ ਕਰਦੇ ਹਾਂ। ਪਰ ਉਹ ਉਨ੍ਹਾਂ ਘੁਮਿਆਰਾਂ ਤੋਂ ਬਹੁਤ ਦੂਰ ਹੈ ਜਿਨ੍ਹਾਂ ਨੇ ਇਨ੍ਹਾਂ ਨੂੰ ਮੂਰਤੀ ਬਣਾਇਆ ਸੀ। ਰਵਾਇਤੀ ਦੀਵਿਆਂ ਦੀ ਥਾਂ ਮੋਮਬੱਤੀਆਂ ਤੇ ਰੰਗੀਨ ਬਿਜਲੀ ਦੇ ਬਲਬਾਂ ਨੇ ਲੈ ਲਈ ਹੈ।


ਘੁਮਿਆਰ ਅਨੁਸਾਰ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਲੋਕ ਦੀਵੇ ਦੀ ਖਰੀਦਦਾਰੀ ਕਰ ਰਹੇ ਹਨ। ਹੁਣ ਹੌਲੀ-ਹੌਲੀ ਲੋਕ ਦੀਵੇ ਨੂੰ ਅਪਣਾ ਰਹੇ ਹਨ,  ਜਦੋਂ ਕਿ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਦੀਵਾਲੀ ਤਾਂ ਦੀਵੇ ਨਾਲ ਹੀ ਮਨਾਈ ਜਾਂਦੀ ਹੈ। ਉੱਥੇ ਇਨ੍ਹਾਂ ਨੂੰ ਬਣਾਉਣ ਵਾਲੇ ਘੁਮਿਆਰਾਂ ਲਈ ਰੋਜ਼ੀ-ਰੋਟੀ ਦਾ ਸਾਧਨ ਵੀ ਬਣਿਆ ਰਹਿੰਦਾ ਹੈ। ਇਨ੍ਹਾਂ ਕਾਰੀਗਰਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੀ ਹਿਮਾਚਲ ਸਰਕਾਰ ਵਾਂਗ ਕਾਰੀਗਰਾਂ ਦੀ ਹੱਥ ਫੜੇ , ਜਿਸ ਤਰੀਕੇ ਨਾਲ ਹਿਮਾਚਲ ਸਰਕਾਰ ਵੱਲੋਂ ਸੰਦ ਮੁਫ਼ਤ ਵਿੱਚ ਦਿੱਤੇ ਜਾਂਦੇ ਹਨ ਪੰਜਾਬ ਸਰਕਾਰ ਵੀ ਦੇਵੇ ਤੇ ਇਸ ਵਿਰਾਸਤ ਨੂੰ ਬਚਾਵੇ।


ਦੀਵੇ ਹੋ ਰਹੇ ਅਲੋਪ


ਆਉਣ ਵਾਲੇ ਸਮੇਂ ਵਿੱਚ ਸ਼ਾਇਦ ਅਜਿਹਾ ਦਿਨ ਨਾ ਆਵੇ ਜਦੋਂ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਇਹ ਕਹਾਣੀ ਸੁਣਾਉਣੀ ਪਵੇ ਕਿ ਇੱਕ ਘੁਮਿਆਰ ਸੀ। ਇਸ ਤੋਂ ਜਾਪਦਾ ਹੈ ਕਿ ਸ਼ਾਇਦ ਘੁਮਿਆਰ ਦਾ ਚਰਖਾ ਰੁੱਕ ਜਾਵੇਗਾ ਅਤੇ ਘੁਮਿਆਰ ਕਹਾਣੀਆਂ ਵਿਚ ਹੀ ਸੁਣਨ ਨੂੰ ਮਿਲੇਗਾ। ਕਾਫੀ ਮਿਹਨਤ ਤੋਂ ਬਾਅਦ ਫੁੱਟਪਾਥ 'ਤੇ ਦੁਕਾਨ ਬਣਾ ਕੇ ਦੀਵੇ ਬਣਾਉਣ ਤੇ ਵੇਚਣ ਵਾਲੇ ਘੁਮਿਆਰ ਜਿੱਥੇ ਬਾਜ਼ਾਰ 'ਚ ਗਾਹਕ ਨੂੰ ਤਰਸਦੇ ਹਨ।


ਦੀਵਿਆਂ ਦਾ ਨਹੀਂ ਮਿਲਦਾ ਵਾਜਿਬ ਮੁੱਲ


ਜੇਕਰ ਅਸੀਂ ਦੀਵੇ ਬਣਾਉਣ ਵਾਲੇ ਘੁਮਿਆਰਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਅਨੁਸਾਰ ਦੀਵੇ ਬਣਾਉਣ ਲਈ ਉਨ੍ਹਾਂ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ, ਪਹਿਲਾਂ ਮਿੱਟੀ ਨੂੰ ਦੂਰੋਂ ਲਿਆਉਣਾ ਪੈਂਦਾ ਹੈ, ਉਸ ਤੋਂ ਬਾਅਦ ਇਸ ਨੂੰ ਛਾਨਣਾ ਪੈਂਦਾ ਹੈ। ਉਸ ਤੋਂ ਬਾਅਦ ਗੁੰਨ੍ਹ ਕੇ ਇਸ ਨੂੰ ਸੁਕਾ ਕੇ ਅੱਗ ਵਿਚ ਪਕਾਇਆ ਜਾਂਦਾ ਹੈ, ਕਾਫੀ ਮਿਹਨਤ ਤੋਂ ਬਾਅਦ ਦੀਵੇ ਤਿਆਰ ਹੁੰਦੇ ਹਨ।
ਇਹ ਵੀ ਮਿਹਨਤ ਦੇ ਬਾਵਜੂਦ ਉਨ੍ਹਾਂ ਨੇ ਭੋਲਾ ਦੀ ਮਿਹਨਤ ਦਾ ਮੁੱਲ ਨਹੀਂ ਮਿਲਦਾ। ਦੀਵਾ ਬਣਾਉਣ ਵਾਲੇ ਕਾਰੀਗਰ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਇਹ ਕੰਮ ਨਹੀਂ ਕਰਨਾ ਚਾਹੁੰਦੇ ਕਿਉਂਕਿ ਇਹ ਬਹੁਤ ਸਖ਼ਤ ਮਿਹਨਤ ਦਾ ਕੰਮ ਹੁੰਦਾ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਉਚਿਤ ਮੁੱਲ ਵੀ ਨਹੀਂ ਮਿਲਦਾ।