ਥਾਣੇ ’ਚੋਂ ਗਾਇਬ ਹੋਇਆ ਹਥਿਆਰ ਨਸ਼ਾ ਤਸਕਰ ਤੋਂ ਬਰਾਮਦ, ਪੁਲਿਸ ਨੂੰ ਹੱਥਾਂ-ਪੈਰਾਂ ਦੀ ਪਈ
ਬਠਿੰਡਾ ਦੇ ਥਾਣੇ ’ਚ ਜਮ੍ਹਾ ਕਰਵਾਇਆ ਗਿਆ ਅਸਲਾ ਇੱਕ ਨਸ਼ਾ ਸਪਲਾਈ ਕਰਨ ਵਾਲੇ ਵਿਅਕਤੀ ਤੋਂ ਬਰਾਮਦ ਹੋਇਆ ਤਾਂ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪੈ ਗਈ।
Weapons missing from Police station: ਸੂਬਾ ਸਰਕਾਰ ਵਲੋਂ ਜਿੱਥੇ ਹਥਿਆਰਾਂ ਦੀ ਨੁਮਾਇਸ਼ ਕਰਨ ’ਤੇ ਸਖ਼ਤੀ ਕੀਤੀ ਜਾ ਰਹੀ ਹੈ, ਉੱਥੇ ਹੀ ਹੁਣ ਪੁਲਿਸ ਥਾਣੇ ’ਚੋਂ ਹਥਿਆਰ ਗਾਇਬ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਜ਼ਿਕਰਯੋਗ ਹੈ ਕਿ ਬਠਿੰਡਾ ਦੇ ਭਗਤਾ ਥਾਣੇ ’ਚੋਂ 1 ਦਰਜਨ ਦੇ ਕਰੀਬ ਹਥਿਆਰ ਗਾਇਬ ਹੋ ਗਏ ਹਨ, ਜੋ ਕਿ ਇਸ ਸਮੇਂ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਵਲੋਂ ਮਾਮਲੇ ਦੀ ਜਾਂਚ ਲਈ SIT ਦਾ ਗਠਨ ਕੀਤਾ ਗਿਆ ਹੈ।
ਮਾਮਲਾ ਜ਼ਿਲ੍ਹਾ ਬਠਿੰਡਾ ਦੇ ਅਧੀਨ ਆਉਂਦੇ ਥਾਣਾ ਦਿਆਲਪੁਰਾ ਦਾ ਹੈ, ਜਿੱਥੇ ਪ੍ਰੀਤਮ ਸਿੰਘ ਨਾਮ ਦੇ ਨੌਜਵਾਨ ਵਲੋਂ ਆਪਣਾ ਲਾਇਸੰਸੀ ਹਥਿਆਰ ਮਾਲਖ਼ਾਨੇ ’ਚ ਜਮ੍ਹਾ ਕਰਵਾਇਆ ਗਿਆ ਸੀ। ਜਦੋਂ ਥਾਣੇ ’ਚ ਜਮ੍ਹਾ ਕਰਵਾਇਆ ਗਿਆ ਅਸਲਾ ਇੱਕ ਨਸ਼ਾ ਸਪਲਾਈ ਕਰਨ ਵਾਲੇ ਵਿਅਕਤੀ ਤੋਂ ਬਰਾਮਦ ਹੋਇਆ ਤਾਂ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪੈ ਗਈ।
ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਐੱਸ. ਐੱਸ. ਪੀ. ਬਠਿੰਡਾ ਵਲੋਂ ਜਾਂਚ ਲਈ ਐੱਸ. ਆਈ. ਟੀ. (SIT) ਦਾ ਗਠਨ ਕੀਤਾ ਗਿਆ ਹੈ। ਐੱਸਐੱਸਪੀ ਦਾ ਕਹਿਣਾ ਹੈ ਕਿ ਰਿਪੋਰਟ ਆਉਣ ਤੋਂ ਬਾਅਦ ਹੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ, ਹਾਲ ਦੀ ਘੜੀ ਸਬੰਧਤ ਥਾਣੇ ਦੇ ਮੁਣਸੀ ਸੰਦੀਪ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਬਠਿੰਡਾ ਦੇ ਥਾਣੇ ’ਚੋਂ ਹਥਿਆਰ ਗਾਇਬ ਹੋਣ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਥਾਣਾ ਨਥਾਣਾ ਵਿਖੇ ਤਾਇਨਾਤ ਹੋਮਗਾਰਡ ਬਲਜਿੰਦਰ ਸਿੰਘ ਦੇ ਘਰੋਂ ਪੁਲਿਸ ਨੂੰ ਏ. ਕੇ. 47 ਰਾਈਫ਼ਲ ਅਤੇ ਇਕ ਕਾਰਬਾਈਨ ਬਰਾਮਦ ਹੋਈ ਸੀ। ਉਸ ਵੇਲੇ ਵੀ ਐੱਸ. ਐੱਚ. ਓ. ਵਿਕਰਮਜੀਤ ਸਿੰਘ ਨੇ ਕੋਈ ਕਾਰਵਾਈ ਨਹੀਂ ਕੀਤੀ ਸੀ, ਸਗੋਂ ਆਪਣੇ ਪੱਧਰ ’ਤੇ ਹੀ ਮਾਮਲੇ ਨੂੰ ਦਬਾਅ ਦਿੱਤਾ ਸੀ।
ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਹੋਮਗਾਰਡ ਦਾ ਜਵਾਨ ਬਲਜਿੰਦਰ ਸਿੰਘ ਡਿਊਟੀ ਤੋਂ ਬਾਅਦ ਏ. ਕੇ. 47 ਰਾਈਫ਼ਲ ਅਤੇ ਇਕ ਕਾਰਬਾਈਨ ਆਪਣੇ ਘਰ ਲੈ ਗਿਆ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਸ ਦੌਰਾਨ ਦੋਵੇਂ ਸਰਕਾਰੀ ਹਥਿਆਰ ਲੋਡ ਕੀਤੇ ਹੋਏ ਸਨ।
ਇਹ ਵੀ ਪੜ੍ਹੋ: ਪੁਲਿਸ ਵਾਲਾ ਨਿਕਲਿਆ ਨਰਸ ਦਾ ਕਾਤਲ, ਮੋਹਾਲੀ ਦੇ ਪਿੰਡ ਸੋਹਾਣਾ ’ਚ ਵਾਪਰੀ ਸੀ ਵਾਰਦਾਤ