Punjab News: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਤੰਬਾਕੂ ਮੁਕਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੇ ਚਲਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਹੁੱਕਾ ਬਾਰਾਂ 'ਤੇ ਪਾਬੰਦੀ ਲਗਾਉਣ ਸਮੇਤ ਤੰਬਾਕੂ ਕੰਟਰੋਲ 'ਚ ਮਿਸਾਲੀ ਕੰਮ ਕੀਤੇ ਗਏ ਹਨ। ਡਾ. ਬਲਬੀਰ ਸਿੰਘ 'ਇੰਪਲੀਮੈਂਟੇਸ਼ਨ ਆਫ਼ ਡਬਲਯੂਐਚਓ-ਐਮਪਾਵਰ ਐਂਡ ਫਰੇਮਵਰਕ ਕਨਵੈਨਸ਼ਨ ਆਨ ਤੰਬਾਕੂ ਕੰਟਰੋਲ (ਡਬਲਯੂਐਚਓ ਐਫਸੀਟੀਸੀ) ਆਰਟੀਕਲ 5.3' ਵਿਸ਼ੇ 'ਤੇ ਕਰਵਾਈ ਤਿੰਨ ਰੋਜ਼ਾ ਕੌਮੀ ਵਰਕਸ਼ਾਪ ਦੇ ਉਦਘਾਟਨ ਉਪਰੰਤ ਇਕੱਠ ਨੂੰ ਸੰਬੋਧਨ ਕਰ ਰਹੇ ਸਨ।


COMMERCIAL BREAK
SCROLL TO CONTINUE READING

 ਇਹ ਵਰਕਸ਼ਾਪ ਡਿਪਾਰਟਮੈਂਟ ਆਫ਼ ਕਮਿਊਨਿਟੀ ਮੈਡੀਸਨ ਐਂਡ ਸਕੂਲ ਆਫ਼ ਪਬਲਿਕ ਹੈਲਥ, ਪੀਜੀਆਈਐਮਈਆਰ ਚੰਡੀਗੜ੍ਹ ਦੇ ਰਿਸੋਰਸ ਸੈਂਟਰ ਫਾਰ ਤੰਬਾਕੂ ਕੰਟਰੋਲ (ਆਰਸੀਟੀਸੀ) ਅਤੇ ਵਾਈਟਲ ਸਟ੍ਰੈਟਿਜੀਜ਼ ਦੇ ਸਹਿਯੋਗ ਨਾਲ ਕਰਵਾਈ ਗਈ ਸੀ। ਹੋਟਲ ਮਾਊਂਟਵਿਊ ਵਿਖੇ ਕਰਵਾਈ ਇਸ ਵਰਕਸ਼ਾਪ ਵਿੱਚ 12 ਵੱਖ-ਵੱਖ ਸੂਬਿਆਂ ਤੋਂ 35 ਡੈਲੀਗੇਟਸ ਨੇ ਹਿੱਸਾ ਲਿਆ। ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਜਿਸ ਨੇ ਡਬਲਯੂਐਚਓ ਐਫਸੀਟੀਸੀ ਆਰਟੀਕਲ 5.3 ਨੂੰ ਲਾਗੂ ਕਰਨ ਲਈ ਇਮਪਾਰਵਰਡ ਕਮੇਟੀ ਦਾ ਗਠਨ ਕੀਤਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਡਰੱਗ ਐਂਡ ਕਾਸਮੈਟਿਕ ਐਕਟ ਤਹਿਤ ਈ -ਸਿਗਰੇਟ ਨੂੰ ਅਪ੍ਰਵਾਨਿਤ ਨਸ਼ਾ ਐਲਾਨਣ ਵਾਲਾ ਪਹਿਲਾ ਸੂਬਾ ਵੀ ਹੈ।


ਉਨ੍ਹਾਂ ਕਿਹਾ ਕਿ ਸੂਬੇ ਦੇ ਕੁੱਲ 865 ਪਿੰਡਾਂ ਨੇ ਪੰਚਾਇਤਾਂ ਵੱਲੋਂ ਮਤਾ ਪਾਸ ਹੋਣ ਉਪਰੰਤ ਆਪਣੇ ਆਪ ਨੂੰ ਤੰਬਾਕੂ ਮੁਫਤ ਪਿੰਡ ਐਲਾਨ ਕੀਤਾ ਹੈ। ਸਿਹਤ ਮੰਤਰੀ ਨੇ ਆਰਸੀਟੀਸੀ ਟੀਮ ਨੂੰ 2018 ਤੋਂ ਤੰਬਾਕੂ ਕੰਟਰੋਲ ਵਿੱਚ ਮੋਹਰੀ ਭੂਮਿਕਾ ਨਿਭਾਉਣ ਅਤੇ ਇਸ ਮਹੱਤਵਪੂਰਨ ਵਰਕਸ਼ਾਪ ਦੇ ਆਯੋਜਨ ਲਈ ਵਧਾਈ ਦਿੱਤੀ। ਉਨ੍ਹਾਂ ਨੇ ਆਰਸੀਟੀਸੀ ਦੇ ਥੀਮ-ਆਧਾਰਿਤ ਨਿਊਜ਼ਲੈਟਰ ‘ਤੰਬਾਕੂ-ਫ੍ਰੀ ਟਾਈਮਜ਼’ ਦਾ 29ਵਾਂ ਐਡੀਸ਼ਨ ਜਿਸ ਵਿੱਚ ਦੇਸ਼ ਦੀਆਂ ਤੰਬਾਕੂ ਕੰਟਰੋਲ ਗਤੀਵਿਧੀਆਂ ਵਿੱਚ ਡਿਜੀਟਲ ਦਖ਼ਲ ਦੇ ਬਿਹਤਰ ਅਭਿਆਸਾਂ ਨੂੰ ਸੰਕਲਿਤ ਕੀਤਾ ਗਿਆ ਹੈ, ਵੀ ਜਾਰੀ ਕੀਤਾ।


ਡਿਪਾਰਟਮੈਂਟ ਆਫ਼ ਕਮਿਊਨਿਟੀ ਮੈਡੀਸਨ ਅਤੇ ਸਕੂਲ ਆਫ਼ ਪਬਲਿਕ ਹੈਲਥ ਅਤੇ ਆਰਸੀਟੀਸੀ ਦੇ ਡਾਇਰੈਕਟਰ ਪ੍ਰੋ. ਸੋਨੂੰ ਗੋਇਲ ਨੇ ਡਬਲਯੂਐਚਓ ਐਫਸੀਟੀਸੀ ਆਰਟੀਕਲ 5.3 ਦੀ ਸਥਿਤੀ, ਤੰਬਾਕੂ ਦੀ ਵਰਤੋਂ ਨੂੰ ਰੋਕਣ ਲਈ ਵੱਖ-ਵੱਖ ਸੂਬਿਆਂ ਵੱਲੋਂ ਕੀਤੇ ਜਾ ਰਹੇ ਯਤਨਾਂ ਅਤੇ ਇਹਨਾਂ ਯਤਨਾਂ ਤੋਂ ਸਿੱਖਿਆ ਲੈਣ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਦੱਸਿਆ।


ਉਨ੍ਹਾਂ ਨੇ ਸਮੁੱਚੀ ਸਰਕਾਰੀ ਪਹੁੰਚ ਰਾਹੀਂ ਤੰਬਾਕੂ ਕੰਟਰੋਲ ਨੂੰ ਮਜ਼ਬੂਤ ਕਰਨ, ਨੈਟਵਰਕਿੰਗ ਅਤੇ ਭਾਈਵਾਲੀ ਨੂੰ ਵਧਾਉਣ ਅਤੇ ਆਰਸੀਟੀਸੀ ਰਾਹੀਂ ਉਪਲਬਧ ਸਰੋਤਾਂ ਜਿਸ ਵਿੱਚ ਆਨਲਾਈਨ ਕੋਰਸ ਅਤੇ ਪ੍ਰਕਾਸ਼ਨ ਸ਼ਾਮਲ ਹਨ, ਦੇ ਵਿਸਤ੍ਰਿਤ ਵੇਰਵਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਤੰਬਾਕੂ ਐਂਡਗੇਮ ਹੱਬ ਜਿਸਦਾ ਉਦੇਸ਼ ਆਰਟੀਕਲ 5.3 'ਤੇ ਸੂਬਾ-ਵਿਸ਼ੇਸ਼ ਨੀਤੀਆਂ ਨੂੰ ਵਿਕਸਤ ਕਰਨਾ ਅਤੇ ਸੂਬਾ ਪੱਧਰੀ ਨਿਗਰਾਨ ਪ੍ਰਣਾਲੀ ਸਥਾਪਤ ਕਰਨਾ ਹੈ, ਦੇ ਨਿਰਮਾਣ ਬਾਰੇ ਦੱਸਿਆ।


ਵਧੀਕ ਡਿਪਟੀ ਡਾਇਰੈਕਟਰ ਜਨਰਲ ਅਤੇ ਡਾਇਰੈਕਟਰ ਈਐਮਆਰ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਭਾਰਤ ਸਰਕਾਰ ਡਾ. ਐਲ ਸਵਾਸਤੀਚਰਨ ਨੇ ਆਰਟੀਕਲ 5.3 ਦੀ ਮਹੱਤਤਾ ਅਤੇ ਇਸ ਨੂੰ ਲਾਗੂ ਕਰਨ ਵਿੱਚ ਤੇਜ਼ੀ ਲਿਆਉਣ ਲਈ ਅਜਿਹੀਆਂ ਵਰਕਸ਼ਾਪਾਂ ਦੀ ਲੋੜ ਬਾਰੇ ਚਰਚਾ ਕੀਤੀ।
ਵਾਈਟਲ ਸਟ੍ਰੈਟਿਜੀਜ਼ ਦੇ ਡਾਇਰੈਕਟਰ ਡਾ. ਰਾਣਾ ਜੇ ਸਿੰਘ ਨੇ ਭਾਰਤ ਵਿੱਚ ਤੰਬਾਕੂ ਦੀ ਗੰਭੀਰਤਾ, ਇਸਦੇ ਆਰਥਿਕ ਪ੍ਰਭਾਵ ਅਤੇ ਇਸ ਦੇ ਫੈਲਾਅ ਨੂੰ ਰੋਕਣ ਲਈ ਪ੍ਰਭਾਵੀ ਨੀਤੀ ਤਿਆਰ ਕਰਨ ਅਤੇ ਲਾਗੂ ਕਰਨ ਦੀ ਜ਼ਰੂਰਤ ਬਾਰੇ ਚਰਚਾ ਕੀਤੀ। ਇਸ ਵਰਕਸ਼ਾਪ ਵਿੱਚ ਰਾਜਸਥਾਨ ਕੈਂਸਰ ਫਾਊਂਡੇਸ਼ਨ ਦੇ ਪ੍ਰਧਾਨ ਡਾ. ਰਾਕੇਸ਼ ਗੁਪਤਾ, ਵਾਈਟਲ ਸਟ੍ਰੈਟਿਜੀਜ਼ ਦੇ ਤਕਨੀਕੀ ਸਲਾਹਕਾਰ ਸ੍ਰੀ ਪ੍ਰਵੀਨ ਸਿਨਹਾ ਅਤੇ ਡਾ. ਸ਼ਿਵਮ ਕਪੂਰ ਵੀ ਸ਼ਾਮਲ ਸਨ।