ਸਰਕਟ ਹਾਊਸ ਪਟਿਆਲਾ ’ਚ ਮਾੜੇ ਪ੍ਰਬੰਧਾਂ ਦੀ ਸਟਾਫ਼ ’ਤੇ ਡਿੱਗੀ ਗਾਜ, ਮੁਲਾਜ਼ਮਾਂ ਦੇ ਕੀਤੇ ਗਏ ਤਬਾਦਲੇ
ਮੁੱਖ ਮੰਤਰੀ ਦੀ ਨਰਾਜ਼ਗੀ ਦੇ ਚੱਲਦਿਆਂ ਸਰਕਟ ਹਾਊਸ ਦੇ ਜ਼ਿਆਦਾਤਰ ਸਟਾਫ਼ ਦੀ ਬਦਲੀ ਕਰ ਦਿੱਤੀ ਗਈ ਹੈ।
ਚੰਡੀਗੜ੍ਹ: ਸਰਕਟ ਹਾਊਸ ਪਟਿਆਲਾ ’ਚ ਤੈਨਾਤ ਸਟਾਫ਼ ’ਤੇ CM ਭਗਵੰਤ ਮਾਨ ਦੇ ਦੌਰੇ ਤੋਂ ਬਾਅਦ ਗਾਜ਼ ਡਿੱਗੀ ਹੈ। ਜ਼ਿਕਰਯੋਗ ਹੈ ਕਿ 19 ਅਕਤੂਬਰ ਨੂੰ ਮੁੱਖ ਮੰਤਰੀ ਨੇ ਰਾਜਿੰਦਰਾ ਹਸਪਤਾਲ ਦਾ ਅਚਨਚੇਤ ਦੌਰਾਨ ਕੀਤਾ ਸੀ।
ਹਸਪਤਾਲ ਦੌਰੇ ਤੋਂ ਬਾਅਦ ਉਹ ਪਟਿਆਲਾ ’ਚ ਸਥਿਤ ਸਰਕਟ ਹਾਊਸ ਪਹੁੰਚੇ ਸਨ, ਜਿੱਥੇ ਉਹ ਸਫ਼ਾਈ ਦੇ ਮਾੜੇ ਪ੍ਰਬੰਧਾਂ ਨੂੰ ਵੇਖ ਕਾਫ਼ੀ ਨਰਾਜ਼ ਹੋਏ ਸਨ। ਮੁੱਖ ਮੰਤਰੀ ਦੀ ਨਰਾਜ਼ਗੀ ਦੇ ਚੱਲਦਿਆਂ ਸਰਕਟ ਹਾਊਸ ਦੇ ਜ਼ਿਆਦਾਤਰ ਸਟਾਫ਼ ਦੀ ਬਦਲੀ ਕਰ ਦਿੱਤੀ ਗਈ ਹੈ।
ਇਨ੍ਹਾਂ ਬਦਲੀਆਂ ’ਚ ਮਾਲੀ ਜਗਦੀਸ਼ ਸਿੰਘ ਨੂੰ ਪਟਿਆਲਾ ਤੋਂ ਬਠਿੰਡਾ, ਸਵੀਪਰ ਜਗਪ੍ਰਤਾਪ ਨੂੰ ਪਟਿਆਲਾ ਤੋਂ ਬਠਿੰਡਾ, ਮਾਲੀ ਜਸਵੀਰ ਸਿੰਘ ਨੂੰ ਪਟਿਆਲਾ ਤੋਂ ਲੁਧਿਆਣਾ, ਸੀਨੀਅਰ ਵੇਟਰ ਗੁਰਦੀਪ ਸਿੰਘ ਨੂੰ ਪਟਿਆਲਾ ਤੋਂ ਲੁਧਿਆਣਾ, ਫਰਾਸ ਅਸ਼ੋਕ ਕੁਮਾਰ ਨੂੰ ਪਟਿਆਲਾ ਤੋਂ ਲੁਧਿਆਣਾ, ਫਰਾਸ ਜੀਤ ਕੁਮਾਰ ਨੂੰ ਪਟਿਆਲਾ ਤੋਂ ਲੁਧਿਆਣਾ, ਸੀਨੀਅਰ ਵੇਟਰ ਜਰਨੈਲ ਸਿੰਘ ਨੂੰ ਪਟਿਆਲਾ ਤੋਂ ਲੁਧਿਆਣਾ, ਬੇਲਦਾਰ ਜਸਵਿੰਦਰ ਸਿੰਘ ਨੂੰ ਪਟਿਆਲਾ ਤੋਂ ਬਠਿੰਡਾ, ਸਫ਼ਾਈ ਸੇਵਕ ਹਰਮੇਸ਼ ਕੁਮਾਰ ਨੂੰ ਪਟਿਆਲਾ ਤੋਂ ਬਠਿੰਡਾ ਅਤੇ ਹੈੱਡ ਸੀਵਰਮੈਨ ਸ਼ਿਵ ਕੁਮਾਰ ਨੂੰ ਪਟਿਆਲਾ ਤੋਂ ਜਲੰਧਰ ਭੇਜ ਦਿੱਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਹਫ਼ਤੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੁਬਾਰਾ ਸਰਕਟ ਹਾਊਸ ਦਾ ਦੌਰਾ ਕਰ ਸਕਦੇ ਹਨ। ਜਿਸ ਦੇ ਚੱਲਦਿਆਂ ਹੁਣ ਪ੍ਰਾਹੁਣਚਾਰੀ ਵਿਭਾਗ ਵਲੋਂ ਬਠਿੰਡਾ, ਲੁਧਿਆਣਾ ਅਤੇ ਜਲੰਧਰ ਤੋਂ ਸਟਾਫ਼ ਦੀ ਬਦਲੀ ਕਰਕੇ ਪਟਿਆਲਾ ਤਾਇਨਾਤ ਕੀਤਾ ਗਿਆ ਹੈ।