Punjab Weather News: ਸੰਘਣੀ ਧੁੰਦ ਤੇ ਕੜਾਕੇ ਦੀ ਠੰਢ ਕਾਰਨ ਪੰਜਾਬ `ਚ ਵਾਹਨਾਂ ਨੂੰ ਲੱਗੀਆਂ ਬ੍ਰੇਕਾਂ, ਉਡਾਣਾਂ ਵੀ ਪ੍ਰਭਾਵਿਤ
Punjab Weather News: ਸੋਮਵਾਰ ਨੂੰ ਮੁੜ ਸੰਘਣੀ ਧੁੰਦ ਤੇ ਕੜਾਕੇ ਦੀ ਠੰਢ ਕਾਰਨ ਮੋਹਾਲੀ ਦੇ ਆਸਪਾਸ ਦੇ ਇਲਾਕੇ ਵਿੱਚ ਭੀੜ-ਭਾੜ ਵਾਲੀਆਂ ਸੜਕਾਂ ਸੁੰਨਸਾਨ ਨਜ਼ਰ ਆਈਆਂ।
Punjab Weather News (ਮਨੀਸ਼ ਸ਼ੰਕਰ): ਸੋਮਵਾਰ ਨੂੰ ਮੁੜ ਸੰਘਣੀ ਧੁੰਦ ਤੇ ਕੜਾਕੇ ਦੀ ਠੰਢ ਨਾਲ ਦਿਨ ਦਾ ਆਗਾਜ਼ ਹੋਇਆ। ਇਸ ਕਾਰਨ ਵਾਹਨ ਚਲਾਉਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੋਹਾਲੀ ਦੇ ਆਸਪਾਸ ਦੇ ਇਲਾਕੇ ਵਿੱਚ ਭੀੜ-ਭਾੜ ਵਾਲੀਆਂ ਸੜਕਾਂ ਸੁੰਨਸਾਨ ਨਜ਼ਰ ਆਈਆਂ।
ਵਿਜ਼ੀਬਿਲਟੀ ਘੱਟ ਹੋਣ ਕਾਰਨ ਮੋਹਾਲੀ ਦੇ ਏਅਰਪੋਰਟ ਰੋਡ ਉਪਰ ਵਾਹਨਾਂ ਨੂੰ ਬਰੇਕ ਲੱਗ ਗਈ। ਚਾਲਕ ਬਹੁਤ ਹੀ ਹੌਲੀ ਰਫਤਾਰ ਵਿੱਚ ਆਪਣੀ ਮੰਜ਼ਿਲ ਵੱਲ ਨੂੰ ਵਧਦੇ ਨਜ਼ਰ ਆਏ। ਕਾਬਿਲੇਗੌਰ ਹੈ ਕਿ ਬੀਤੇ ਦਿਨ ਮੋਹਾਲੀ ਜ਼ਿਲ੍ਹੇ ਦੇ ਪਿੰਡ ਬਲਟਾਣਾ ਵਿੱਚ ਸੰਘਣੀ ਧੁੰਦ ਕਾਰ ਨਾਲੇ ਵਿੱਚ ਪਲਟ ਗਈ ਸੀ। ਬੀਤੀ ਦੇਰ ਰਾਤ ਵਿਜ਼ੀਬਿਲਟੀ ਘੱਟ ਹੋਣ ਕਾਰਨ ਖਰੜ-ਲਾਂਡਰਾ ਰੋਡ ਉਪਰ ਹਾਦਸੇ ਵਿੱਚ ਇੱਕ ਸਖ਼ਸ਼ ਦੀ ਮੌਤ ਹੋ ਗਈ ਸੀ।
ਮੌਸਮ ਵਿਭਾਗ ਨੇ ਸੋਮਵਾਰ ਨੂੰ ਪੰਜਾਬ ਅਤੇ ਹਰਿਆਣਾ ਵਿੱਚ ਸੰਘਣੀ ਧੁੰਦ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਹੈ। ਪੰਜਾਬ ਦੇ 16 ਜ਼ਿਲ੍ਹਿਆਂ ਵਿੱਚ ਧੁੰਦ ਦੀ ਸਥਿਤੀ ਹੋਰ ਵੀ ਬਦਤਰ ਹੋ ਸਕਦੀ ਹੈ। ਮੌਸਮ ਵਿਭਾਗ ਅਨੁਸਾਰ ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫਾਜ਼ਿਲਕਾ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ 'ਚ ਸੰਘਣੀ ਧੁੰਦ ਛਾਈ ਰਹੇਗੀ। ਇੱਥੇ ਵਿਜ਼ੀਬਿਲਟੀ 25 ਮੀਟਰ ਤੋਂ ਘੱਟ ਰਹਿਣ ਦੀ ਉਮੀਦ ਹੈ। ਇਸ ਦੇ ਨਾਲ ਹੀ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਸਵੇਰ ਦੀ ਧੁੰਦ ਤੋਂ ਬਾਅਦ ਦੁਪਹਿਰ ਬਾਅਦ ਧੁੱਪ ਨਿਕਲੇਗੀ, ਜਿਸ ਕਾਰਨ ਲੋਕਾਂ ਨੂੰ ਠੰਢ ਤੋਂ ਰਾਹਤ ਮਿਲ ਸਕਦੀ ਹੈ।
ਸੰਘਣੀ ਧੁੰਦ ਕਾਰਨ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਅੱਜ ਦੋ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਏਅਰਪੋਰਟ ਦੇ ਸੀਈਓ ਰਾਕੇਸ਼ ਸਹਾਏ ਨੇ ਦੱਸਿਆ ਕਿ ਅੱਜ ਚੰਡੀਗੜ੍ਹ ਦਿੱਲੀ ਦੀ ਫਲਾਈਟ ਨੰਬਰ 6 ਈ 2177 ਅਤੇ ਚੰਡੀਗੜ੍ਹ ਹੈਦਰਾਬਾਦ ਦੀ ਫਲਾਈਟ ਨੰਬਰ 6 ਈ 867 ਰੱਦ ਰਹੇਗੀ।
ਚੰਡੀਗੜ੍ਹ 'ਚ ਐਤਵਾਰ ਰਾਤ ਨੂੰ ਤਾਪਮਾਨ 3.2 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਇਹ ਰਾਤ 2018 ਤੋਂ ਬਾਅਦ ਸਭ ਤੋਂ ਠੰਢੀ ਰਾਤ ਰਹੀ ਹੈ। ਠੰਡ ਦੇ ਨਾਲ-ਨਾਲ ਧੁੰਦ ਨੇ ਵੀ ਸ਼ਹਿਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਸਵੇਰੇ ਜ਼ੀਰੋ ਵਿਜ਼ੀਬਿਲਟੀ ਸੀ, ਜੋ ਇਸ ਸੀਜ਼ਨ ਵਿੱਚ ਪਹਿਲੀ ਵਾਰ ਹੋਇਆ ਹੈ। ਚੰਡੀਗੜ੍ਹ ਮੌਸਮ ਵਿਭਾਗ ਮੁਤਾਬਕ ਅਗਲੇ ਦੋ ਦਿਨਾਂ ਤੱਕ ਹਾਲਾਤ ਅਜਿਹੇ ਹੀ ਰਹਿਣ ਵਾਲੇ ਹਨ।
ਇਹ ਵੀ ਪੜ੍ਹੋ : Punjab School Holiday News: ਪੰਜਾਬ 'ਚ 5ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੂੰ ਛੁੱਟੀਆਂ ਦੇ ਵਾਧੇ ਦਾ ਐਲਾਨ