Bhakra Dam: ਭਾਰੀ ਮੀਂਹ ਕਾਰਨ ਭਾਖੜਾ ਡੈਮ `ਚ ਇੱਕ ਦਿਨ `ਚ 7 ਫੁੱਟ ਵਧਿਆ ਪਾਣੀ ਦਾ ਪੱਧਰ
Bhakra Dam: ਪਹਾੜੀ ਤੇ ਮੈਦਾਨੀ ਇਲਾਕਿਆਂ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਭਾਖੜਾ ਡੈਮ `ਤੇ ਪਾਣੀ ਦਾ ਪੱਧਰ ਕਾਫੀ ਵਧ ਚੁੱਕਾ ਹੈ।
Bhakra Dam: ਪਹਾੜੀ ਤੇ ਮੈਦਾਨੀ ਇਲਾਕਿਆਂ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਭਾਖੜਾ ਡੈਮ 'ਤੇ ਇੱਕ ਦਿਨ ਵਿੱਚ 7 ਫੁੱਟ ਪਾਣੀ ਦਾ ਪੱਧਰ ਵਧ ਗਿਆ। ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ਦਾ ਪੱਧਰ 1603 ਫੁੱਟ ਸੀ ਤੇ ਅੱਜ 1610 ਫੁੱਟ ਉਤੇ ਪਹੁੰਚ ਗਿਆ। ਪਾਣੀ ਦਾ ਵਧਿਆ ਪੱਧਰ ਰਿਕਾਰਡ ਹੈ। ਦੱਸ ਦਈਏ ਕਿ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1684 ਫੁੱਟ ਮੰਨਿਆ ਜਾਂਦਾ ਹੈ ਜੋ ਕਿ ਖ਼ਤਰੇ ਦਾ ਆਖਰੀ ਨਿਸ਼ਾਨ ਹੈ ਤੇ 1680 ਫੁੱਟ ਤੋਂ ਬਾਅਦ ਬੀਬੀਐੱਮਬੀ ਵਿਭਾਗ ਜ਼ਰੂਰਤ ਅਨੁਸਾਰ ਫਲੱਡ ਗੇਟ ਖੋਲ੍ਹ ਸਕਦਾ ਹੈ। ਭਾਰੀ ਮੀਂਹ ਦੇ ਮੱਦੇਨਜ਼ਰ ਸ੍ਰੀ ਅਨੰਦਪੁਰ ਸਾਹਿਬ ਤੋਂ ਗੁਜ਼ਰਨ ਵਾਲੀਆਂ ਸਾਰੀਆਂ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ।
ਅਨੰਦਪੁਰ ਸਾਹਿਬ ਦੇ ਨੇੜਲੇ ਪਿੰਡਾਂ ਵਿੱਚ ਭਾਰੀ ਮੀਂਹ ਕਾਰਨ ਹੜ੍ਹ ਆ ਗਿਆ ਹੈ। ਬੀਤੇ ਕੱਲ੍ਹ ਤੋਂ ਭਾਰੀ ਬਰਸਾਤ ਦੇ ਨਾਲ ਸਤਲੁਜ ਕੰਢੇ ਵਸਦੇ ਪਿੰਡਾਂ ਦੇ ਵਿੱਚ ਪਾਣੀ ਖੜ੍ਹਾ ਹੋਣ ਦੇ ਨਾਲ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਹੜ੍ਹ ਵਾਰਗੇ ਹਾਲਾਤ ਹੋ ਗਏ ਹਨ। ਲੋਧੀਪੁਰ , ਚੰਦਪੁਰ , ਗੱਜਪੁਰ , ਹਰੀਵਾਲ , ਨੂਰਪੁਰ ਬੇਦੀ ਦੇ ਕਈ ਪਿੰਡ ਤੇ ਨੰਗਲ ਦੇ ਸਤਲੁਜ ਦਰਿਆ ਨਾਲ ਲਗਦੇ ਕਈ ਪਿੰਡਾਂ ਵਿੱਚ ਸਤਲੁਜ ਦਰਿਆ ਦੇ ਕਿਨਾਰੇ ਰਹਿਣ ਵਾਲੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਇਸ ਲਈ ਕਈ ਦਰਜਨ ਪਿੰਡਾਂ ਵਿੱਚ ਪਾਣੀ ਆ ਚੁੱਕਾ ਹੈ।
ਇਹ ਵੀ ਪੜ੍ਹੋ : Chandigarh Weather Update: ਚੰਡੀਗੜ੍ਹ ਵਿੱਚ ਰਿਕਾਰਡ ਤੋੜ ਬਾਰਿਸ਼; ਪਾਣੀ ਵਿੱਚ ਡੁੱਬੇ ਕਈ ਇਲਾਕੇ
ਲੋਧੀਪੁਰ ਦੇ ਨਾਲ ਵਗਦੇ ਸਤਲੁਜ ਦਰਿਆ ਦੇ ਵਿਚ ਪਾਣੀ ਨੱਕੋ ਨੱਕ ਭਰ ਕੇ ਆ ਰਿਹਾ ਹੈ , ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਿਹੜਾ ਇਸ ਦਰਿਆ 'ਤੇ ਬੰਨ ਲੱਗਿਆ ਹੋਇਆ ਹੈ ਉਹ ਬੇਹੱਦ ਕਮਜ਼ੋਰ ਹੈ ਤੇ ਜੇਕਰ ਉਹ ਬੰਨ ਟੁੱਟਦਾ ਹੈ ਤਾਂ ਲਾਗਲੇ ਵੱਡੀ ਗਿਣਤੀ ਵਿੱਚ ਪਿੰਡਾਂ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਤਲੁਜ ਦਰਿਆ ਦੇ ਕਿਨਾਰੇ ਦੇ ਪਿੰਡਾਂ ਦੇ ਲੋਕ ਕਾਫੀ ਡਰੇ ਹੋਏ ਹਨ ਕਿਉਂਕਿ ਅਗਰ ਸਤਲੁਜ ਦਰਿਆ ਵਿੱਚ ਭਾਰੀ ਮਾਤਰਾ ਵਿੱਚ ਪਾਣੀ ਹੋਰ ਆ ਗਿਆ ਤਾਂ ਹਾਲਤ ਬਹੁਤ ਖ਼ਰਾਬ ਹੋਣਗੇ। ਉਧਰ ਪਿੰਡਾਂ ਦੇ ਨਾਲ ਨਾਲ ਅਨੰਦਪੁਰ ਸ਼ਹਿਰ ਦੀ ਹਾਲਤ ਵੀ ਪਿੰਡਾਂ ਵਰਗੀ ਬਣੀ ਹੋਈ ਹੈ।
ਇਹ ਵੀ ਪੜ੍ਹੋ : Chandigarh Weather Rain Today: 5-5 ਫੁੱਟ ਪਾਣੀ ਵਿੱਚ ਡੁੱਬੀਆਂ ਗੱਡੀਆਂ, ਵੀਡੀਓ ਰਾਹੀਂ ਵੇਖੋ ਚੰਡੀਗੜ੍ਹ ਦਾ ਹਾਲ
ਸ੍ਰੀ ਅਨੰਦਪੁਰ ਸਾਹਿਬ ਤੋਂ ਬਿਮਲ ਸ਼ਰਮਾ ਦੀ ਰਿਪੋਰਟ