Gurdaspur News: ਦਿੱਲੀ ਤੋਂ ਕਟੜੇ ਤੱਕ ਦੇ ਕਰੀਬ 588 ਕਿਲੋਮੀਟਰ ਲੰਮੇ ਇਸ ਐਕਸਪ੍ਰੈੱਸ ਹਾਈਵੇ ਦੇ ਪੰਜਾਬ ਵਿਚਲੇ 300 ਕਿਲੋਮੀਟਰ ਹਿੱਸੇ ਲਈ ਜ਼ਮੀਨ ਐਕਵਾਇਰ ਕਰਨ ਸਮੇਤ ਹੋਰ ਕਾਫ਼ੀ ਕੰਮ ਮੁਕੰਮਲ ਹੋ ਚੁੱਕਾ ਹੈ ਪਰ ਪੰਜਾਬ ਅੰਦਰ ਇਕੱਲਾ ਗੁਰਦਾਸਪੁਰ ਜ਼ਿਲ੍ਹਾ ਹੀ ਅਜਿਹਾ ਜ਼ਿਲ੍ਹਾ ਹੈ, ਜਿਥੇ ਅਜੇ ਤੱਕ ਇਸ ਹਾਈਵੇ ਲਈ ਜ਼ਮੀਨ ਐਕਵਾਇਰ ਕਰਨ ਦਾ ਕੰਮ ਹੀ ਮੁਕੰਮਲ ਨਹੀਂ ਹੋ ਸਕਿਆ।


COMMERCIAL BREAK
SCROLL TO CONTINUE READING

ਇਸ ਕਾਰਨ ਇਸ ਗੱਲ ਦੇ ਆਸਾਰ ਬਣਦੇ ਜਾ ਰਹੇ ਹਨ ਕਿ ਜੇਕਰ ਜਲਦੀ ਹੀ ਜ਼ਮੀਨ ਐਕਵਾਇਰ ਕਰਨ ਦੇ ਮਾਮਲੇ ਵਿਚ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਅਤੇ ਹੋਰ ਅੜਚਨਾਂ ਦਾ ਹੱਲ ਨਾ ਹੋਇਆ ਤਾਂ ਇਹ ਹਾਈਵੇ ਗੁਰਦਾਸਪੁਰ ਜ਼ਿਲ੍ਹੇ ’ਚੋਂ ਬਾਹਰ ਤਬਦੀਲ ਕੀਤਾ ਜਾ ਸਕਦਾ ਹੈ।


ਇਸ ਤਹਿਤ ਗੁਰਦਾਸਪੁਰ ਜ਼ਿਲੇ ਅੰਦਰ ਕਰੀਬ 42 ਪਿੰਡਾਂ ਦੀ 472 ਹੈਕਟੇਅਰ ਜ਼ਮੀਨ ਐਕਵਾਇਰ ਕੀਤੀ ਜਾਣੀ ਸੀ, ਜਿਸ ਦੀ ਲਾਗਤ ਲਈ ਸਬੰਧਤ ਅਧਿਕਾਰੀਆਂ ਵਲੋਂ 472 ਕਰੋੜ ਰੁਪਏ ਦੀ ਅਦਾਇਗੀ ਕੀਤੇ ਜਾਣ ਦਾ ਅਨੁਮਾਨ ਲਗਾਇਆ ਸੀ। ਇਸ ’ਚੋਂ 286 ਕਰੋੜ ਰੁਪਏ ਸਬੰਧਤ ਕਿਸਾਨਾਂ ਨੂੰ ਅਦਾ ਕੀਤੇ ਜਾ ਚੁੱਕੇ ਹਨ।


ਕਰੀਬ 60 ਫੀਸਦੀ ਕਿਸਾਨ ਆਪਣੀ ਜ਼ਮੀਨ ਛੱਡ ਚੁੱਕੇ ਸਨ ਪਰ ਬਾਕੀ ਦੀ 40 ਫੀਸਦੀ ਜ਼ਮੀਨ ਨੂੰ ਲੈ ਕੇ ਸਬੰਧਤ ਕਿਸਾਨਾਂ ਵੱਲੋਂ ਕਈ ਤਰ੍ਹਾਂ ਦੇ ਇਤਰਾਜ਼ ਲਗਾਏ ਜਾਣ ਕਾਰਨ ਅਤੇ ਜ਼ਮੀਨ ਦੇ ਰੇਟ ਨੂੰ ਲੈ ਕੇ ਕੀਤੀਆਂ ਦਾ ਰਹੀਆਂ ਅਪੀਲਾਂ ਦਲੀਲਾਂ ਅਤੇ ਸੰਘਰਸ਼ ਕਾਰਨ ਇਹ ਮਾਮਲਾ ਅੱਧ ਵਿਚਾਲੇ ਲਟਕਿਆ ਹੋਇਆ ਹੈ। ਇਸ ਕਾਰਨ ਹੁਣ ਕਈ ਪਿੰਡਾਂ ’ਚ ਜ਼ਮੀਨਾਂ ਦੇ ਰੋਟਾਂ ਨੂੰ ਲੈ ਕੇ ਆਰਬੀਟਰੇਟਰ ਵੱਲੋਂ ਜੋ ਐਵਾਰਡ ਪਾਸ ਕੀਤੇ ਗਏ ਹਨ, ਉਨ੍ਹਾਂ ਨਾਲ ਅਸਹਿਮਤੀ ਜਤਾਉਂਦਿਆਂ ਹਾਈਵੇ ਅਥਾਰਿਟੀ ਨੇ ਵੀ ਕੇਸ ਲਗਾਏ ਹਨ।


ਖਾਸ ਤੌਰ ’ਤੇ ਜ਼ਿਲੇ ਦੇ ਪਿੰਡ ਪੇਜੋਚੱਕ, ਮਚਰਾਏ, ਸਕਾਲਾ ਅਤੇ ਕਿਸ਼ਨਕੋਟ ਨਾਲ ਸਬੰਧਤ ਐਵਾਰਡਾਂ ਨੂੰ ਲੈ ਕੇ ਮਾਮਲਾ ਸੁਣਵਾਈ ਅਧੀਨ ਹੈ। ਇਸੇ ਤਰ੍ਹਾਂ ਹੋਰ ਪਿੰਡ ਵਿਚ ਵੀ ਜ਼ਮੀਨ ਦੇ ਰੇਟ ਨੂੰ ਲੈ ਕੇ ਵੱਡੇ ਪੱਧਰ ’ਤੇ ਵਿਵਾਦ ਚਲ ਰਹੇ ਹਨ, ਜਿਸ ਕਾਰਨ ਹਾਲਾਤ ਇਹ ਹਨ ਕਿ ਅਜੇ ਤੱਕ ਗੁਰਦਾਸਪੁਰ ਜ਼ਿਲ੍ਹੇ ਅੰਦਰ ਇਸ ਐਕਸਪ੍ਰੈੱਸ ਹਾਈਵੇ ਦਾ ਕੋਈ ਕੰਮ ਸ਼ੁਰੂ ਨਹੀਂ ਹੋ ਸਕਿਆ।


ਇਕ ਅਧਿਕਾਰੀ ਨੇ ਦੱਸਿਆ ਕਿ ਜਿਹੜੇ 60 ਫੀਸਦੀ ਕਿਸਾਨਾਂ ਨੇ ਆਪਣੀ ਜ਼ਮੀਨ ਦੇ ਪੈਸੇ ਲੈ ਕੇ ਇਸ ਜ਼ਮੀਨ ਦਾ ਕਬਜ਼ਾ ਛੱਡ ਦਿੱਤਾ ਸੀ, ਉਨ੍ਹਾਂ ਨੇ ਵੀ ਆਪਣੀ ਉਕਤ ਜ਼ਮੀਨ ਵਿਚ ਅਗਲੀ ਫ਼ਸਲ ਬੀਜ ਲਈ ਹੈ, ਜਿਸ ਕਾਰਨ ਨੈਸ਼ਨਲ ਹਾਈਵੇ ਅਥਾਰਿਟੀ ਇਸ ਜ਼ਿਲ੍ਹੇ ਵਿਚ ਹਾਈਵੇ ਦੇ ਕੰਮ ਨੂੰ ਲੈ ਕੇ ਖ਼ਫ਼ਾ ਤੇ ਪ੍ਰੇਸ਼ਾਨ ਹੈ।


ਇਹ ਵੀ ਪੜ੍ਹੋ : Nangal Flyover News: ਨੰਗਲ ਦਾ ਫਲਾਈਓਵਰ ਜਲਦ ਹੋਵੇਗਾ ਸ਼ੁਰੂ, ਰਾਹਗੀਰਾਂ ਨੂੰ ਮਿਲੇਗੀ ਲੰਬੇ ਜਾਮ ਤੋਂ ਰਾਹਤ


ਗੁਰਦਾਸਪੁਰ ਤੋਂ ਭੋਪਾਲ ਸਿੰਘ ਦੀ ਰਿਪੋਰਟ