Punjab News: ਡੀਸੀ ਦਫ਼ਤਰ ਮੁਲਾਜ਼ਮਾਂ ਦੀ ਹੜਤਾਲ ਕਾਰਨ ਰਜਿਸਟਰੀਆਂ ਤੇ ਹੋਰ ਕੰਮ ਰੁਕੇ; 6 ਦਸੰਬਰ ਤੱਕ ਕੰਮ ਠੱਪ
Punjab News: ਜਲੰਧਰ ਡੀਸੀ ਦਫ਼ਤਰ ਦੇ ਮੁਲਾਜ਼ਮ ਪਿਛਲੇ 17 ਦਿਨਾਂ ਤੋਂ ਹੜਤਾਲ ਉਤੇ ਹਨ। ਮੁਲਾਜ਼ਮ ਯੂਨੀਅਨ ਨੇ ਹੜਤਾਲ ਦਾ ਸਮਾਂ 6 ਦਸੰਬਰ ਤੱਕ ਵਧਾ ਦਿੱਤਾ ਹੈ।
Punjab News: ਜਲੰਧਰ ਡੀਸੀ ਦਫ਼ਤਰ ਦੇ ਮੁਲਾਜ਼ਮ ਪਿਛਲੇ 17 ਦਿਨਾਂ ਤੋਂ ਹੜਤਾਲ ਉਤੇ ਹਨ। ਮੁਲਾਜ਼ਮ ਯੂਨੀਅਨ ਨੇ ਹੜਤਾਲ ਦਾ ਸਮਾਂ 6 ਦਸੰਬਰ ਤੱਕ ਵਧਾ ਦਿੱਤਾ ਹੈ। ਪੀਐੱਸਐੱਮਐੱਸਯੂ ਦੀ ਹੜਤਾਲ ਵੱਧਣ ਦੇ ਨਾਲ ਹੀ ਸਰਕਾਰੀ ਦਫਤਰਾਂ 'ਚ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਦੀ ਪਰੇਸ਼ਾਨੀ ਵੀ ਵੱਧ ਗਈ ਹੈ।
ਪੁਰਾਣੀ ਪੈਨਸ਼ਨ ਸਕੀਮ ਬਹਾਲ ਨਾ ਕੀਤੇ ਜਾਣ ਸਬੰਧੀ ਕਲਮ ਛੋੜ ਹੜਤਾਲ 'ਤੇ ਚੱਲ ਰਹੇ ਮੁਲਾਜ਼ਮਾਂ ਨੇ ਹੁਣ ਹੜਤਾਲ ਦੀ ਮਿਆਦ 28 ਨਵੰਬਰ ਤੋਂ ਵਧਾ ਕੇ 6 ਦਸੰਬਰ ਤੱਕ ਕਰ ਦਿੱਤੀ ਹੈ। ਸਰਕਾਰ ਤੇ ਡੀਸੀ ਦਫ਼ਤਰ ਦੇ ਮੁਲਾਜ਼ਮਾਂ ਵਿਚਾਲੇ ਚੱਲ ਰਹੇ ਟਕਰਾਅ ਕਾਰਨ ਆਮ ਲੋਕਾਂ ਨੂੰ ਪਿਛਲੇ 17 ਦਿਨਾਂ ਤੋਂ ਦਫ਼ਤਰਾਂ ਦੇ ਚੱਕਰ ਕੱਟਣੇ ਪੈ ਰਹੇ ਹਨ।
ਜਲੰਧਰ ਰਜਿਸਟਰੀ ਕਰਵਾਉਣ ਪੁੱਜੇ ਇੱਕ ਸਖ਼ਸ਼ ਨੇ ਦੱਸਿਆ ਕਿ ਉਨ੍ਹਾਂ ਦੇ ਬਿਆਨੇ ਦੀ ਤਰੀਕ ਨਿਕਲ ਚੱਲੀ ਹੈ ਤੇ ਇਸ ਹੜਤਾਲ ਕਾਰਨ ਉਸ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਹੈ। ਲੋਕ ਹੜਤਾਲ ਖੁੱਲ੍ਹਣ ਦੀ ਆਸ ਲੈ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ 'ਚ ਪੁੱਜੇ ਪਰ ਹੜਤਾਲ 'ਚ ਵਾਧੇ ਦੀ ਸੂਚਨਾ ਮਿਲਣ ਨਾਲ ਨਿਰਾਸ਼ਾ ਝੱਲਣੀ ਪਈ।
ਇਸ ਹੜਤਾਲ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਦਫਤਰਾਂ ਨਾਲ ਜੁੜੇ ਕੰਮ ਵਾਲੇ ਲੋਕ ਲੰਮੇ ਸਮੇਂ ਤੋਂ ਖੱਜਲ-ਖੁਆਰ ਹੋ ਰਹੇ ਹਨ। ਅਪੁਆਇੰਟਮੈਂਟ ਲੈ ਕੇ ਚੁੱਕੇ ਲੋਕਾਂ ਨੂੰ ਹੁਣ 6 ਦਸੰਬਰ ਤੱਕ ਉਡੀਕ ਕਰਨੀ ਪਵੇਗੀ। ਦੱਸ ਦੇਈਏ ਕਿ ਇਹ ਹੜਤਾਲ ਪੁਰਾਣੀ ਪੈਨਸ਼ਨ ਬਹਾਲੀ ਤੇ ਹੋਰ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਹੈ। ਇਹ ਪ੍ਰਦਰਸ਼ਨ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਜਾ ਰਿਹਾ ਹੈ। ਡੀਸੀ ਦਫ਼ਤਰ ਦੇ ਕਈ ਕੰਮ 6 ਦਸੰਬਰ ਤੱਕ ਠੱਪ ਰਹਿਣਗੇ।
ਕਾਬਿਲੇਗੌਰ ਹੈ ਕਿ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ ਵਿੱਚ 42 ਵਿਭਾਗਾਂ ਦੇ ਕਰਮਚਾਰੀ ਸ਼ਾਮਲ ਹਨ। ਬੁੱਧਵਾਰ ਨੂੰ ਸਮੂਹ ਕਰਮਚਾਰੀ ਆਪਣੀ ਹਾਜ਼ਰੀ ਲਗਵਾ ਕੇ ਖਜ਼ਾਨਾ ਦਫ਼ਤਰ ਦੇ ਸਾਹਮਣੇ ਸੜਕ 'ਤੇ ਬੈਠ ਕੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਨਗੇ। ਸਾਰੇ ਮੁਲਾਜ਼ਮਾਂ ਨੇ 10 ਵਜੇ ਇਕੱਠੇ ਹੋਣ ਦਾ ਸਮਾਂ ਤੈਅ ਕੀਤਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਕਰਮਚਾਰੀ ਯੂਨੀਅਨ ਵੱਲੋਂ ਬੀਤੇ ਦਿਨ ਸ਼ਹਿਰ ਦੇ ਸਭ ਤੋਂ ਪ੍ਰਮੁੱਖ ਬੀਐਮਸੀ ਚੌਕ ਵਿੱਚ ਸਰਕਾਰ ਦਾ ਪੁਤਲਾ ਫੂਕਿਆ ਗਿਆ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਵੱਲੋਂ ਕੀਤੀ ਗਈ ਹੜਤਾਲ ਕਾਰਨ ਕਰੀਬ 42 ਵਿਭਾਗਾਂ ਦਾ ਕੰਮ ਠੱਪ ਹੈ। ਹੜਤਾਲ ਵਿੱਚ ਨਿਗਮ ਦੇ ਸਰਕਾਰੀ ਮੁਲਾਜ਼ਮ ਅਤੇ ਕਲੈਰੀਕਲ ਲੋਕ ਸ਼ਾਮਲ ਹੋਏ। ਇਸ ਦੇ ਨਾਲ ਹੀ 42 ਵਿਭਾਗਾਂ ਵਿੱਚੋਂ ਸਭ ਤੋਂ ਅਹਿਮ ਵਿਭਾਗ ਰਜਿਸਟਰੀਆਂ ਦਾ ਹੈ।
ਕਰੀਬ 17 ਦਿਨਾਂ ਤੋਂ ਸ਼ਹਿਰ ਵਿੱਚ ਇੱਕ ਵੀ ਰਜਿਸਟਰੀ ਨਹੀਂ ਹੋਈ ਹੈ। ਜਿਸ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੇਵਾ ਕੇਂਦਰਾਂ ਵਿੱਚ ਤਾਇਨਾਤ ਮੁਲਾਜ਼ਮ ਹੜਤਾਲ 'ਤੇ ਹਨ। ਅਜਿਹੇ ਕਈ ਅਹਿਮ ਵਿਭਾਗ ਪਿਛਲੇ 17 ਦਿਨਾਂ ਤੋਂ ਬੰਦ ਪਏ ਹਨ। ਕੰਮ ਕਰਵਾਉਣ ਲਈ ਪੁੱਜ ਰਹੇ ਲੋਕ ਭਾਰੀ ਨਿਰਾਸ਼ਾ ਵਿੱਚ ਖਾਲੀ ਹੱਥ ਪਰਤ ਰਹੇ ਹਨ।
ਉਥੇ ਹੀ ਬੀਤੇ ਦਿਨ ਰੋਪੜ ਦੇ ਮਹਾਰਾਜਾ ਰਣਜੀਤ ਸਿੰਘ ਬਾਗ ਵਿੱਚ ਹੜਤਾਲ ਉਤੇ ਚੱਲ ਰਹੇ ਮਨਿਸਟੀਰੀਅਲ ਕਰਮਚਾਰੀ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ 'ਤੇ ਬੈਠੇ ਹਨ ਪਰ ਸਰਕਾਰ ਨੂੰ ਕੋਈ ਫਿਕਰ ਨਹੀਂ ਹੈ। ਕਿਉਂਕਿ 20 ਦਿਨਾਂ ਤੋਂ ਚੱਲ ਲਈ ਇਹ ਹੜਤਾਲ ਦੌਰਾਨ ਸਰਕਾਰ ਵੱਲੋਂ ਮੁਲਾਜ਼ਮਾਂ ਦੀ ਜਾਇਜ਼ ਮੰਗਾਂ ਸਬੰਧੀ ਕੋਈ ਵੀ ਸਾਰ ਨਹੀਂ ਲਗਈ, ਜਿਸ ਦਾ ਮੁਲਾਜ਼ਮ ਜਥੇਬੰਦੀਆਂ ਵਿਚ ਭਾਰੀ ਰੋਸ ਪਾਇਆ ਗਿਆ।
ਆਗੂਆਂ ਨੇ ਕਿਹਾ ਕਿ ਹੁਣ ਸਟੇਟ ਬਾਡੀ ਦੇ ਫੈਸਲੇ ਅਨੁਸਾਰ 6 ਦਸੰਬਰ ਤੱਕ ਕਲਮਛੋੜ ਹੜਤਾਲ ਕੀਤੀ ਜਾਵੇਗੀ। ਜੇ ਸਰਕਾਰ ਨੇ ਫਿਰ ਵੀ ਮੁਲਾਜ਼ਮਾਂ ਪ੍ਰਤੀ ਨਾ ਸੋਚਿਆ ਤਾਂ ਅਗਲੇ ਸੰਘਰਸ਼ ਦੀ ਰੂਪਰੇਖਾ ਉਲੀਕੀ ਜਾਵੇਗੀ। ਉਥੇ ਹੀ ਰੋਪੜ ਵਿੱਚ ਰਜਿਸਟਰੀਆਂ ਤੇ ਹੋਰ ਕੰਮ ਕਰਵਾਉਣ ਪੁੱਜ ਰਹੇ ਲੋਕ ਬੇਰੰਗ ਪਰਤ ਰਹੇ ਹਨ।
ਇਹ ਵੀ ਪੜ੍ਹੋ : Kapurthala News: ਫੇਸਬੁੱਕ 'ਤੇ ਲਾਈਵ ਹੋ ਕੇ ਸਿੰਘਾਂ ਨੇ ਤੋੜੇ ਗੁਰਦੁਆਰਾ ਬੁੰਗਾ ਸਾਹਿਬ ਦੇ ਤਾਲੇ