ਪੱਛਮੀ ਬੰਗਾਲ ’ਚ ਦੁਰਗਾ ਮੂਰਤੀਆਂ ਦੇ ਜਲ ਪ੍ਰਵਾਹ ਦੌਰਾਨ 8 ਲੋਕਾਂ ਦੀ ਮੌਤ, ਤਕਰੀਬਨ 40 ਲਾਪਤਾ
ਪੱਛਮੀ ਬੰਗਾਲ ਦੇ ਜਲਪਾਈਗੁੜੀ ’ਚ ਮੱਲ ਨਦੀ ਦੇ ਤੱਟ ’ਤੇ ਦੁਰਗਾ ਦਾ ਵਿਸਰਜਨ ਕੀਤਾ ਜਾ ਰਿਹਾ ਸੀ, ਇਸ ਦੌਰਾਨ ਪਾਣੀ ਦਾ ਪੱਧਰ ਅਚਾਨਕ ਵੱਧ ਜਾਣ ਕਾਰਨ ਵੱਡਾ ਹਾਦਸਾ ਵਾਪਰ ਗਿਆ।
ਚੰਡੀਗੜ੍ਹ: ਦੁਸਹਿਰੇ ਵਾਲੇ ਦਿਨ ਪੱਛਮੀ ਬੰਗਾਲ (West Bengal) ਦੇ ਜਲਪਾਈਗੁੜੀ ’ਚ ਮੱਲ ਨਦੀ (Mal River) ਦੇ ਤੱਟ ’ਤੇ ਦੁਰਗਾ ਦਾ ਵਿਸਰਜਨ ਕੀਤਾ ਜਾ ਰਿਹਾ ਸੀ, ਇਸ ਦੌਰਾਨ ਪਾਣੀ ਦਾ ਪੱਧਰ ਅਚਾਨਕ ਵੱਧ ਜਾਣ ਕਾਰਨ ਵੱਡਾ ਹਾਦਸਾ ਵਾਪਰ ਗਿਆ।
ਪ੍ਰਸਾਸ਼ਨ ਵਲੋਂ ਲੋਕਾਂ ਨੂੰ ਕੀਤਾ ਜਾ ਰਿਹਾ ਸੀ ਸੁਚੇਤ
ਪਾਣੀ ਦਾ ਪੱਧਰ ਉੱਚਾ ਨਾ ਹੋਣ ਕਾਰਨ ਪ੍ਰਸਾਸ਼ਨ ਦੁਆਰਾ ਕਿਸੇ ਪ੍ਰਕਾਰ ਦੀ ਸਖ਼ਤੀ ਨਹੀਂ ਕੀਤੀ ਗਈ ਸੀ। ਜਿਸ ਕਾਰਨ ਲੋਕ ਮੂਰਤੀ ਵਿਸਰਜਨ ਲਈ ਕਾਫ਼ੀ ਡੂੰਘਾਈ ਤੱਕ ਚਲੇ ਗਏ ਤਾਂ ਜੋ ਸਹੀ ਢੰਗ ਨਾਲ ਵਿਸਰਜਨ ਕੀਤਾ ਜਾ ਸਕੇ। ਹਾਲਾਂਕਿ ਪ੍ਰਸਾਸ਼ਨ ਦੁਆਰਾ ਤਾਇਨਾਤ ਕੀਤੀਆਂ ਗਈਆਂ ਟੀਮਾਂ ਲਾਊਡ ਸਪੀਕਰ ਰਾਹੀਂ ਲੋਕਾਂ ਨੂੰ ਸੁਚੇਤ ਰਹਿਣ ਨੂੰ ਅਨਾਊਂਸਮੈਂਟ (Announcement) ਕਰ ਰਹੀਆਂ ਸਨ।
ਪਾਣੀ ਦਾ ਪੱਧਰ ਅਚਾਨਕ ਵੱਧਣ ਕਾਰਨ ਹੋਇਆ ਹਾਦਸਾ
ਦੇਖਦੇ ਹੀ ਦੇਖਦੇ ਪਾਣੀ ਦਾ ਪੱਧਰ (Flash flood) ਅਚਾਨਕ ਵੱਧ ਗਿਆ, ਪਾਣੀ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਕਿਨਾਰੇ ’ਤੇ ਖੜ੍ਹੇ ਲੋਕ ਵੀ ਡੁੱਬਣ ਵਾਲਿਆਂ ਦੀ ਮਦਦ ਨਹੀਂ ਕਰ ਸਕੇ। ਅਚਾਨਕ ਆਏ ਹੜ੍ਹ ਕਾਰਨ 8 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 30-40 ਲੋਕ ਲਾਪਤਾ ਦੱਸੇ ਜਾ ਰਹੇ ਹਨ। NDRF ਦੀ ਟੀਮ ਦੇਰ ਰਾਤ ਕਰੀਬ 1 ਵਜੇ ਤੱਕ ਬਚਾਅ ਕਾਰਜਾਂ ’ਚ ਲੱਗ ਰਹੀ।
ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆ ਜਲਪਾਈਗੁੜੀ ਦੇ ਐੱਸਪੀ ਦੇਵਰਸ਼ੀ ਦੱਤਾ ਨੇ ਦੱਸਿਆ ਕਿ 8 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਇਸ ਤੋਂ ਇਲਾਵਾ 10 ਜਖ਼ਮੀਆਂ ਨੂੰ ਵੀ ਬਾਹਰ ਕੱਢਿਆ ਜਾ ਚੁੱਕਿਆ ਹੈ। ਫਿਲਹਾਲ ਰਾਹਤ ਅਤੇ ਬਚਾਅ ਦਾ ਕੰਮ ਜਾਰੀ ਹੈ ਅਤੇ ਲਾਪਤਾ ਹੋਏ ਲੋਕਾਂ ਦੀ NDRF ਦੀਆਂ ਟੀਮਾਂ ਦੁਆਰਾ ਭਾਲ ਕੀਤੀ ਜਾ ਰਹੀ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਘਟਨਾ ’ਤੇ ਦੁੱਖ ਜਾਹਰ ਕੀਤਾ
ਇਸ ਹਾਦਸੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਧਾਰ ’ਤੇ ਟਵੀਟ ਕੀਤਾ ਗਿਆ। ਜਿਸ ’ਚ ਲਿਖਿਆ ਗਿਆ ਦੁਰਗਾ ਪੂਜਨ ਦੇ ਤਿਉਹਾਰ ਮੌਕੇ ਪੱਛਮੀ ਬੰਗਾਲ ਦੇ ਜਲਪਾਈਗੁੜੀ (Jalpaiguri) ’ਚ ਹੋਏ ਹਾਦਸੇ ਤੋਂ ਦੁਖੀ ਹਾਂ। ਮੈਂ ਉਨ੍ਹਾਂ ਲੋਕਾਂ ਪ੍ਰਤੀ ਹਮਦਰਦੀ ਜਤਾਉਂਦਾ ਹਾਂ, ਜਿਨ੍ਹਾਂ ਨੇ ਆਪਣੇ ਅਜੀਜ਼ਾਂ ਨੂੰ ਗੁਆਇਆ ਹੈ।