Election Commission Instruction: ਚੋਣ ਕਮਿਸ਼ਨ ਨੇ ਡੀਸੀ ਤੇ ਪੁਲਿਸ ਕਮਿਸ਼ਨਰ ਨੂੰ ਸ਼ਰਾਬ ਤੇ ਨਕਦੀ `ਤੇ ਨਕੇਲ ਕੱਸਣ ਦੇ ਦਿੱਤੇ ਨਿਰਦੇਸ਼
Election Commission Instruction: ਭਾਰਤੀ ਚੋਣ ਕਮਿਸ਼ਨ (ECI) ਦੀ ਟੀਮ ਨੇ 2024 ਵਿੱਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ (DCs), ਪੁਲਿਸ ਕਮਿਸ਼ਨਰ (CPs) ਅਤੇ ਸੀਨੀਅਰ ਪੁਲਿਸ ਕਪਤਾਨ (SSPs) ਨੂੰ ਨਿਰਦੇਸ਼ ਜਾਰੀ ਕੀਤੇ।
Election Commission Instruction: ਭਾਰਤੀ ਚੋਣ ਕਮਿਸ਼ਨ (ECI) ਦੀ ਟੀਮ ਨੇ 2024 ਵਿੱਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਵਿੱਚ ਬੁੱਧਵਾਰ ਨੂੰ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ (DCs), ਪੁਲਿਸ ਕਮਿਸ਼ਨਰ (CPs) ਅਤੇ ਸੀਨੀਅਰ ਪੁਲਿਸ ਕਪਤਾਨ (SSPs) ਨੂੰ ਨਸ਼ਿਆਂ, ਸ਼ਰਾਬ ਅਤੇ ਨਕਦੀ ਦੀ ਤਸਕਰੀ ਨੂੰ ਰੋਕਣ ਲਈ ਆਪਣੀਆਂ ਮੁਹਿੰਮਾਂ ਨੂੰ ਵਧਾਉਣ ਦੇ ਨਿਰਦੇਸ਼ ਦਿੱਤੇ ਹਨ।
ਇੱਥੇ ਹੋਈ ਮੀਟਿੰਗ ਦੌਰਾਨ ਡਿਪਟੀ ਚੋਣ ਕਮਿਸ਼ਨਰ ਹਿਰਦੇਸ਼ ਕੁਮਾਰ ਦੀ ਅਗਵਾਈ ਵਿੱਚ ਚੋਣ ਕਮਿਸ਼ਨ ਦੀ ਟੀਮ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸੂਬੇ ਵਿੱਚ ਆਉਣ ਵਾਲੀਆਂ ਚੋਣਾਂ ਵਿੱਚ ਵੋਟਰਾਂ ਦੀ ਗਿਣਤੀ ਵਿੱਚ ਵਾਧਾ ਕਰਨ ਲਈ ਮਤਦਾਨ ਨੂੰ ਆਸਾਨ ਬਣਾਉਣ ਲਈ ਪੋਲਿੰਗ ਸਟੇਸ਼ਨਾਂ 'ਤੇ ਸਾਰੇ ਲੋੜੀਂਦੇ ਪ੍ਰਬੰਧ ਕਰਨ।
ਚੋਣ ਕਮਿਸ਼ਨ ਦੀ ਟੀਮ ਨੇ ਅਧਿਕਾਰੀਆਂ ਨੂੰ ਪੋਲਿੰਗ ਦੌਰਾਨ ਸੁਰੱਖਿਆ ਡਿਊਟੀ 'ਤੇ ਤਾਇਨਾਤ ਕੇਂਦਰੀ ਬਲਾਂ ਲਈ ਪੁਖਤਾ ਪ੍ਰਬੰਧ ਯਕੀਨੀ ਬਣਾਉਣ ਲਈ ਵੀ ਕਿਹਾ। ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਸ਼ਰਾਬ ਤੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਸਬੰਧੀ ਸਾਰੇ ਜ਼ਿਲ੍ਹਿਆਂ ਤੋਂ ਵਿਸਤ੍ਰਿਤ ਜਾਣਕਾਰੀ ਮੰਗੀ ਗਈ ਸੀ।
ਵੱਖ-ਵੱਖ ਜ਼ਿਲ੍ਹਿਆਂ ਵੱਲੋਂ ਵੋਟਰਾਂ ਦੀ ਗਿਣਤੀ ਵਧਾਉਣ, ਵੈਬਕਾਸਟਿੰਗ ਦੇ ਪ੍ਰਬੰਧਾਂ ਤੇ ਪੋਲਿੰਗ ਸਟੇਸ਼ਨਾਂ 'ਤੇ ਸਾਰੀਆਂ ਤਿਆਰੀਆਂ ਕਰਨ ਲਈ ਚੁੱਕੇ ਗਏ ਕਦਮਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਗਈ। ਇਸੇ ਤਰ੍ਹਾਂ ਚੋਣ ਕਮਿਸ਼ਨ ਦੀ ਟੀਮ ਨੇ ਸਾਰੇ ਡਿਪਟੀ ਕਮਿਸ਼ਨਰਾਂ, ਸੀਪੀਜ਼ ਤੇ ਐਸਐਸਪੀਜ਼ ਨਾਲ ਚੋਣ ਪ੍ਰਕਿਰਿਆ ਨਾਲ ਸਬੰਧਤ ਮਹੱਤਵਪੂਰਨ ਸੁਝਾਅ ਅਤੇ ਜਾਣਕਾਰੀ ਵੀ ਸਾਂਝੀ ਕੀਤੀ।
ਪੰਜਾਬ ਦੇ ਸੀਈਓ ਸਿਬਿਨ ਸੀ ਨੇ ਕਮਿਸ਼ਨ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਵਿੱਚ ਲੋਕ ਸਭਾ ਚੋਣਾਂ ਬਿਨਾਂ ਕਿਸੇ ਦਬਾਅ ਅਤੇ ਨਿਰਪੱਖ ਅਤੇ ਆਜ਼ਾਦ ਤਰੀਕੇ ਨਾਲ ਕਰਵਾਈਆਂ ਜਾਣਗੀਆਂ। ਸੀਈਓ ਨੇ ਚੋਣ ਕਮਿਸ਼ਨ ਦੀ ਟੀਮ ਨੂੰ ਇਹ ਵੀ ਭਰੋਸਾ ਦਿਵਾਇਆ ਸੀ ਕਿ ਸਾਰੇ ਅਧਿਕਾਰੀਆਂ ਨੂੰ ਆਦਰਸ਼ ਚੋਣ ਜ਼ਾਬਤੇ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਤੇ ਪੰਜਾਬ ਵਿੱਚ ਨਸ਼ਿਆਂ ਦੇ ਨਾਲ-ਨਾਲ ਸ਼ਰਾਬ ਦੀ ਗੈਰ-ਕਾਨੂੰਨੀ ਤਸਕਰੀ ਨੂੰ ਰੋਕਣ ਲਈ ਵੱਖ-ਵੱਖ ਉਪਾਅ ਕੀਤੇ ਗਏ ਹਨ।
ਸੀਈਓ ਨੇ ਕਿਹਾ ਕਿ ਇਸ ਵਾਰ ਵੱਧ ਤੋਂ ਵੱਧ ਵੋਟਰਾਂ ਨੂੰ ਆਕਰਸ਼ਿਤ ਕਰਨ ਲਈ ਮਾਡਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ ਵਧਾਉਣ ਅਤੇ ਵੋਟਿੰਗ ਦੇ ਸਮੁੱਚੇ ਤਜ਼ਰਬੇ ਨੂੰ ਸੁਹਾਵਣਾ ਅਤੇ ਭਰਪੂਰ ਬਣਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਚੋਣ ਕਮਿਸ਼ਨ ਦੀ ਟੀਮ ਨੇ ਰਾਜ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
ਸੀਈਓ ਨੇ ਅੱਗੇ ਕਿਹਾ ਕਿ ਹਰੇਕ ਪੋਲਿੰਗ ਸਟੇਸ਼ਨ 'ਤੇ ਪੀਣ ਵਾਲੇ ਪਾਣੀ, ਲੋੜੀਂਦੇ ਫਰਨੀਚਰ, ਉਚਿਤ ਰੋਸ਼ਨੀ, ਸਹੀ ਸੰਕੇਤ, ਹੈਲਪ ਡੈਸਕ ਅਤੇ ਪਖਾਨੇ ਸਮੇਤ ਹੋਰ ਸਹੂਲਤਾਂ ਨੂੰ ਹੋਰ ਵਧਾਉਣ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਦੌਰਾਨ, ਈਸੀਆਈ ਅਤੇ ਸੀਈਓ ਨੇ ਡੀਸੀ ਮਲੇਰਕੋਟਲਾ ਦੀ ਇੱਕ ਵਿਲੱਖਣ ਪਹਿਲਕਦਮੀ ਕਰਨ ਅਤੇ ਚੋਣਾਂ ਨਾਲ ਸਬੰਧਤ ਜਾਣਕਾਰੀ ਪ੍ਰਦਾਨ ਕਰਨ ਲਈ ''ਬੂਥ ਰਾਬਤਾ'' ਨਾਮਕ ਇੱਕ ਵਿਸ਼ੇਸ਼ ਐਪਲੀਕੇਸ਼ਨ ਤਿਆਰ ਕਰਨ ਲਈ ਸ਼ਲਾਘਾ ਕੀਤੀ।
ਇਹ ਵੀ ਪੜ੍ਹੋ : Punjab Sad Candidates List: ਅਕਾਲੀ ਦਲ ਨੇ ਪੰਜਾਬ ਦੀਆਂ ਸਾਰੀਆਂ ਲੋਕ ਸਭਾ ਸੀਟਾਂ 'ਤੇ ਉਮੀਦਵਾਰਾਂ ਦੇ ਨਾਂਅ ਕੀਤੇ ਫਾਇਨਲ!