Employees Protest News: ਪੰਜਾਬ ਦੀ ਵੱਖ-ਵੱਖ ਸਰਕਾਰੀ ਮੁਲਾਜ਼ਮ ਜਥੇਬੰਦੀਆਂ ਵੱਲੋਂ ਅੱਜ ਮੋਹਾਲੀ ਦੇ ਵਾਈਪੀਐਸ ਚੌਕ ਤੋਂ ਚੰਡੀਗੜ੍ਹ ਵੱਲ ਰੋਸ ਮਾਰਚ ਕੀਤਾ ਗਿਆ। ਇਸ ਰੋਸ ਮਾਰਚ ਵਿੱਚ 12 ਤੋਂ 15 ਹਜ਼ਾਰ ਮੁਲਾਜ਼ਮ ਸ਼ਾਮਿਲ ਹੋਏ ਹਨ। ਮੋਹਾਲੀ ਅਤੇ ਚੰਡੀਗੜ੍ਹ ਪੁਲਿਸ ਵੱਲੋਂ ਕੀਤੇ ਗਏ ਸਖਤ ਪ੍ਰਬੰਧਾਂ ਦੇ ਬਾਵਜੂਦ ਵੀ ਦੋ ਬੈਰੀਕੇਡਿੰਗ ਤੋੜਦੇ ਹੋਏ ਅੱਗੇ ਵਧ ਗਏ। ਚੰਡੀਗੜ੍ਹ ਬਾਰਡਰ ਉਤੇ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਜਾਰੀ ਹੈ। ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਨੂੰ ਲੈ ਕੇ ਮੁਲਾਜ਼ਮ ਜਥੇਬੰਦੀਆਂ ਅੜੀਆਂ ਹੋਈਆਂ ਹਨ। ਇਸ ਤੋਂ ਬਾਅਦ ਸਰਕਾਰ ਨਾਲ ਮੀਟਿੰਗ ਦੇ ਭਰੋਸੇ ਮਗਰੋਂ ਮੁਲਾਜ਼ਮ ਜਥੇਬੰਦੀਆਂ ਪਰਤ ਗਈਆਂ।


COMMERCIAL BREAK
SCROLL TO CONTINUE READING

ਦੂਜੇ ਪਾਸੇ ਸਨਅਤੀ ਸ਼ਹਿਰ ਲੁਧਿਆਣਾ ਵਿੱਚ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਸ਼ਨਿੱਚਰਵਾਰ ਨੂੰ ਆਊਟਸੋਰਸ ਭਰਤੀ ਹੋਏ ਠੇਕਾ ਮੁਲਾਜ਼ਮਾਂ ਨੇ ਲਾਡੋਵਾਲ ਟੋਲ ਪਲਾਜ਼ਾ ਉਤੇ ਧਰਨਾ ਦਿੱਤਾ। ਇਸ ਦੌਰਾਨ ਅੰਮ੍ਰਿਤਸਰ-ਦਿੱਲੀ ਨੈਸ਼ਨਲ ਹਾਈਵੇ ਜਾਮ ਰਿਹਾ। ਦੋਵਾਂ ਪਾਸਿਆਂ ਤੋਂ ਆਉਣ-ਜਾਣ ਵਾਲੇ ਵਾਹਨਾਂ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਗਿਆ। ਜਾਮ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਮੁਲਾਜ਼ਮਾਂ ਨੇ ਪਹਿਲਾਂ ਹੀ ਹੜਤਾਲ ਕਰਨ ਦਾ ਫੈਸਲਾ ਕਰ ਲਿਆ ਸੀ।


ਪੁਲਿਸ ਨੇ ਉਨ੍ਹਾਂ ਨੂੰ ਕਈ ਥਾਵਾਂ 'ਤੇ ਰੋਕ ਲਿਆ। ਇਸ ਦੇ ਬਾਵਜੂਦ ਵੱਡੀ ਗਿਣਤੀ 'ਚ ਮੁਲਾਜ਼ਮ ਧਰਨੇ 'ਤੇ ਆ ਗਏ ਅਤੇ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ। ਧਰਨੇ ਵਿੱਚ ਮੁਲਾਜ਼ਮਾਂ ਦੇ ਪਰਿਵਾਰਾਂ ਨੇ ਵੀ ਸ਼ਮੂਲੀਅਤ ਕੀਤੀ। ਕੌਮੀ ਮਾਰਗ ਉਤੇ ਦੋਵੇਂ ਪਾਸੇ ਕਰੀਬ ਪੰਜ ਕਿਲੋਮੀਟਰ ਦਾ ਜਾਮ ਲੱਗ ਗਿਆ। ਕਰੀਬ ਚਾਰ ਘੰਟੇ ਬਾਅਦ ਏਡੀਸੀ ਨੇ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਮੁਲਾਜ਼ਮ ਆਪਣੀ ਹੜਤਾਲ ਤੋਂ ਉੱਠ ਖੜ੍ਹੇ ਹੋਏ। ਮੁਲਾਜ਼ਮ ਆਗੂਆਂ ਵਰਿੰਦਰ ਸਿੰਘ ਮੋਮੀ, ਜਸਵੀਰ ਸਿੰਘ ਜੱਸੀ ਤੇ ਹੋਰਨਾਂ ਨੇ ਦੱਸਿਆ ਕਿ ਕੱਚੇ ਮੁਲਾਜ਼ਮ ਜਲ ਸਪਲਾਈ ਤੇ ਸੈਨੀਟੇਸ਼ਨ, ਪਾਵਰਕੌਮ, ਸਰਕਾਰੀ ਥਰਮਲ ਪਲਾਂਟ, ਹਾਈਡਲ ਪ੍ਰਾਜੈਕਟ, ਵੇਰਕਾ ਮਿਲਕ, ਕੈਟਲ ਫੀਡ ਪਲਾਂਟ, ਜਲ ਸਪਲਾਈ ਤੇ ਹੋਰ ਵਿਭਾਗਾਂ ਵਿੱਚ ਲੰਮੇ ਸਮੇਂ ਤੋਂ ਸੇਵਾਵਾਂ ਨਿਭਾਅ ਰਹੇ ਹਨ।


ਇਨ੍ਹਾਂ ਸਾਰੇ ਸਰਕਾਰੀ ਵਿਭਾਗਾਂ ਨੂੰ ਆਊਟਸੋਰਸ ਕਰਕੇ ਭਰਤੀ ਕਰਨ ਅਤੇ ਠੇਕਾ ਮੁਲਾਜ਼ਮਾਂ ਨੂੰ ਸਬੰਧਤ ਵਿਭਾਗਾਂ ਵਿੱਚ ਰਲੇਵਾਂ ਕਰਕੇ ਪੱਕਾ ਕਰਨ ਸਮੇਤ ਹੋਰ ਮੰਗਾਂ ਲੰਮੇ ਸਮੇਂ ਤੋਂ ਲਟਕ ਰਹੀਆਂ ਹਨ। ਕਈ ਮੀਟਿੰਗਾਂ ਤੋਂ ਬਾਅਦ ਵੀ ਮੌਜੂਦਾ ਸਰਕਾਰ ਕੋਈ ਸੁਣਵਾਈ ਨਹੀਂ ਕਰ ਰਹੀ। ਮੁਲਾਜ਼ਮਾਂ ਨੇ 18 ਵਾਰ ਮੀਟਿੰਗ ਦਾ ਸਮਾਂ ਤੈਅ ਕੀਤਾ ਪਰ ਪੈਨਲ ਮੀਟਿੰਗ ਨਹੀਂ ਹੋਈ ਅਤੇ ਸਾਫ਼ ਇਨਕਾਰ ਕਰ ਦਿੱਤਾ ਗਿਆ।


ਇਹ ਵੀ ਪੜ੍ਹੋ : Bhupinder Babbal News: 'ਟੁੱਟ ਪੈਣੇ ਨੇ ਜਲੇਬੀ ਮਾਰੀ' ਤੋਂ ਬਾਅਦ ਬੱਬਲ ਹੁਣ 'ਪੈਰ ਜੋੜ ਕੇ ਗੰਡਾਸੀ ਮਾਰੀ' ਗੀਤ ਨਾਲ ਨਵੀਂ ਪੀੜੀ 'ਚ ਹੋਏ ਮਕਬੂਲ


ਮੁਹਾਲੀ ਤੋਂ ਮਨੀਸ਼ ਸ਼ੰਕਰ ਦੀ ਰਿਪੋਰਟ