Kiratpur Sahib News: ਅਜ਼ਾਦੀ ਦੇ ਸਾਢੇ ਸੱਤ ਦਹਾਕੇ ਬਾਅਦ ਵੀ ਪਿੰਡ ਦੌਲੋਵਾਲ ਦੀ ਲੁਬਾਣਾ ਬਸਤੀ ਬੁਨਿਆਦੀ ਸਹੂਲਤਾਂ ਤੋਂ ਸੱਖਣੀ
Kiratpur Sahib News: ਇਤਿਹਾਸਿਕ ਨਗਰੀ ਕੀਰਤਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਦੌਲੋਵਾਲ ਦੇ ਲੁਬਾਣਾ ਬਸਤੀ ਦੇ ਲੋਕ ਅਜ਼ਾਦੀ ਦੇ ਸਾਢੇ ਸੱਤ ਦਹਾਕੇ ਬਾਅਦ ਵੀ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ।
Kiratpur Sahib News: ਦੇਸ਼ ਨੂੰ ਅਜ਼ਾਦ ਹੋਇਆ ਭਾਵੇਂ ਸਾਢੇ ਸੱਤ ਦਹਾਕਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਪਰ ਅੱਜ ਵੀ ਕਈ ਪਿੰਡ ਮੁਢਲੀਆਂ ਸਹੂਲਤਾਂ ਤੋਂ ਵਾਂਝੇ ਹਨ। ਗੱਲ ਕੀਤੀ ਜਾਵੇ ਇਤਿਹਾਸਿਕ ਨਗਰੀ ਕੀਰਤਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਦੌਲੋਵਾਲ ਦੇ ਲੁਬਾਣਾ ਬਸਤੀ ਦੇ ਲੋਕ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ।
ਇਹ ਲੋਕ ਪੱਕੇ ਤੌਰ ਉਤੇ ਰਸਤਾ ਬਣਾ ਕੇ ਤੇ ਖੱਡ ਦੇ ਉਪਰ ਪੁੱਲ ਪਾਉਣ ਦੀ ਮੰਗ ਕਰ ਰਹੇ ਹਨ। ਬਰਸਾਤਾਂ ਵਿੱਚ ਉਨ੍ਹਾਂ ਦਾ ਪਿੰਡਾਂ ਬਾਹਰ ਨਿਕਲਣਾ ਔਖਾ ਹੋ ਜਾਂਦਾ ਹੈ ਤੇ ਰਾਤ ਭਾਰੀ ਬਰਸਾਤ ਕਾਰਨ ਪੰਚਾਇਤ ਵੱਲੋਂ ਪਾਇਆ ਗਿਆ ਸਾਈਫਨ ਵੀ ਬੀਤੀ ਰਾਤ ਹੋਈ ਭਾਰੀ ਬਰਸਾਤ ਕਾਰਨ ਹੜ੍ਹ ਗਿਆ। ਇਸ ਤੋਂ ਬਾਅਦ ਅੱਜ ਉਨ੍ਹਾਂ ਦੇ ਬੱਚੇ ਨਾ ਤਾਂ ਸਕੂਲ ਗਏ ਹਨ ਤੇ ਨਾ ਹੀ ਕੰਮਕਾਰ ਕਰਨ ਵਾਲੇ ਵਿਅਕਤੀ ਆਪਣੇ ਕੰਮਾਂ ਉਤੇ ਜਾ ਸਕੇ ਹਨ।
ਇਸ ਨੂੰ ਲੈ ਕੇ ਉਕਤ ਲੋਕਾਂ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਉਨ੍ਹਾਂ ਨੂੰ ਪੱਕੇ ਤੌਰ ਉਤੇ ਰਸਤਾ ਬਣਾ ਕੇ ਅਤੇ ਖੱਡ ਦੇ ਉਪਰ ਪੁਲ ਪਾਉਣ ਦੇ ਵਾਅਦੇ ਕੀਤੇ ਗਏ ਸਨ ਪਰ ਪਿਛਲੇ ਤੀਹ ਸਾਲਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਤੇ ਨਾ ਕਾਂਗਰਸ ਨੇ ਉਨ੍ਹਾਂ ਦੀ ਸਾਰ ਲਈ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਉਨ੍ਹਾਂ ਨਾਲ ਵਾਅਦੇ ਕਰਕੇ ਤਾਂ ਜ਼ਰੂਰ ਚਲ ਜਾਂਦੀਆਂ ਸਨ ਪਰ ਕਿਸੇ ਨੇ ਵੀ ਉਨ੍ਹਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ।
ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਸਮੇਂ ਉਸ ਸਮੇਂ ਦੇ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਨੂੰ ਪੱਕਾ ਰਸਤਾ ਤੇ ਖੱਡ ਦੇ ਉੱਪਰ ਪੁਲ ਬਣਾ ਕੇ ਦਿੱਤਾ ਜਾਵੇਗਾ ਅਤੇ ਉਨ੍ਹਾਂ ਲਈ ਪੀਣ ਵਾਲੇ ਪਾਣੀ ਲਈ ਬੋਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਦਨ ਮੋਹਨ ਮਿੱਤਲ ਵੱਲੋਂ ਬੋਰ ਤਾਂ ਜ਼ਰੂਰ ਕਰਵਾ ਦਿੱਤਾ ਗਿਆ ਸੀ ਪਰ ਉਸ ਬੋਰ ਨੂੰ ਅੱਜ ਤੱਕ ਮੋਟਰ ਨਸੀਬ ਨਹੀਂ ਹੋਈ, ਉਨ੍ਹਾਂ ਵੱਲੋਂ ਸਾਡੀ ਰਸਤੇ ਦੇ ਪੁਲ ਦੀ ਸਮੱਸਿਆ ਨੂੰ ਹੱਲ ਨਹੀਂ ਕੀਤਾ ਗਿਆ।
ਉਨ੍ਹਾਂ ਨੇ ਕਿਹਾ ਕੇ ਉਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਵਿਧਾਇਕ ਰਾਣਾ ਕੇਪੀ ਵੱਲੋਂ ਵੀ ਉਨ੍ਹਾਂ ਲਈ ਪੱਕਾ ਰਸਤਾ ਤੇ ਪੁਲ ਬਣਾਉਣ ਤੋਂ ਇਲਾਵਾ ਹੋਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਗਿਆ ਸੀ ਪਰ ਉਨ੍ਹਾਂ ਨੇ ਵੀ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਦਾ ਮੁੜ ਕੇ ਹਾਲ ਨਹੀਂ ਪੁੱਛਿਆ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਵੀ ਵੋਟਾਂ ਸਮੇਂ ਉਨ੍ਹਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਜੇ ਉਹ ਸੱਤਾ ਵਿੱਚ ਆਉਂਦੇ ਤਾਂ ਉਹ ਇਨ੍ਹਾਂ ਲੋਕਾਂ ਦੀ ਸਮੱਸਿਆ ਦਾ ਹੱਲ ਪਹਿਲ ਦੇ ਆਧਾਰ ਉਤੇ ਕਰਨਗੇ ਪਰ ਸਰਕਾਰ ਦਾ ਡੇਢ ਸਾਲ ਤੋਂ ਵੱਧ ਸਮਾਂ ਬੀਤ ਜਾਣ ਤੋਂ ਬਾਅਦ ਵੀ ਹਾਲੇ ਤੱਕ ਨਾ ਤਾਂ ਉਨ੍ਹਾਂ ਦਾ ਰਸਤੇ ਦਾ ਕੰਮ ਸ਼ੁਰੂ ਹੋਇਆ ਤੇ ਨਾ ਹੀ ਉਨ੍ਹਾਂ ਦੀ ਖੱਡ ਦੇ ਉੱਪਰ ਪੁਲ ਪਾਇਆ ਗਿਆ।
ਉਨ੍ਹਾਂ ਕਿਹਾ ਜੋ ਸਾਈਫਨ ਪਿਛਲੇ ਸਰਕਾਰ ਸਮੇਂ ਸਾਡੀ ਪੰਚਾਇਤ ਤੇ ਸਰਪੰਚ ਵੱਲੋਂ ਪਾਇਆ ਗਿਆ ਸੀ ਉਹ ਵੀ ਬੀਤੀ ਰਾਤ ਹੋਈ ਭਾਰੀ ਬਰਸਾਤ ਕਾਰਨ ਹੜ੍ਹ ਗਿਆ। ਇਸ ਤੋਂ ਬਾਅਦ ਅੱਜ ਉਨ੍ਹਾਂ ਦੇ ਬੱਚੇ ਨਾ ਤਾਂ ਸਕੂਲ ਗਏ ਹਨ ਤੇ ਨਾ ਹੀ ਕੰਮਕਾਰ ਕਰਨ ਵਾਲੇ ਵਿਅਕਤੀ ਆਪਣੇ ਕੰਮਾਂ ਉਤੇ ਜਾ ਸਕੇ ਹਨ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਜੇ ਰਾਤ ਉਨ੍ਹਾਂ ਦੇ ਘਰ ਵਿੱਚ ਕੋਈ ਬਿਮਾਰ ਹੋ ਜਾਂਦਾ ਤਾਂ ਉਸ ਨੂੰ ਹਸਪਤਾਲ ਲੈ ਕੇ ਜਾਣਾ ਵੀ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਕਿਉਂਕਿ ਪੱਕਾ ਰਸਤਾ ਨਾ ਹੋਣ ਕਾਰਨ ਉਨ੍ਹਾਂ ਦੇ ਘਰਾਂ ਤੱਕ ਗੱਡੀ ਵੀ ਨਹੀਂ ਆਉਂਦੀ ਤੇ ਉਨ੍ਹਾਂ ਨੂੰ ਬਿਮਾਰ ਹੋਏ ਵਿਅਕਤੀ ਨੂੰ ਚੁੱਕ ਕੇ ਲਗਭਗ ਅੱਧਾ ਕਿਲੋਮੀਟਰ ਲੈ ਕੇ ਜਾਣਾ ਪੈਂਦਾ ਹੈ।
ਉਨ੍ਹਾਂ ਨੇ ਦੱਸਿਆ ਕਿ ਸਾਡੇ ਇਨ੍ਹਾਂ ਘਰਾਂ ਦੀ ਆਬਾਦੀ 800 ਦੇ ਕਰੀਬ ਹੈ ਜਦੋਂ ਕਿ ਸਾਡੇ ਇਨ੍ਹਾਂ ਘਰਾਂ ਦੀ ਵੋਟ 250/300 ਦੇ ਕਰੀਬ ਹੈ ਦੱਸਿਆ ਕਿ ਉਨ੍ਹਾਂ ਦੇ ਬੱਚੇ ਅੱਜ ਵੱਡੀਆਂ ਕਲਾਸਾਂ ਵਿੱਚ ਪੜ੍ਹ ਰਹੇ ਹਨ ਜਿਨ੍ਹਾਂ ਨੂੰ ਆਪਣੇ ਇਮਤਿਹਾਨ ਦੇਣ ਜਾਣ ਵਿੱਚ ਵੀ ਮੁਸ਼ਕਿਲ ਆਉਂਦੀ ਹੈ ਕਿਉਂਕਿ ਜੇ ਬਰਸਾਤ ਹੋਈ ਹੋਵੇ ਤਾਂ ਉਹ ਆਪਣੇ ਹੋਣ ਵਾਲੀ ਪ੍ਰੀਖਿਆ ਵਿੱਚ ਨਹੀਂ ਪਹੁੰਚ ਸਕਦੇ। ਉਨ੍ਹਾਂ ਨੇ ਮੌਜੂਦਾ ਸਰਕਾਰ ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਉਨ੍ਹਾਂ ਦੀ ਬਸਤੀ ਲਈ ਪੱਕੀ ਸੜਕ ਉਤੇ ਪੁਲ ਦਾ ਨਿਰਮਾਣ ਕੀਤਾ ਜਾਵੇ ਤਾਂ ਜੋ ਉਨ੍ਹਾਂ ਦੀ ਬਸਤੀ ਦੇ ਲੋਕਾਂ ਨੂੰ ਵੀ ਅਸਲੀ ਅਜ਼ਾਦੀ ਦਾ ਪਤਾ ਲੱਗ ਸਕੇ।
ਇਹ ਵੀ ਪੜ੍ਹੋ : Mohalla Clinic News: ਪੰਜਾਬੀਆਂ ਨੂੰ ਮਿਲੇਗੀ ਅੱਜ 76 ਮੁਹੱਲਾ ਕਲੀਨਿਕਾਂ ਦੀ ਸੌਗਾਤ, 'ਆਮ ਆਦਮੀ ਕਲੀਨਿਕ' ਦੀਆਂ ਵੇਖੋ ਤਸਵੀਰਾਂ
ਸ੍ਰੀ ਕੀਰਤਪੁਰ ਸਾਹਿਬ ਤੋਂ ਬਿਮਲ ਸ਼ਰਮਾ ਦੀ ਰਿਪੋਰਟ