Punjab News: ਸਤਲੁਜ ਦਰਿਆ ਪਾਰ ਕਰਨ ਲਈ ਲੋਕਾਂ ਨੂੰ ਹੁਣ ਵੀ ਲੈਣਾ ਪੈਂਦਾ ਬੇੜੀ ਦਾ ਸਹਾਰਾ
Punjab News: ਲੁਧਿਆਣਾ ਜ਼ਿਲ੍ਹੇ ਵਿੱਚ ਸਤਲੁਜ ਦਰਿਆ ਕੰਢੇ ਵੱਸੇ ਲੋਕਾਂ ਨੂੰ ਅੱਜ ਵੀ ਜਲੰਧਰ ਜ਼ਿਲ੍ਹੇ ਵਿੱਚ ਦਾਖ਼ਲ ਹੋਣ ਲਈ ਬੇੜੀ ਦਾ ਸਹਾਰਾ ਲੈਣਾ ਪੈਂਦਾ ਹੈ।
Punjab News: ਕਹਿਣ ਨੂੰ ਤਾਂ ਲੁਧਿਆਣਾ ਪੰਜਾਬ ਦਾ ਸਭ ਤੋਂ ਵੱਡਾ ਅਤੇ ਸਨਅਤੀ ਸ਼ਹਿਰ ਹੈ ਪਰ ਇਥੇ ਵੀ 21ਵੀਂ ਸਦੀ ਦੇ ਬਾਵਜੂਦ ਲੋਕ 20ਵੀਂ ਸਦੀ ਵਾਲਾ ਜੀਵਨ ਬਤੀਤ ਕਰਨ ਨੂੰ ਮਜਬੂਰ ਹਨ। ਸਤਲੁਜ ਦਰਿਆ ਦੇ ਕੰਢੇ ਵਸਦੇ ਲੋਕ ਅੱਜ ਵੀ ਜਲੰਧਰ ਤੋਂ ਲੁਧਿਆਣਾ ਅਤੇ ਲੁਧਿਆਣਾ ਤੋਂ ਜਲੰਧਰ ਆਉਣ ਲਈ ਬੇੜੀ(ਕਿਸ਼ਤੀ) ਦਾ ਇਸਤੇਮਾਲ ਕਰਦੇ ਹਨ। ਇਨ੍ਹਾਂ ਪਿੰਡਾਂ ਨੂੰ ਸਤਲੁਜ ਦਰਿਆ ਦਾ ਪੁਲ 25 ਤੋਂ 30 ਕਿਲੋਮੀਟਰ ਦੂਰ ਪੈਂਦਾ ਹੈ।
ਭਾਵੇਂ ਕੰਮਕਾਜ ਵਾਲੇ ਲੋਕ ਹੋਣ ਜਾਂ ਬੱਚੇ, ਕਿਸਾਨਾਂ ਨੂੰ ਵੀ ਬੇੜੀ ਦੀ ਵਰਤੋਂ ਕਰਕੇ ਜਾਂ ਫਿਰ ਟਰੈਕਟਰ ਦਰਿਆ ਵਿੱਚੋਂ ਆਪਣੀ ਜਾਨ ਜੋਖ਼ਮ ਚ ਪਾ ਕੇ ਕੱਢਣਾ ਪੈਂਦਾ ਹੈ। ਬਰਸਾਤ ਦੇ ਦਿਨਾਂ ਵਿੱਚ ਇਨ੍ਹਾਂ ਪਿੰਡਾਂ ਦੇ ਲੋਕਾਂ ਲਈ ਪਾਰ ਜਾਣਾ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ। ਸਰਕਾਰੀ ਠੇਕੇ ਉਤੇ ਚੱਲ ਰਹੀ ਇਸ ਕਿਸ਼ਤੀ ਵਿੱਚ 10 ਰੁਪਏ ਅੰਦਰ ਉਹ 10 ਮਿੰਟ ਵਿੱਚ ਲੁਧਿਆਣਾ ਤੋਂ ਜਲੰਧਰ ਪੁੱਜ ਜਾਂਦੇ ਹਨ। ਬੇੜੀ ਉਨ੍ਹਾਂ ਦਾ 2 ਪਹੀਆਂ ਵਾਹਨ ਵੀ ਨਾਲ ਲਿਜਾਂਦੀ ਹੈ ਜਿਸ ਦਾ 10 ਰੁਪਏ ਵਾਧੂ ਚਾਰਜ ਦੇਣਾ ਪੈਂਦਾ ਹੈ।
ਕਿਹੜੇ ਕਿਹੜੇ ਪਿੰਡ: ਦਰਅਸਲ ਸਤਲੁਜ ਦਰਿਆ ਦੇ ਨਾਲ ਲੱਗਦੇ ਲੁਧਿਆਣਾ ਦੇ ਅਤੇ ਜਲੰਧਰ ਫਿਲੌਰ ਦੇ ਪਿੰਡਾਂ ਦੇ ਲੋਕਾਂ ਲਈ ਇਹ ਬੇੜੀ ਹੀ ਮੁੱਖ ਸਾਧਨ ਹੈ। ਲੁਧਿਆਣਾ ਵੱਲ ਨੂਰਪੁਰ ਬੇਟ, ਵਲੀਪੁਰ ਖੁਰਦ ਅਤੇ ਕਲਾਂ, ਗੋਂਸਗੜ, ਸਿੱਧਵਾਂ ਖਾਸ, ਮਾਨੀਵਾਲ, ਘਮਨੇਵਾਲ, ਖੈਰਾਬੇਟ, ਰਜਾਪੁਰ, ਬਾਣੀਵਾਲ ਆਦੀ ਪਿੰਡ ਜਲੰਧਰ ਵੱਲ ਲੱਗਦੇ ਹਨ ਤੇ ਜਲੰਧਰ ਵੱਲ ਵੀ ਫਿਲੌਰ ਦੇ 1 ਦਰਜਨ ਪਿੰਡਾਂ ਲਈ ਇਹ ਬੇੜੀ ਹੀ ਲੁਧਿਆਣਾ ਆਉਣ ਦਾ ਸਾਧਨ ਹੈ। ਲੋਕਾਂ ਨੇ ਦੱਸਿਆ ਕੇ ਉਹ ਕੰਮਾਕਾਰ ਲਈ, ਆਪਣੀਆਂ ਜ਼ਮੀਨਾਂ ਲਈ, ਰਿਸ਼ਤੇਦਾਰੀ ਵਿੱਚ ਜਾਣ ਲਈ, ਗੁਰੂ ਅਰਜੁਨ ਦੇਵ ਜੀ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਬੇੜੀ ਦਾ ਇਸਤੇਮਾਲ ਹੀ ਕਰਨਾ ਪੈਂਦਾ ਹੈ।
ਕਿਸਾਨਾਂ ਲਈ ਸਾਧਨ: ਸਤਲੁਜ ਦਰਿਆ ਵਿੱਚ ਚੱਲਣ ਵਾਲੀ ਇਹ ਬੇੜੀ ਸਿਰਫ ਆਮ ਲੋਕਾਂ ਦੇ ਆਉਣ ਜਾਣ ਲਈ ਨਹੀਂ ਸਗੋਂ ਕਿਸਾਨਾਂ ਲਈ ਵੀ ਵੱਡਾ ਸਾਧਨ ਹੈ। ਕਿਸਾਨਾਂ ਦੀਆਂ ਜ਼ਮੀਨਾਂ ਵੱਡੇ ਪੱਧਰ ਉਤੇ ਦਰਿਆ ਦੇ ਕੰਢੇ ਇਸ ਪਾਰ ਵੀ ਹਨ ਅਤੇ ਉਸ ਪਾਰ ਵੀ ਹਨ। ਉਨ੍ਹਾਂ ਨੂੰ ਇਸ ਬੇੜੀ ਦੀ ਵਰਤੋਂ ਕਰਕੇ ਆਪਣੀਆਂ ਜ਼ਮੀਨਾਂ ਵਿੱਚ ਜਾ ਕੇ ਖੇਤੀ ਕਰਨੀ ਪੈਂਦੀ ਹੈ। ਇਲਾਕੇ ਦੇ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਤਲੁਜ ਦਰਿਆ ਉਤੇ ਲੱਗੇ ਦੋਵੇਂ ਪੁਲ ਬਹੁਤ ਦੂਰ ਲੱਗਦੇ ਹਨ ਤੇ ਫਿਰ ਉਨ੍ਹਾਂ ਦੋਵਾਂ ਉਤੇ ਟੋਲ ਟੈਕਸ ਵੀ ਲੱਗਦਾ ਹੈ।
ਲਾਡੋਵਾਲ ਉਤੇ ਸਥਿਤ ਟੋਲ ਪਲਾਜ਼ਾ ਦੀ ਕੀਮਤ 150 ਰੁਪਏ ਇੱਕ ਪਾਸੇ ਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦਾ ਸੜਕ ਉਤੇ ਜਾਣ ਦੇ ਨਾਲ ਪੈਟਰੋਲ ਡੀਜਲ ਦਾ ਖ਼ਰਚਾ ਵੀ ਆ ਜਾਂਦਾ ਹੈ। ਇਥੋਂ ਤੱਕ ਕਿ ਕਿਸਾਨਾਂ ਨੇ ਦੱਸਿਆ ਕਿ ਇੱਥੇ ਪਿਛਲੇ ਕਈ ਸਾਲਾਂ ਤੋਂ ਅਜਿਹੇ ਹੀ ਹਾਲਾਤ ਨਾਲ ਉਨ੍ਹਾਂ ਨੂੰ ਕਈ ਵਾਰੀ ਟਰੈਕਟਰ ਵੀ ਦਰਿਆ ਵਿੱਚ ਹੀ ਆਪਣੀ ਜਾਨ ਜੋਖਮ ਵਿੱਚ ਪਾ ਕੇ ਕੱਢਣਾ ਪੈਂਦਾ ਹੈ।
ਬੇੜੀ ਦੀ ਸੁਵਿਧਾ: ਇਸ ਇਲਾਕੇ ਵਿੱਚ ਬੇੜੀ ਦੀ ਸੁਵਿਧਾ ਬੀਤੇ ਲੰਮੇਂ ਸਮੇਂ ਤੋਂ ਚੱਲ ਰਹੀ ਹੈ। ਬੇੜੀ ਸਰਕਾਰੀ ਠੇਕੇ ਉਤੇ ਦਿੱਤੀ ਹੋਈ ਹੈ ਅਤੇ ਦੋ ਰੁਪਏ ਵਿੱਚ ਇਸ ਦੀ ਪਾਰ ਲਗਾਉਣ ਦੀ ਸ਼ੁਰੂਆਤ ਹੋਈ ਸੀ ਤੇ ਅੱਜ 10 ਰੁਪਏ ਲਏ ਜਾਂਦੇ ਹਨ ਤੇ ਸੈਂਕੜੇ ਲੋਕ ਰੋਜ਼ਾਨਾ ਇਸ ਬੇੜੀ ਦਾ ਸਫ਼ਰ ਕਰਦੇ ਹਨ। ਬੇੜੀ ਚਲਾਉਣ ਵਾਲੇ ਰਾਜੂ ਨੇ ਦੱਸਿਆ ਕਿ ਪਹਿਲਾ ਬਾਂਸ ਦੇ ਨਾਲ ਕਿਸ਼ਤੀ ਰਾਹੀਂ ਲੋਕਾਂ ਨੂੰ ਪਾਰ ਲੰਘਾਇਆ ਜਾਂਦਾ ਸੀ ਪਰ ਹੁਣ ਮੋਟਰ ਵਾਲੀ ਬੇੜੀ ਚੱਲ ਪਈ ਹੈ।
ਬਰਸਾਤਾਂ ਦੇ ਦਿਨਾਂ ਦੇ ਵਿੱਚ ਉਨ੍ਹਾਂ ਨੂੰ ਖ਼ਾਸੀਆਂ ਦੇ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਪਾਣੀ ਦਾ ਪੱਧਰ ਕਾਫੀ ਉੱਪਰ ਆ ਜਾਂਦਾ ਹੈ ਅਤੇ ਉਨ੍ਹਾਂ ਦਾ ਸਫ਼ਰ ਵੀ ਵਧ ਜਾਂਦਾ ਹੈ। ਦਰਿਆ ਤੋਂ ਉਸ ਪਾਰ ਜਾਣ ਲਈ ਕਾਫ਼ੀ ਖਤਰਾ ਵੀ ਰਹਿੰਦਾ ਹੈ, ਏਥੋਂ ਤੱਕ ਕਿ ਬੇੜੀ ਦੇ ਸਵਾਰ ਲੋਕਾਂ ਨੂੰ ਲਾਈਫ ਜੈਕਟ ਦੇਣ ਦੀ ਵੀ ਸੁਵਿਧਾ ਨਹੀਂ ਹੈ, ਬੇੜੀ ਚਾਲਕ ਰਾਜੂ ਨੇ ਦੱਸਿਆ ਕਿ ਬਰਸਾਤ ਦੇ ਦਿਨਾਂ ਵਿੱਚ ਜਦੋਂ ਪਾਣੀ ਜ਼ਿਆਦਾ ਆ ਜਾਂਦਾ ਹੈ ਤਾਂ ਉਦੋਂ ਦਿੱਤੀਆਂ ਜਾਂਦੀਆਂ ਹਨ।
ਸਰਕਾਰ ਬਦਲੀ, ਨਹੀਂ ਬਦਲੇ ਹਾਲਾਤ: ਸਤਲੁਜ ਦਰਿਆ ਦੇ ਕੰਢੇ ਰਹਿੰਦੇ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦਾ ਇਲਾਕਾ ਪਿਛਲੇ ਕਈ ਦਹਾਕਿਆਂ ਤੋਂ ਵਿਕਾਸ ਤੋਂ ਵਾਂਝਾ ਹੈ। ਇਲਾਕੇ ਵਿੱਚ ਕੋਈ ਵੀ ਪੁਲ ਨਹੀਂ ਬਣਾਇਆ ਗਿਆ। ਉਨ੍ਹਾਂ ਨੂੰ ਲਾਡੋਵਾਲ 25 ਕਿਲੋਮੀਟਰ, ਸਿੱਧਵਾਂ ਬੇਟ ਦਾ ਪੁਲ 30 ਕਿਲੋਮੀਟਰ ਦੂਰ ਪੈਂਦਾ ਹੈ। ਇਲਾਕੇ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਬੇੜੀ ਦਾ ਸਹਾਰਾ ਲੈ ਕੇ ਹੀ ਜਲੰਧਰ ਤੋਂ ਲੁਧਿਆਣਾ ਲੁਧਿਆਣਾ ਤੋਂ ਜਲੰਧਰ ਜਾਣਾ ਪੈਂਦਾ ਹੈ। ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਸਮੇਂ ਦੀਆਂ ਸਰਕਾਰਾਂ ਬਦਲੀਆਂ ਪਰ ਸਾਡੇ ਇਲਾਕੇ ਵਿੱਚ ਹਾਲਾਤ ਅੱਜ ਵੀ ਆਜ਼ਾਦੀ ਤੋਂ ਪਹਿਲਾਂ ਵਾਲੇ ਹੀ ਹਨ। ਉਨ੍ਹਾਂ ਨੂੰ ਰੋਜ਼ ਮਰਾ ਦੀ ਜ਼ਿੰਦਗੀ ਲਈ ਸੰਘਰਸ਼ ਕਰਨਾ ਪੈਂਦਾ ਹੈ। ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਪਰਿਵਾਰਾਂ ਕੋਲ ਜਾਣ ਲਈ ਜਾਨ ਜੋਖ਼ਦਮ ਵਿੱਚ ਪਾ ਕੇ ਬੇੜੀ ਦਾ ਸਹਾਰਾ ਲੈਣਾ ਪੈਂਦਾ ਹੈ।
ਇਹ ਵੀ ਪੜ੍ਹੋ : AAP ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਮੰਗਿਆ ਕਾਂਗਰਸ ਪਾਰਟੀ ਦਾ ਸਮਰਥਨ, ਜਾਣੋ ਪੂਰਾ ਮਾਮਲਾ
ਲੁਧਿਆਣਾ ਤੋਂ ਭਰਤ ਸ਼ਰਮਾ ਦੀ ਰਿਪੋਰਟ