Machhiwara News: ਮਾਛੀਵਾੜਾ ਸਾਹਿਬ ਵਿਖੇ ਚੋਪੜਾ ਕਾਲੋਨੀ ਵਿੱਚ ਕੈਨੇਡਾ ਜਾਣ ਲਈ ਧੋਖਾਧੜੀ ਦਾ ਸ਼ਿਕਾਰ ਹੋਏ ਕੁਝ ਪਰਿਵਾਰਾਂ ਨੇ ਟਰੈਵਲ ਏਜੰਟ ਦੀ ਕੋਠੀ ਦੇ ਬਾਹਰ ਧਰਨਾ ਲਗਾ ਕੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਲੱਖਾਂ ਰੁਪਏ ਵਾਪਸ ਦਿਵਾ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਟਰੈਵਲ ਏਜੰਟ ਦੀ ਕੋਠੀ ਦੇ ਬਾਹਰ ਧਰਨਾ ਲਗਾ ਕੇ ਬੈਠੇ ਧਰਨਾਕਾਰੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਕੈਨੇਡਾ ਜਾਣ ਲਈ ਇੱਥੋਂ ਦੇ ਨਿਵਾਸੀ ਪਤੀ-ਪਤਨੀ ਕਮਲਜੀਤ ਸਿੰਘ ਤੇ ਸਤਵਿੰਦਰ ਕੌਰ ਨੂੰ ਪੇਸ਼ਗੀ ਵਜੋਂ ਲੱਖਾਂ ਰੁਪਏ ਦਿੱਤੇ।


COMMERCIAL BREAK
SCROLL TO CONTINUE READING

ਉਨ੍ਹਾਂ ਕਿਹਾ ਕਿ ਇਸ ਟਰੈਵਲ ਏਜੰਟ ਨੇ ਪਰਿਵਾਰਾਂ ਸਮੇਤ ਵਿਦੇਸ਼ ਭੇਜਣ ਦਾ ਝਾਂਸਾ ਦਿੰਦਿਆਂ ਕਿਹਾ ਕਿ ਉਹ ਪੇਸ਼ਗੀ ਵਜੋਂ ਕੁਝ ਪੈਸੇ ਦੇ ਦੇਣ ਤੇ ਬਾਕੀ ਦੀ ਰਾਸ਼ੀ ਵੀਜ਼ਾ ਲੱਗਣ ਉਪਰੰਤ ਲਈ ਜਾਵੇਗੀ। ਇਨ੍ਹਾਂ ਵਿਅਕਤੀਆਂ ’ਚੋਂ ਕਿਸੇ ਨੇ 2 ਲੱਖ, ਕਿਸੇ ਨੇ 4 ਲੱਖ ਇਸ ਟਰੈਵਲ ਏਜੰਟ ਪਤੀ-ਪਤਨੀ ਨੂੰ ਦੇ ਦਿੱਤੇ ਜਿਨ੍ਹਾਂ ਨੇ ਕੈਨੇਡਾ ਦਾ ਵੀਜ਼ਾ ਨਹੀਂ ਲਗਵਾਇਆ। ਵੀਜ਼ਾ ਨਾ ਲੱਗਣ ’ਤੇ ਜਦੋਂ ਪੈਸੇ ਮੰਗਣ ਜਾਂਦੇ ਤਾਂ ਇਹ ਪਤੀ-ਪਤਨੀ ਉਨ੍ਹਾਂ ਨੂੰ ਧਮਕੀਆਂ ਦਿੰਦੇ ਸਨ।


ਇਨ੍ਹਾਂ ਵਿਅਕਤੀਆਂ ਨੇ ਪੱਤਰਕਾਰਾਂ ਨੂੰ ਜਾਅਲੀ ਬਾਇਓਮੈਟ੍ਰਿਕ ਵੀ ਦਿਖਾਏ ਕਿ ਜਲਦ ਉਨ੍ਹਾਂ ਦਾ ਵੀਜ਼ਾ ਲੱਗ ਜਾਵੇਗਾ ਪਰ ਨਾ ਤਾਂ ਪੈਸੇ ਮਿਲੇ ਅਤੇ ਨਾ ਹੀ ਕੈਨੇਡਾ ਦਾ ਵੀਜ਼ਾ। ਧਰਨਾਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੇ ਨਾਲ ਹੋਈ ਧੋਖਾਧੜੀ ਸਬੰਧੀ ਮਲੌਦ ਥਾਣਾ ਅਤੇ ਪੁਲਿਸ ਜ਼ਿਲ੍ਹਾ ਖੰਨਾ ਦੇ ਐੱਸਐੱਸਪੀ ਦਫ਼ਤਰ ਵਿਖੇ ਵੀ ਸ਼ਿਕਾਇਤਾਂ ਦਿੱਤੀਆਂ ਜਿਨ੍ਹਾਂ ਦੀ ਪਿਛਲੇ 2 ਮਹੀਨਿਆਂ ਤੋਂ ਜਾਂਚ ਚੱਲ ਰਹੀ ਹੈ ਪਰ ਉਨ੍ਹਾਂ ਨੂੰ ਕੋਈ ਇਨਸਾਫ਼ ਨਹੀਂ ਮਿਲਿਆ।


ਟਰੈਵਲ ਏਜੰਟ ਦੀ ਕੋਠੀ ਬਾਹਰ ਧਰਨਾ ਦੇ ਰਹੇ ਪਰਿਵਾਰਾਂ ਨੇ ਦੱਸਿਆ ਕਿ ਉਕਤ ਪਤੀ-ਪਤਨੀ ਵੱਲੋਂ ਪੁਲਿਸ ਦੀ ਮੌਜੂਦਗੀ ਵਿੱਚ ਉਨ੍ਹਾਂ ਦੀ ਰਾਸ਼ੀ ਵਾਪਸ ਕਰਨ ਦੇ ਚੈੱਕ ਵੀ ਦਿੱਤੇ ਜੋ ਕਿ ਬਾਊਂਸ ਹੋ ਗਏ ਜਿਸ ਕਾਰਨ ਉਹ ਅੱਜ ਪ੍ਰੇਸ਼ਾਨ ਹੋਏ ਇੱਥੇ ਧਰਨਾ ਦੇਣ ਲਈ ਪੁੱਜੇ ਹਨ। ਇਨ੍ਹਾਂ ਪਰਿਵਾਰਾਂ ਨੇ ਪੰਜਾਬ ਸਰਕਾਰ ਤੇ ਪੁਲਿਸ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਵਿਦੇਸ਼ ਭੇਜਣ ਦੇ ਨਾਂ ’ਤੇ ਉਨ੍ਹਾਂ ਨਾਲ ਜੋ ਧੋਖਾਧੜੀ ਹੋਈ ਹੈ ਉਸ ’ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਮਾਮਲਾ ਦਰਜ ਕਰ ਉਨ੍ਹਾਂ ਦੇ ਲੱਖਾਂ ਰੁਪਏ ਵਾਪਸ ਦਿਵਾਏ।


ਟਰੈਵਲ ਏਜੰਟ ਦੀ ਕੋਠੀ ਬਾਹਰ ਧਰਨਾ ਲੱਗਣ ਦੀ ਸੂਚਨਾ ਮਿਲਣ ’ਤੇ ਸਬ-ਇੰਸਪੈਕਟਰ ਸੰਤੋਖ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਜਿਨ੍ਹਾਂ ਸਾਰੇ ਮਾਮਲੇ ਦੀ ਜਾਣਕਾਰੀ ਲਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਬ-ਇੰਸਪੈਕਟਰ ਸੰਤੋਖ ਸਿੰਘ ਨੇ ਕਿਹਾ ਕਿ ਇਨ੍ਹਾਂ ਧਰਨਾਕਾਰੀਆਂ ਦੀ ਸ਼ਿਕਾਇਤ ਮਾਛੀਵਾੜਾ ਥਾਣਾ ਵਿੱਚ ਨਹੀਂ ਹੈ ਜਿਸ ਦੀ ਜਾਂਚ ਮਲੌਦ ਪੁਲਿਸ ਥਾਣਾ ਵੱਲੋਂ ਕੀਤੀ ਜਾ ਰਹੀ ਹੈ।


ਉਨ੍ਹਾਂ ਧਰਨਾਕਾਰੀਆਂ ਨੂੰ ਕਿਹਾ ਕਿ ਆਪਣੇ ਨਾਲ ਧੋਖਾਧੜੀ ਦੀ ਇੱਕ ਸ਼ਿਕਾਇਤ ਉਹ ਮਾਛੀਵਾੜਾ ਥਾਣਾ ਵਿਖੇ ਦਰਜ ਕਰਵਾਉਣ ਅਤੇ ਸਵੇਰੇ 10 ਵਜੇ ਮਲੌਦ ਥਾਣਾ ਪੁੱਜਣ। ਉਨ੍ਹਾਂ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸ਼ਿਕਾਇਤ ’ਤੇ ਮਲੌਦ ਪੁਲਿਸ ਤੁਰੰਤ ਕਾਰਵਾਈ ਕਰੇਗੀ। ਪੁਲਿਸ ਅਧਿਕਾਰੀਆਂ ਦੇ ਭਰੋਸੇ ਤੋਂ ਬਾਅਦ ਕਰੀਬ 3 ਘੰਟੇ ਬਾਅਦ ਟਰੈਵਲ ਏਜੰਟ ਦੀ ਕੋਠੀ ਬਾਹਰੋਂ ਇਹ ਧਰਨਾ ਖਤਮ ਹੋਇਆ।


ਇਹ ਵੀ ਪੜ੍ਹੋ : Surinder Shinda Cremation: ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਛਿੰਦਾ 'ਪੁੱਤ' ਪੰਜ ਤੱਤਾਂ 'ਚ ਵਿਲੀਨ


ਪੁਲਿਸ ਨੇ ਟਰੈਵਲ ਏਜੰਟ ਪਤੀ-ਪਤਨੀ ਨੂੰ ਸਵੇਰੇ 10 ਵਜੇ ਥਾਣਾ ਮਲੌਦ ਵਿਖੇ ਜਾਂਚ ਕਰ ਰਹੇ ਅਧਿਕਾਰੀ ਕੋਲ ਪੇਸ਼ ਹੋਣ ਦੀ ਹਦਾਇਤ ਕੀਤੀ। ਧੋਖਾਧੜੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਟਰੈਵਲ ਏਜੰਟ ਪਤੀ-ਪਤਨੀ ਕਮਲਜੀਤ ਸਿੰਘ ਤੇ ਸਤਵਿੰਦਰ ਕੌਰ ਤੋਂ ਪੱਤਰਕਾਰਾਂ ਨੇ ਜਦੋਂ ਪੱਖ ਜਾਨਣਾ ਚਾਹਿਆ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੇ। ਉਨ੍ਹਾਂ ਸਿਰਫ਼ ਐਨਾ ਹੀ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਨੇ ਉਨ੍ਹਾਂ ਖਿਲਾਫ਼ ਸ਼ਿਕਾਇਤ ਦਿੱਤੀਆਂ ਹਨ ਉਹ ਇਸ ਸਬੰਧੀ ਜਾਂਚ ਕਰ ਰਹੇ ਅਧਿਕਾਰੀ ਕੋਲ ਆਪਣੇ ਬਿਆਨ ਦਰਜ ਕਰਵਾ ਦੇਣ।


ਇਹ ਵੀ ਪੜ੍ਹੋ : Punjab Cabinet: ਪੰਜਾਬ ਕੈਬਨਿਟ ਮੀਟਿੰਗ 'ਚ ਲਏ ਵੱਡੇ ਫ਼ੈਸਲੇ; ਜਾਣੋ ਕਿਹੜੇ ਫ਼ੈਸਲਿਆਂ 'ਤੇ ਲੱਗੀ ਮੋਹਰ