Faridkot Clash: ਸਿੱਖ ਪ੍ਰਚਾਰਕ ਮਨਪ੍ਰੀਤ ਸਿੰਘ ਖ਼ਾਲਸਾ `ਤੇ ਅਨੰਦ ਕਾਰਜਾਂ ਦੇ ਜਾਅਲੀ ਸਰਟੀਫਿਕੇਟ ਬਣਾਉਣ ਦੇ ਦੋਸ਼; ਟਕਰਾਅ `ਚ ਪੱਗਾਂ ਲੱਥੀਆਂ
Faridkot Clash: ਫਰੀਦਕੋਟ ਵਿੱਚ ਧਿਰਾਂ ਵਿਚਾਲੇ ਟਕਰਾਅ ਵਿੱਚ ਪੱਗਾਂ ਲੱਥ ਗਈਆਂ। ਪੁਲਿਸ ਨੇ ਵੱਡਾ ਟਕਰਾਅ ਹੋਣ `ਤੇ ਬਚਾਅ ਕਰ ਲਿਆ।
Faridkot Clash (ਨਰੇਸ਼ ਸੇਠੀ): ਫ਼ਰੀਦਕੋਟ ਦੇ ਪੱਖੀ ਕਲਾਂ ਰੋਡ ਸਥਿਤ ਰੇਲਵੇ ਫਾਟਕ ਕੋਲ ਬਣੇ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਦੇ ਪ੍ਰਮੁੱਖ ਤੇ ਸਿੱਖ ਪ੍ਰਚਾਰਕ ਬਾਬਾ ਮਨਪ੍ਰੀਤ ਸਿੰਘ ਖਾਲਸਾ ਉਪਰ ਫਰੀਦਕੋਟ ਦੇ ਕੁਝ ਲੋਕਾਂ ਨੇ ਅਨੰਦ ਕਾਰਜਾਂ ਦੇ ਕਥਿਤ ਜਾਅਲੀ ਸਰਟੀਫਿਕੇਟ ਬਣਾਉਣ ਦੇ ਦੋਸ਼ ਲਗਾਏ ਹਨ। ਉਨ੍ਹਾਂ ਵੱਲੋਂ ਕਥਿਤ ਫਰਜ਼ੀ ਸਰਟੀਫਿਕੇਟ ਪੇਸ਼ ਕਰਕੇ ਫਰੀਦਕੋਟ ਪੁਲਿਸ ਕੋਲ ਸ਼ਿਕਾਇਤ ਵੀ ਦਿੱਤੀ ਗਈ ਹੈ।
ਇਸ ਤੋਂ ਬਾਅਦ ਪੁਲਿਸ ਨੂੰ ਨਾਲ ਲੈ ਕੇ ਉਕਤ ਸ਼ਿਕਾਇਤਕਰਤਾ ਬਾਬਾ ਮਨਪ੍ਰੀਤ ਸਿੰਘ ਦੇ ਗੁਰਦੁਆਰਾ ਸਾਹਿਬ ਪਹੁੰਚੇ ਜਿਥੇ ਬਾਬਾ ਮਨਪ੍ਰੀਤ ਸਿੰਘ ਖ਼ਾਲਸਾ ਮੌਜੂਦ ਨਹੀਂ ਸਨ ਤਾਂ ਪੁਲਿਸ ਵੱਲੋਂ ਕੀਤੀ ਗਈ ਜਾਂਚ ਵਿੱਚ ਗੁਰਦੁਆਰਾ ਸਾਹਿਬ ਅੰਦਰ ਖੜ੍ਹੇ ਕੀਤੇ ਗਏ ਕਰੀਬ 12 ਮੋਟਰਸਾਈਕਲ ਅਤੇ ਇੱਕ ਸਕੂਟਰੀ ਬਰਾਮਦ ਹੋਈ। ਜਿਨ੍ਹਾਂ ਨੂੰ ਪੁਲਿਸ ਨੇ ਜਾਂਚ ਲਈ ਆਪਣੇ ਵਿਚ ਕਬਜ਼ੇ ਵਿਚ ਲੈ ਲਿਆ ਹੈ।
ਇਸ ਤੋਂ ਬਾਅਦ ਬਾਬਾ ਮਨਪ੍ਰੀਤ ਸਿੰਘ ਖਾਲਸਾ ਵੀ ਮੌਕੇ ਉਤੇ ਪਹੁੰਚੇ ਤਾਂ ਉਨ੍ਹਾਂ ਦੀ ਸ਼ਿਕਾਇਤਕਰਤਾਵਾਂ ਨਾਲ ਬਹਿਸ ਹੋ ਗਈ ਅਤੇ ਦੋਵੇਂ ਧਿਰਾਂ ਆਪਸ ਵਿਚ ਉਲਝ ਪਈਆਂ। ਇਸ ਵਿਚ ਬਾਬਾ ਮਨਪ੍ਰੀਤ ਸਿੰਘ ਖਾਲਸਾ ਸਮੇਤ ਸ਼ਿਕਾਇਤ ਕਰਨ ਵਾਲੇ ਇਕ ਨੌਜਵਾਨ ਦੀਆ ਦਸਤਾਰਾਂ ਵੀ ਲੱਥ ਗਈਆ ਅਤੇ ਕਾਫੀ ਧੱਕਾ ਮੁੱਕੀ ਵੀ ਹੋਈ ਪਰ ਮੌਕੇ ਉਪਰ ਪੁਲਿਸ ਮੌਜੂਦ ਹੋਣ ਕਾਰਨ ਵੱਡੇ ਟਕਰਾਅ ਤੋਂ ਬਚਾਅ ਰਿਹਾ।
ਪਰਿਵਾਰ ਦੇ ਗੈਰਮੌਜੂਦਗੀ ਵਿੱਚ ਲੜਕੀ ਦੇ ਅਨੰਦ ਕਾਰਜ ਕਰਵਾਉਣ ਦੇ ਦੋਸ਼
ਇਸ ਮੌਕੇ ਗੱਲਬਾਤ ਕਰਦਿਆਂ ਸ਼ਿਕਾਇਤਕਰਤਾ ਧਿਰ ਦੇ ਸੁਖਚੈਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਭਤੀਜੀ ਕਾਲਜ ਪੜ੍ਹਦੇ ਸਮੇਂ ਕਿਸੇ ਲੜਕੇ ਦੇ ਸੰਪਰਕ ਵਿਚ ਆ ਗਈ ਸੀ ਜੋ ਉਸ ਨਾਲ ਡਰਾ ਧਮਕਾ ਕੇ ਧੱਕੇਸ਼ਾਹੀ ਕਰਦਾ ਰਿਹਾ ਅਤੇ ਬਾਬਾ ਮਨਪ੍ਰੀਤ ਸਿੰਘ ਨੇ ਉਨ੍ਹਾਂ ਸਹਿਮਤੀ ਅਤੇ ਮੌਜੂਦਗੀ ਤੋਂ ਬਿਨਾਂ ਉਨ੍ਹਾਂ ਦੇ ਆਨੰਦ ਕਾਰਜ ਕਰਵਾ ਦਿੱਤੇ।
ਉਨ੍ਹਾਂ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਬਾਬਾ ਮਨਪ੍ਰੀਤ ਸਿੰਘ ਕੋਲ ਇਸ ਦਾ ਇਤਰਾਜ਼ ਕੀਤਾ ਤਾਂ ਉਸ ਨੇ ਕਿਹਾ ਕਿ ਇਹ ਆਨੰਦ ਕਾਰਜ ਉਨ੍ਹਾਂ ਨੇ ਨਹੀਂ ਕਰਵਾਏ। ਉਨ੍ਹਾਂ ਨੇ ਕਿਹਾ ਕਿ ਜਦੋਂ ਕਿ ਗੁਰਦੁਆਰੇ ਦਾ ਗ੍ਰੰਥੀ ਸਿੰਘ ਤੇ ਉਸ ਦੀ ਪਤਨੀ ਮੰਨ ਗਏ ਹਨ ਕਿ ਇਹ ਅਨੰਦ ਕਾਰਜ ਬਾਬਾ ਮਨਪ੍ਰੀਤ ਸਿੰਘ ਨੇ ਕਰਵਾਏ ਹਨ। ਉਨ੍ਹਾਂ ਨੇ ਕਿਹਾ ਕਿ ਇਥੇ ਜਦੋਂ ਅੱਜ ਉਹ ਆਏ ਤਾਂ ਇਥੇ ਗੁਰਦੁਆਰਾ ਸਾਹਿਬ ਵਿਚੋਂ 11 ਮੋਟਰਸਾਈਕਲ ਤੇ ਇਕ ਐਕਟਿਵਾ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਬਾਬਾ ਮਨਪ੍ਰੀਤ ਸਿੰਘ ਨੂੰ ਪਹਿਲਾਂ ਵੀ ਗਲਤ ਕੰਮ ਕਰਨ ਕਾਰਨ ਵੱਖ ਵੱਖ ਗੁਰਦੁਆਰਾ ਸਾਹਿਬਾਂ ਤੋਂ ਕੱਢਿਆ ਗਿਆ ਹੈ। ਹੁਣ ਇਹ ਇਥੇ ਵੀ ਉਹੀ ਕੰਮ ਕਰ ਰਿਹਾ। ਉਨ੍ਹਾਂ ਨੇ ਇਨਸਾਫ ਦੀ ਮੰਗ ਕੀਤੀ ਹੈ।
ਮਨਪ੍ਰੀਤ ਸਿੰਘ ਖਾਲਸਾ ਨੇ ਸਾਰੇ ਦੋਸ਼ ਨਕਾਰੇ
ਇਸ ਬਾਰੇ ਜਦ ਬਾਬਾ ਮਨਪ੍ਰੀਤ ਸਿੰਘ ਖਾਲਸਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਕੋਈ ਗਲਤ ਸਰਟੀਫੀਕੇਟ ਨਹੀਂ ਬਣਾਏ ਗਏ। ਉਨ੍ਹਾਂ ਨੇ ਕਿਹਾ ਕਿ ਇਥੇ ਆਉਣ ਦਾ ਕਿਸੇ ਨੂੰ ਕੋਈ ਹੱਕ ਹੀ ਨਹੀਂ ਹੈ। ਇਹ ਲੋਕ ਸ਼ਿਕਾਇਤ ਦਿੰਦੇ ਉਥੇ ਪੇਸ਼ ਹੋ ਕੇ ਆਪਣਾ ਪੱਖ ਦੱਸਦੇ। ਇਹ ਲੋਕ ਗੁਰਦੁਆਰਾ ਸਾਹਿਬ ਆਏ ਅਤੇ ਪੁਲਿਸ ਵੀ ਆਈ ਹੋਈ ਹੈ। ਬਲਵਿੰਦਰ ਨਗਰ ਦੇ 4 ਸਖ਼ਸ਼ ਇਥੇ ਆਏ ਹਨ ਉਹ ਗੁਰਦੁਆਰਾ ਸਾਹਿਬ ਆ ਕੇ ਉਸ ਦੇ ਗਲ਼ ਪੈ ਗਏ ਅਤੇ ਦਸਤਾਰ ਉਤਾਰ ਦਿੱਤੀ। ਉਥੇ ਹੋਰ ਵਿਅਕਤੀਆਂ ਦੇ ਗਲ਼ ਵੀ ਪੈ ਗਏ। ਇਨ੍ਹਾਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਪੁਲਿਸ ਨੇ ਕਾਰਵਾਈ ਆਰੰਭੀ
ਇਸ ਪੂਰੇ ਮਾਮਲੇ ਬਾਰੇ ਗੱਲਬਾਤ ਕਰਦਿਆਂ ਮੌਕੇ ਉਤੇ ਪਹੁੰਚੇ ਡੀਐਸਪੀ ਫਰੀਦਕੋਟ ਸ਼ਮਸੇਰ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਇਕ ਪਰਿਵਾਰ ਨੇ ਸ਼ਿਕਾਇਤ ਕਰ ਰਿਹਾ ਹੈ ਕਿ ਬਾਬਾ ਜੀ ਨੇ ਕੋਈ ਗਲਤ ਮੈਰਿਜ ਸਰਟੀਫਿਕੇਟ ਬਣਾਇਆ, ਉਸ ਦੇ ਸਬੰਧ ਵਿਚ ਉਹ ਇਥੇ ਗੱਲਬਾਤ ਕਰਨ ਆਏ ਸਨ। ਉਨ੍ਹਾਂ ਨ ਕਿਹਾ ਕਿ ਬਾਬਾ ਮਨਪ੍ਰੀਤ ਸਿੰਘ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਧੱਕਾਮੁੱਕੀ ਕੀਤੀ ਹੈ ਤੇ ਬਾਬਾ ਜੀ ਦੀ ਦਸਤਾਰ ਉਤਾਰੀ ਹੈ।
ਉਨ੍ਹਾਂ ਨੇ ਕਿਹਾ ਕਿ ਸ਼ਿਕਾਇਤ ਕਰਨ ਵਾਲਿਆਂ ਨੇ ਦੋਸ਼ ਲਗਾਏ ਹਨ ਕਿ ਜੋ ਮੋਟਰਸਾਈਕਲ ਗੁਰਦੁਆਰਾ ਸਾਹਿਬ ਦੇ ਅੰਦਰੋਂ ਮਿਲੇ ਹਨ ਉਹ ਗਲਤ ਹਨ ਅਤੇ ਬਾਬਾ ਜੀ ਕਹਿੰਦੇ ਹਨ ਕਿ ਇਨ੍ਹਾਂ ਸਾਰੇ ਵਹੀਕਲਾਂ ਸੰਬੰਧੀ ਉਹ ਦਸਤਾਵੇਜ਼ ਪੇਸ਼ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਿਕ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਦੂਜੇ ਪਾਸੇ ਬਾਬਾ ਮਨਪ੍ਰੀਤ ਖਾਲਸਾ ਤੇ ਸ਼ਿਕਾਇਤਕਰਤਾ ਧਿਰ ਦੇ ਆਪਸ ਵਿਚ ਬਹਿਸਬਾਜ਼ੀ ਕਰਨ ਤੇ ਕੁੱਟਮਾਰ ਕਰਨ ਦੀਆਂ ਵੀਡੀਓ ਵੀ ਸਾਹਮਣੇ ਆਈਆਂ ਹਨ।