Faridkot News:  ਕਹਿੰਦੇ ਨੇ ਕੇ ਕਲਾ ਕਿਸੇ ਤੋਂ ਮੁੱਲ ਨਹੀਂ ਖਰੀਦੀ ਜਾ ਸਕਦੀ ਇਹ ਤਾਂ ਕੁਦਰਤ ਦੀ ਦੇਣ ਹੁੰਦੀ ਹੈ ਜੋ ਅਮੀਰੀ ਗਰੀਬੀ ਜਾਂ ਸੁੰਦਰਤਾ ਦੇਖ ਕੇ ਨਹੀਂ ਮਿਲਦੀ ਸਗੋਂ ਪ੍ਰਮਾਤਮਾ ਖੁਦ ਨਵਾਜ਼ਦਾ ਹੈ। ਅਜਿਹੀ ਮਿਸਾਲ ਦੇਖਣ ਨੂੰ ਮਿਲੀ ਜਦੋਂ ਦੇਖਿਆ ਕਿ ਫਰੀਦਕੋਟ ਦੇ ਨਿੱਕੇ ਜਿਹੇ ਪਿੰਡ ਬਰਗਾੜੀ ਦੀਆਂ ਗਲੀਆਂ ਮੁਹੱਲਿਆਂ ਵਿੱਚ ਗੁਰਸੇਵਕ ਸਿੰਘ ਨਾਮਕ ਇੱਕ ਅਪੰਗ ਵਿਅਕਤੀ ਆਪਣੇ ਟਰਾਈ ਸਾਈਕਲ 'ਤੇ ਲੋਕਾਂ ਲਈ ਇਸ਼ਤਿਹਾਰਬਾਜ਼ੀ ਕਰਦਾ ਫਿਰ ਰਿਹਾ ਜਿਸ ਬਾਰੇ ਸੁਣਿਆ ਗਿਆ ਸੀ ਕਿ ਉਸਦੀ ਆਵਾਜ਼ ਵਿੱਚ ਇੰਨੀ ਮਿਠਾਸ ਹੈ ਕੇ ਜਦੋਂ ਉਹ ਹੇਕ ਲਾ ਕੇ ਗਾਉਂਦਾ ਹੈ ਤਾਂ ਰਾਹੀਂ ਰੁਕ ਜਾਂਦੇ ਹਨ।


COMMERCIAL BREAK
SCROLL TO CONTINUE READING

ਉਸਦੀ ਸੁਰੀਲੀ ਆਵਾਜ਼ ਹਰ ਕਿਸੇ ਨੂੰ ਆਪਣੇ ਵੱਲ ਖਿੱਚਦੀ ਹੈ। ਜਦੋਂ ਅਸੀਂ ਉਸ ਨਾਲ ਮਿਲ ਕੇ ਉਸਦੇ ਸ਼ੌਂਕ ਅਤੇ ਹਾਲਾਤ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਭਾਵੇਂ ਉਹ ਸਰੀਰਕ ਪੱਖੋਂ ਅਪਾਹਜ ਹੈ ਪਰ ਮਾਨਸਿਕ ਤੌਰ ਉਤੇ ਇਨ੍ਹਾਂ ਹੌਸਲਾ ਰੱਖਦਾ ਹੈ ਕੇ ਆਪਣੇ ਹਾਲਾਤ ਨੂੰ ਖਿੜੇ ਮੱਥੇ ਸਵੀਕਾਰ ਕਰ ਆਪਣਾ ਜੀਵਨ ਨਿਰਵਾਹ ਕਰ ਰਿਹਾ ਹੈ।


ਗੁਰਸੇਵਕ ਨੇ ਦੱਸਿਆ ਕੇ ਉਹ ਅਤੇ ਉਸਦੀ ਪਤਨੀ ਦੋਵੇਂ ਅਪਾਹਜ ਹਨ ਅਤੇ ਆਪਣੇ ਪਰਿਵਾਰ ਨੂੰ ਚਲਾਉਣ ਲਈ ਉਹ ਗਲੀਆਂ ਮੁਹੱਲਿਆਂ ਵਿੱਚ ਐਡ ਕਰਦਾ ਹੈ ਨਾਲ-ਨਾਲ ਉਹ ਸਕੂਲਾਂ ਦੇ ਬੱਚਿਆਂ ਦੀਆਂ ਕਿਤਾਬਾਂ ਦੀਆਂ ਜਿਲਦਾਂ ਬੰਨ੍ਹ ਕੇ ਕੁਝ ਕਮਾਈ ਕਰ ਲੈਂਦਾ ਹੈ। ਆਪਣੀ ਗਾਇਕੀ ਦੇ ਸ਼ੌਂਕ ਬਾਰੇ ਉਸ ਨੇ ਦੱਸਿਆ ਕਿ ਬਚਪਨ ਤੋਂ ਹੀ ਉਸਨੂੰ ਗਾਉਣ ਦਾ ਸ਼ੌਂਕ ਸੀ ਅਤੇ ਉਹ ਰਿਆਜ਼ ਵੀ ਕਰਦਾ ਰਿਹਾ ਅਤੇ ਨਾਲ ਨਾਲ ਉਹ ਛੋਟੇ ਮੋਟੇ ਪ੍ਰੋਗਰਾਮਾਂ ਮੇਲਿਆਂ ਜਾਗਰਣ ਤੇ ਗਾਉਂਦਾ ਰਹਿੰਦਾ ਤੇ ਕੁੱਝ NRI ਮਿੱਤਰਾਂ ਅਤੇ ਆਵਾਜ਼ ਪੰਜਾਬ ਦੀ ਦੇ ਵਿਜੇਤਾ ਦਰਸ਼ਨਦੀਪ ਦੀ ਮਦਦ ਨਾਲ ਕੁਝ ਗਾਣੇ ਰਿਕਾਰਡ ਵੀ ਕਰਵਾਏ ਜਿਸਨੂੰ ਚੰਗਾ ਹੁੰਗਾਰਾ ਮਿਲਿਆ। ਉਸ ਨੇ ਕਿਹਾ ਕਿ ਅਪਾਹਜ ਹੋਣ ਕਰਕੇ ਉਸਨੂੰ ਕੋਈ ਸਟੇਜ ਪ੍ਰੋਗਰਾਮ ਨਹੀਂ ਮਿਲਦਾ। ਜੇਕਰ ਉਸ ਨੂੰ ਮੌਕਾ ਮਿਲੇ ਤਾਂ ਉਹ ਆਪਣੀ ਕਲਾ ਦਾ ਜੌਹਰ ਦਿਖਾ ਸਕਦਾ ਹੈ।