Faridkot News: ਆਪਣੇ ਭਰਾ ਦੀ ਨਸ਼ਿਆਂ ਕਾਰਨ ਹੋਈ ਮੌਤ ਦਾ ਦਰਦ ਸਾਂਭੀ ਬੈਠੀ ਇੱਕ ਭੈਣ ਵੱਲੋਂ ਪੰਜਾਬ ਦੇ ਦੂਜੇ ਭਰਾਵਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਵੱਸਦਾ ਰਹੇ ਪੰਜਾਬ ਮਿਸ਼ਨ ਤਹਿਤ ਇੱਕ ਪੈਦਲ ਯਾਤਰਾ ਸ਼ੁਰੂ ਕੀਤੀ ਗਈ ਜੋ ਬਠਿੰਡਾ ਤੋਂ ਸ਼ੁਰੂ ਹੋਕੇ ਸ੍ਰੀ ਅੰਮ੍ਰਿਤਸਰ ਸਾਹਿਬ ਤੱਕ ਜਾਵੇਗੀ ਅਤੇ ਇਸ ਦੌਰਾਨ ਰਸਤੇ 'ਚ ਆਉਂਦੇ ਹਰ ਪਿੰਡ, ਹਰ ਸ਼ਹਿਰ 'ਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਨਸ਼ਿਆਂ ਖਿਲਾਫ਼ ਆਵਾਜ਼ ਬੁਲੰਦ ਕਰਨ ਦਾ ਸੁਨੇਹਾ ਦਿੱਤਾ ਜਾਵੇਗਾ।


COMMERCIAL BREAK
SCROLL TO CONTINUE READING

ਭੈਣ ਅੰਮ੍ਰਿਤਪ੍ਰੀਤ ਕੌਰ ਗਿੱਲ ਵੱਲੋਂ ਬੀਬੀਆਂ ਨਾਲ ਮਿਲ ਕੇ ਸ਼ੁਰੂ ਕੀਤੀ ਗਈ ਯਾਤਰਾ ਆਪਣੇ ਆਖਰੀ ਪੜਾਅ ’ਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕੇਗੀ ਅਤੇ ਪੰਜਾਬ ਨੂੰ ਨਸ਼ਾ ਮੁਕਤ ਹੋਣ ਲਈ ਅਰਦਾਸ ਦੀ ਬੇਨਤੀ ਕਰੇਗੀ। ਰਾਤ ਨੂੰ ਫਰੀਦਕੋਟ ਵਿਸ਼ਰਾਮ ਕਰਨ ਤੋਂ ਬਾਅਦ ਸਮਾਜ ਸੇਵੀ ਸੰਸਥਾਵਾਂ ਵੱਲੋਂ ਅੱਜ ਇਸ ਯਾਤਰਾ ਨੂੰ ਅਗਲੇ ਪੜਾਅ ਲਈ ਰਵਾਨਾ ਕੀਤਾ। 


ਇਸ ਮੌਕੇ ਯਾਤਰਾ ਦੀ ਅਗਵਾਈ ਕਰ ਰਹੀ ਬੀਬੀ ਅੰਮ੍ਰਿਤਪ੍ਰੀਤ ਕੌਰ ਨੇ ਕਿਹਾ ਕਿ 12 ਸਾਲ ਪਹਿਲਾਂ  ਉਨ੍ਹਾਂ ਦਾ ਭਰਾ ਨਸ਼ਿਆਂ ਦਾ ਸ਼ਿਕਾਰ ਹੋ ਗਿਆ ਸੀ ਅਤੇ ਮਰਨ ਸਮੇਂ ਉਨ੍ਹਾਂ ਨੇ ਨਸ਼ਿਆਂ ਵਿਰੁੱਧ ਲੜਾਈ ਲੜਨ ਦਾ ਵਾਅਦਾ ਕੀਤਾ ਸੀ ਪਰ ਛੋਟੀ ਉਮਰ ਹੋਣ ਕਾਰਨ ਉਹ ਪੂਰਾ ਨਹੀਂ ਕਰ ਸਕੀ। ਪਰ ਪਿਛਲੇ ਇੱਕ ਸਾਲ ਤੋਂ ਲਾਗਾਤਰ ਉਹ ਨਸ਼ਿਆਂ ਖਿਲਾਫ ਕੰਮ ਕਰ ਰਹੀ ਹੈ ਅਤੇ ਹੁਣ ਉਨ੍ਹਾਂ ਨੇ ਪੰਜਾਬ ਭਰ ਵਿਚ ਨਸ਼ਿਆਂ ਖਿਲਾਫ ਸੰਦੇਸ਼ ਦੇਣ ਲਈ ਇਸ ਯਾਤਰਾ ਦਾ ਆਯੋਜਨ ਕੀਤਾ ਹੈ।


ਜੋ ਪੈਦਲ ਬਠਿੰਡਾ ਤੋਂ ਸ਼ੁਰੂ ਹੋ ਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਰਦਾਸ ਕਰਕੇ ਸਮਾਪਤ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਹਰ ਸ਼ਹਿਰ ਚੋ ਇੱਕ ਵਿਅਕਤੀ ਵੀ ਜਾਗਦਾ ਹੈ ਤਾਂ ਉਨ੍ਹਾਂ ਦੀ ਇਸ ਯਾਤਰਾ ਦਾ ਮਕਸਦ ਪੁਰਾ ਹੁੰਦਾ ਹੈ।


ਇਸ ਦੌਰਾਨ ਭਾਈ ਘਨਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਨੇ ਇਸ ਯਾਤਰਾ ਦਾ ਸਮਰਥਨ ਕਰਦਿਆਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨਸ਼ਿਆਂ ਨੂੰ ਠੱਲ੍ਹ ਪਾਉਣ ਵਿੱਚ ਕਾਮਯਾਬ ਨਹੀਂ ਹੋ ਰਹੀਆਂ, ਇਸ ਲਈ ਸਾਨੂੰ ਆਪਣੇ ਘਰਾਂ ਨੂੰ ਬਚਾਉਣ ਲਈ ਆਪ ਹੀ ਅੱਗੇ ਆਉਣਾ ਪਵੇਗਾ।