Samrala News: ਕਿਸਾਨਾਂ ਤੇ ਲੋਕਾਂ ਵੱਲੋਂ ਸਰਹਿੰਦ ਨਹਿਰ ਦੇ ਗੜ੍ਹੀ ਪੁਲ `ਤੇ ਜਾਮ; ਨਹਿਰ ਨੂੰ ਪੱਕਾ ਕਰਨ `ਤੇ ਰੋਸ
Samrala News: ਸਰਹਿੰਦ ਨਹਿਰ ਨੂੰ ਪੱਕਾ ਕਰਨ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਤੇ ਲੋਕਾਂ ਵਲੋਂ ਅੱਜ ਰੋਸ ਪ੍ਰਦਰਸ਼ਨ ਕਰਦਿਆਂ ਗੜ੍ਹੀ ਪੁਲ ਉਤੇ ਚੱਕਾ ਜਾਮ ਕਰ ਦਿੱਤਾ।
Samrala News (ਵਰੁਣ ਕੌਸ਼ਲ): ਰੋਪੜ ਤੋਂ ਲੈ ਕੇ ਨੀਲੋਂ ਤੱਕ ਵਗਦੀ ਸਰਹਿੰਦ ਨਹਿਰ ਨੂੰ ਪੱਕਾ ਕਰਨ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਤੇ ਲੋਕਾਂ ਵਲੋਂ ਅੱਜ ਰੋਸ ਪ੍ਰਦਰਸ਼ਨ ਕਰਦਿਆਂ ਗੜ੍ਹੀ ਪੁਲ ਉਤੇ ਚੱਕਾ ਜਾਮ ਕਰ ਦਿੱਤਾ. ਜਿਸ ਕਾਰਨ ਖੰਨਾ ਤੋਂ ਜੰਮੂ ਅਤੇ ਰੋਪੜ ਤੋਂ ਲੁਧਿਆਣਾ ਸੜਕੀ ਆਵਾਜਾਈ ਠੱਪ ਰਹੀ। ਕਿਸਾਨ ਜਥੇਬੰਦੀਆਂ ਸਵੇਰੇ 11 ਵਜੇ ਗੜ੍ਹੀ ਪੁਲ ਉਤੇ ਧਰਨਾ ਲਗਾ ਕੇ ਬੈਠ ਗਈਆਂ ਅਤੇ ਭਾਰੀ ਗਿਣਤੀ ਵਿੱਚ ਲੋਕ ਵੀ ਸਮਰਥਨ ਵਿਚ ਆਏ ਜਿਨ੍ਹਾਂ ਕਿਹਾ ਕਿ ਸਰਹਿੰਦ ਨਹਿਰ ਪੱਕੀ ਕਰਨ ਨਾਲ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਹੋਰ ਡਿੱਗ ਜਾਵੇਗਾ ਜਿਸ ਨਾਲ ਫ਼ਸਲਾਂ ਪ੍ਰਭਾਵਿਤ ਹੋਣਗੀਆਂ।
ਪ੍ਰਸ਼ਾਸਨ ਨੂੰ ਅੱਜ ਪਤਾ ਸੀ ਕਿ ਕਿਸਾਨ ਜਥੇਬੰਦੀਆਂ ਨੇ ਧਰਨਾ ਲਗਾਉਣਾ ਹੈ ਜਿਸ ਉਤੇ ਅੱਜ ਉੱਚ ਅਧਿਕਾਰੀ ਜਿਸ ਵਿਚ ਵਧੀਕ ਡਿਪਟੀ ਕਮਿਸ਼ਨਰ, ਐੱਸਡੀਐੱਮ ਸਮਰਾਲਾ ਰਜਨੀਸ਼ ਅਰੋੜਾ ਅਤੇ ਸਿੰਚਾਈ ਵਿਭਾਗ ਦੇ ਅਧਿਕਾਰੀ ਮੌਜੂਦ ਸਨ। ਉਨ੍ਹਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਕਿ ਨਹਿਰ ਵਿਚ ਪਾਣੀ ਦੀ ਸਮਰੱਥਾ ਵਧਾਉਣ ਲਈ ਇਸ ਨੂੰ ਚੌੜਾ ਤੇ ਕੁਝ ਥਾਵਾਂ ਉਤੇ ਪੱਕਾ ਕੀਤਾ ਜਾ ਰਿਹਾ ਹੈ ਜਿਸ ਨਾਲ ਆਸਪਾਸ ਪਿੰਡਾਂ ਦੇ ਕਿਸਾਨਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ।
ਕਿਸਾਨ ਜਥੇਬੰਦੀਆਂ ਤੇ ਲੋਕ ਇਸ ਗੱਲ ਉਤੇ ਅੜੇ ਰਹੇ ਕਿ ਨਹਿਰ ਨੂੰ ਪੱਕਾ ਕਰਨ ਦਾ ਜੋ ਕੰਮ ਹੈ ਉਹ ਰੁਕਵਾਇਆ ਜਾਵੇ। ਉਸ ਤੋਂ ਬਾਅਦ ਹੀ ਉਹ ਧਰਨਾ ਖੋਲ੍ਹਣਗੇ। ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਜੋ ਮਸ਼ੀਨਾਂ ਨਹਿਰ ਨੂੰ ਚੌੜਾ ਕਰਨ ਦਾ ਕੰਮ ਕਰ ਰਹੀਆਂ ਸਨ ਉਨ੍ਹਾਂ ਨੂੰ ਬੰਦ ਕਰਵਾ ਦਿੱਤਾ ਅਤੇ ਸ਼ਾਮ ਨੂੰ 3.30 ਵਜੇ ਮੀਟਿੰਗ ਦਾ ਸੱਦਾ ਦਿੱਤਾ ਗਿਆ। ਕਿਸਾਨਾਂ ਵੱਲੋਂ ਫਿਲਹਾਲ ਸੜਕ ਦਾ ਜਾਮ ਖੋਲ੍ਹ ਦਿੱਤਾ ਗਿਆ ਹੈ ਅਤੇ ਗੜ੍ਹੀ ਪੁਲ ਸੜਕ ਕਿਨਾਰੇ ਰੋਸ ਪ੍ਰਦਰਸ਼ਨ ਜਾਰੀ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਜੇਕਰ ਮੀਟਿੰਗ ਵਿਚ ਕੋਈ ਹੱਲ ਨਾ ਨਿਕਲਿਆ ਤਾਂ ਦੁਬਾਰਾ ਚੱਕਾ ਜਾਮ ਕੀਤਾ ਜਾਵੇਗਾ ਪਰ ਉਹ ਨਹਿਰ ਨੂੰ ਕਿਸੇ ਵੀ ਹਾਲਤ ਵਿਚ ਪੱਕਾ ਨਹੀਂ ਹੋਣ ਦੇਣਗੇ।
ਅੱਜ ਕਿਸਾਨਾਂ ਵਲੋਂ ਖੰਨਾ-ਜੰਮੂ ਅਤੇ ਰੋਪੜ-ਲੁਧਿਆਣਾ ਮਾਰਗ ਉਤੇ ਚੱਕਾ ਜਾਮ ਕਰਨ ਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੂਰ ਦੁਰਾਡੇ ਤੋਂ ਆਏ ਲੋਕ ਆਪਣੇ ਵਾਹਨਾਂ ਸਮੇਤ ਫਸੇ ਦਿਖਾਈ ਦਿੱਤੇ। ਬੇਸ਼ੱਕ ਪੁਲਿਸ ਨੇ ਬਦਲਵੇਂ ਪ੍ਰਬੰਧ ਕੀਤੇ ਹੋਏ ਸਨ ਪਰ ਲੋਕਾਂ ਨੂੰ ਇਸ ਸਬੰਧੀ ਵੱਡੀ ਪ੍ਰੇਸ਼ਾਨੀ ਆਈ। ਕਿਸਾਨ ਜਥੇਬੰਦੀਆਂ ਨੇ ਸੜਕ ਜਾਮ ਕਾਰਨ ਆਈ ਪ੍ਰੇਸ਼ਾਨੀ ਉਤੇ ਮੁਆਫ਼ੀ ਮੰਗਦਿਆਂ ਕਿਹਾ ਕਿ ਇਹ ਸਾਡੀਆਂ ਫਸਲਾਂ ਤੇ ਨਸਲਾਂ ਦਾ ਸਵਾਲ ਹੈ। ਜੇਕਰ ਇਹ ਨਹਿਰ ਪੱਕੀ ਹੋ ਜਾਂਦੀ ਹੈ ਤਾਂ ਇਸ ਦਾ ਖੁਮਿਆਜ਼ਾ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਣਾ ਪਵੇਗਾ।
ਦੂਸਰੇ ਪਾਸੇ ਜਾਮ ਵਿੱਚ ਫਸੇ ਟੈਂਪੂ ਚਾਲਕ ਅਮਰਜੀਤ ਸਿੰਘ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਦਿਨੋ ਦਿਨ ਲੱਗਦੇ ਧਰਨਿਆਂ ਕਾਰਨ ਗਰੀਬ ਵਰਗ ਬਹੁਤ ਜ਼ਿਆਦਾ ਪਰੇਸ਼ਾਨ ਹੈ ਕੰਮ ਬਹੁਤ ਘੱਟ ਹੋਣ ਕਰਕੇ ਕੰਮ ਕਦੇ ਕਦੇ ਨਿਕਲਦਾ ਹੈ ਧਰਨੇ ਪ੍ਰਦਰਸ਼ਨ ਰੋਡ ਜਾਮ ਕਰਕੇ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਦੂਸਰੇ ਪਾਸੇ ਐੱਸਡੀਐੱਮ ਸਮਰਾਲਾ ਰਜਨੀਸ਼ ਅਰੋੜਾ ਨੇ ਕਿਹਾ ਕਿ ਅੱਜ ਦੀ ਮੀਟਿੰਗ ਵਿਚ ਕਿਸਾਨ ਜਥੇਬੰਦੀਆਂ ਨੂੰ ਸਮਝਾਇਆ ਜਾਵੇਗਾ ਕਿ ਨਹਿਰ ਪੱਕਾ ਹੋਣ ਦਾ ਕੋਈ ਨੁਕਸਾਨ ਨਹੀਂ, ਸਾਨੂੰ ਪੂਰੀ ਆਸ ਹੈ ਕਿ ਇਸ ਸਮੱਸਿਆ ਦਾ ਹੱਲ ਨਿਕਲ ਆਵੇਗਾ। ਉਨ੍ਹਾਂ ਕਿਹਾ ਕਿ ਫਿਲਹਾਲ ਜਦੋਂ ਤੱਕ ਕੋਈ ਸਿੱਟਾ ਨਹੀਂ ਨਿਕਲਦਾ ਉਦੋਂ ਤੱਕ ਨਹਿਰ ਪੱਕੀ ਕਰਨ ਦਾ ਕੰਮ ਬੰਦ ਕਰਵਾ ਦਿੱਤਾ ਹੈ।