Farmers News: ਨਹਿਰਾਂ ਤੇ ਸੂਇਆਂ ਦੀ ਸਫ਼ਾਈ ਨਾ ਹੋਣ ਕਾਰਨ ਕਿਸਾਨ ਪਾਣੀ ਤੋਂ ਵਾਂਝੇ, ਮਹਿੰਗਾ ਡੀਜ਼ਲ ਫੂਕਣ ਲਈ ਮਜਬੂਰ
Farmers News: ਪੰਜਾਬ ਸਰਕਾਰ ਤੇ ਖੇਤੀਬਾੜੀ ਵਿਭਾਗ ਵੱਲੋਂ ਪੂਰੇ ਪੰਜਾਬ ਵਿਚ 11 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹੋਏ ਹਨ।
Farmers News (ਅਨਮੋਲ ਸਿੰਘ ਵੜਿੰਗ): ਪੰਜਾਬ ਸਰਕਾਰ ਤੇ ਖੇਤੀਬਾੜੀ ਵਿਭਾਗ ਵੱਲੋਂ ਪੂਰੇ ਪੰਜਾਬ ਵਿਚ 11 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹੋਏ ਹਨ। ਦੂਜੇ ਪਾਸੇ ਕਿਸਾਨਾਂ ਨੂੰ ਖੇਤਾਂ ਵਿੱਚ ਨਹਿਰੀ ਪਾਣੀ ਨਾ ਪਹੁੰਚਣ ਕਰਕੇ ਕਾਫੀ ਚਿੰਤਾ ਸਤਾਉਣ ਲੱਗੀ ਹੈ।
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਨਹਿਰੀ ਵਿਭਾਗ ਠੀਕਰਾ ਫੋੜ੍ਹਦੇ ਕਿਹਾ ਕਿ ਸਰਕਾਰ ਵੱਲੋਂ ਪੂਰੇ ਪੰਜਾਬ ਵਿੱਚ 11 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਕਰਨ ਦੇ ਨਿਰਦੇਸ਼ ਦਿੰਦੇ ਹੋਏ ਖੇਤਾਂ ਨੂੰ ਨਹਿਰੀ ਪਾਣੀ ਪੂਰਾ ਪੁੱਜਦਾ ਕਰਨ ਦਾ ਦਾਅਵਾ ਕੀਤਾ ਪਰ ਨਹਿਰਾਂ ਵਿੱਚ ਆ ਰਹੀ ਹਰਿਆਲੀ ਕਾਹੀ ਤੇ ਸੂਏ ਦੀ ਸਫ਼ਾਈ ਨਾ ਹੋਣ ਕਰਕੇ ਪਾਣੀ ਖੇਤਾਂ ਤੱਕ ਪੂਰਾ ਨਹੀਂ ਪੁੱਜਦਾ। ਇਸ ਤੋਂ ਇਲਾਵਾ ਖੇਤਾਂ ਨੂੰ ਮਿਲਣ ਵਾਲੀ ਬਿਜਲੀ ਵਿੱਚ ਕਟੌਤੀ ਆ ਰਹੀ ਹੈ। ਜਿਸ ਕਰਕੇ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਪਾਣੀ ਲਗਾਉਣ ਲਈ ਮਜਬੂਰ ਹਨ।
ਕਾਬਿਲੇਗੌਰ ਹੈ ਕਿ ਪੰਜਾਬ ਵਿੱਚ ਬਿਜਲੀ ਦੀ ਸਮੱਸਿਆ ਕਾਰਨ ਵੀ ਕਿਸਾਨ ਪਰੇਸ਼ਾਨ ਹਨ। ਇਸ ਤੋਂ ਬਾਅਦ ਪੀਐਸਪੀਸੀਐਲ ਵੱਲੋਂ ਬਿਆਨ ਜਾਰੀ ਕੀਤਾ ਗਿਆ ਸੀ। ਪੰਜਾਬ ਵਿੱਚ ਝੋਨੇ ਦੀ ਲੁਆਈ 10 ਜੂਨ ਤੋਂ ਸ਼ੁਰੂ ਹੋਣ ਜਾ ਰਹੀ ਹੈ। ਕਿਸਾਨਾਂ ਨੂੰ 8 ਘੰਟੇ ਬਿਜਲੀ ਨਾ ਮਿਲਣ ਤੋਂ ਬਾਅਦ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ਼) ਦੇ ਚੀਫ ਮੈਨੇਜਿੰਗ ਡਾਇਰੈਕਟਰ (ਸੀਐਮਡੀ) ਇੰਜੀਨੀਅਰ ਬਲਦੇਵ ਸਿੰਘ ਸਰਾਂ ਨੇ ਦੱਸਿਆ ਕਿ ਝੋਨੇ ਦੇ ਸੀਜ਼ਨ ਲਈ ਸ਼ਡਿਊਲ ਅਪ੍ਰੈਲ ਮਹੀਨੇ ਵਿੱਚ ਤਿਆਰ ਕੀਤਾ ਗਿਆ ਸੀ। ਚੋਣ ਤੋਂ ਬਾਅਦ ਕੋਈ ਵੀ ਸ਼ਡਿਊਲ ਨਹੀਂ ਬਣਿਆ ਹੈ। ਮਈ ਮਹੀਨੇ ਤੋਂ ਖੇਤਾਂ ਲਈ ਅੱਠ ਘੰਟੇ ਬਿਜਲੀ ਦੇਣ ਦਾ ਸ਼ਡਿਊਲ ਤਿਆਰ ਹੋਇਆ ਸੀ, ਜਿਸ ਮੁਤਾਬਕ ਜੂਨ ਮਹੀਨੇ ਵਿੱਚ ਵੀ ਅੱਠ ਘੰਟੇ ਬਿਜਲੀ ਸਪਲਾਈ ਦਿੱਤੀ ਜਾਣੀ ਹੈ।
ਕਿਸਾਨਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਵੋਟਾਂ ਤੋਂ ਪਹਿਲਾਂ ਤਾਂ ਸਰਕਾਰ ਨੇ 8 ਤੋਂ 10-ਘੰਟੇ ਟਿਊਬਵੈਲਾਂ ਉਤੇ ਬਿਜਲੀ ਦੀ ਸਪਲਾਈ ਦਿੱਤੀ ਜਦੋਂ ਵੋਟਾਂ ਸਮਾਪਤ ਹੋਈਆਂ ਹੁਣ ਇੱਕ ਜੂਨ ਤੋਂ ਨਹੀਂ ਮਿਲ ਰਹੀ। ਕਿਸਾਨ ਝੋਨੇ ਦੀ ਪਨੀਰੀ ਜਰਨੇਟਰਾਂ ਦੀ ਮਦਦ ਨਾਲ ਬੀਜ ਰਹੇ ਹਨ ਅਤੇ ਚਾਰੇ ਲਈ ਬਿਜਲੀ ਨਾ ਮਿਲਣ ਕਾਰਨ ਬੁਰਾ ਹਾਲ ਹੈ। ਇਸ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕਿਉਂਕਿ ਜਿਹੜੀ ਬਿਜਲੀ ਹੁਣ ਤੋਂ ਹੀ ਨਹੀਂ ਮਿਲ ਰਹੀ ਹੈ ਤਾਂ ਝੋਨਾ ਲਗਾਉਣ ਤੋਂ ਬਾਅਦ ਸਪਲਾਈ ਮਿਲਣ ਦੀ ਕਿਵੇਂ ਉਮੀਦ ਕੀਤੀ ਜਾ ਸਕਦੀ ਹੈ।