Farmers Protest News: ਦੇਸ਼ ਦੀਆਂ 37 ਕਿਸਾਨ ਜਥੇਬੰਦੀਆਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉਤੇ ਕਿਸਾਨੀ ਮੰਗਾਂ ਨਾ ਪੂਰੀਆਂ ਕਰਨ ਦੇ ਰੋਸ ਵਜੋਂ ਤਿੰਨ ਸਾਲ ਬਾਅਦ ਫਿਰ ਤੋਂ ਸਰਕਾਰ ਨੂੰ ਹਲੂਣਾ ਦੇਣ ਲਈ ਗਣਤੰਤਰ ਦਿਵਸ ਦੇ ਮੌਕੇ ਉਪਰ ਪੰਜਾਬ ਭਰ ਵਿੱਚ 100 ਥਾਵਾਂ ਸਮੇਤ ਪੂਰੇ ਦੇਸ਼ ਵਿੱਚ 500 ਥਾਵਾਂ ਉਤੇ ਟਰੈਕਟਰ ਮਾਰਚ ਕੱਢਿਆ ਗਿਆ।


COMMERCIAL BREAK
SCROLL TO CONTINUE READING

ਪੰਜਾਬ ਦੀਆਂ ਦੋ ਪ੍ਰਮੁੱਖ ਕਿਸਾਨ ਜਥੇਬੰਦੀਆਂ ਦਾ ਹੈੱਡ ਕੁਆਰਟਰ ਸਮਝੇ ਜਾਂਦੇ ਸਮਰਾਲਾ ਦੇ ਮਾਲਵਾ ਕਾਲਜ ਤੋਂ ਟਰੈਕਟਰ ਮਾਰਚ ਸ਼ੁਰੂ ਕਰਨ ਸਮੇਂ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਸਰਕਾਰ ਨੂੰ ਆੜੇ ਹੱਥੀ ਲਿਆ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀਆਂ ਸਰਕਾਰਾਂ ਕਿਸਾਨਾਂ ਤੇ ਮਜ਼ਦੂਰਾਂ ਨੂੰ ਭੁਲ ਕੇ ਧਨਾਢ ਕਾਰਪੋਰੇਟ ਅਦਾਰਿਆਂ ਦੇ ਹੱਕ ਵਿੱਚ ਨੀਤੀਆਂ ਬਣਾ ਰਹੀਆਂ ਹਨ ਜੋ ਕਿ ਦੇਸ਼ ਲਈ ਅਤੀ ਘਾਤਕ ਹੈ ਅਤੇ ਸੰਸਾਰ ਭਰ ਦੇ ਸਾਰੇ ਦੇਸ਼ਾਂ ਵਿਚ ਕਾਰਪੋਰੇਟ ਅਦਾਰਿਆਂ ਵਿਰੁੱਧ ਰੋਹ ਜਾਗਿਆ ਹੋਇਆ ਹੈ।


ਉਨ੍ਹਾਂ ਨੇ ਕਿਹਾ ਕਿ ਸਰਕਾਰ ਲੋਕਾਂ ਦੇ ਮੌਜੂਦਾ ਲੋਕ ਮੁੱਦਿਆਂ ਜਿਵੇਂ ਗ਼ਰੀਬੀ, ਬੇਰੁਜ਼ਗਾਰੀ, ਮਹਿੰਗਾਈ ਵਰਗੇ ਮਸਲੇ ਹੱਲ ਕਰਨ ਦੀ ਬਜਾਏ ਦੇਸ਼ ਨੂੰ ਤੋੜਨ ਦੀ ਗੱਲ ਕਰ ਰਹੀ ਹੈ। ਰਾਜੇਵਾਲ ਨੇ ਕਿਹਾ ਕਿ ਅੱਜ ਦੇ ਟਰੈਕਟਰ ਮਾਰਚ ਦਾ ਮਕਸਦ ਕਿਸਾਨਾਂ ਦੀ ਇਕਜੁੱਟਤਾ ਸਾਬਤ ਕਰਨ ਅਤੇ ਤਿੰਨ ਲੱਖ ਕਰੋੜ ਰੁਪਏ ਕਾਰਪੋਰੇਟ ਅਦਾਰਿਆਂ ਦਾ ਮੁਆਫ਼ ਕਰਨ ਵਾਲੀ ਸਰਕਾਰ ਨੂੰ ਕਿਸਾਨਾਂ ਦੀਆਂ ਮੁਸ਼ਕਲਾਂ ਸਾਰੀਆਂ ਫ਼ਸਲਾਂ ਉਤੇ ਸਮਰਥਨ ਮੁੱਲ ਤੇ ਕਿਸਾਨੀ ਕਰਜ਼ਿਆਂ ਦੀ ਮੁਆਫ਼ੀ ਦਾ ਚੇਤਾ ਕਰਵਾਉਣਾ ਹੈ। 


ਇਸ ਮੌਕੇ ਕਿਸਾਨ ਜਥੇਬੰਦੀ ਲੱਖੋਵਾਲ ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਤੋਂ ਬਾਅਦ ਕਿਸਾਨੀ ਮੰਗਾਂ ਜਿਵੇਂ ਸਾਰੇ ਕਿਸਾਨੀ ਕਰਜ਼ੇ ਦੀ ਮੁਆਫ਼ੀ, ਖੇਤੀ ਆਮਦਨ ਦੁਗਣੀ ਕਰਨ ਦਾ ਵਾਅਦਾ ਪੂਰਾ ਕਰਵਾਉਣ ਤੇ ਦੇਸ਼ ਭਰ ਵਿੱਚ ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਤੇ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਲਾਗੂ ਕਰਵਾਉਣ ਸਮੇਤ ਕਈ ਹੋਰ ਪ੍ਰਮੁੱਖ ਮੰਗਾਂ ਕਿਸਾਨੀ ਦੇ ਵਾਅਦੇ ਪੂਰੇ ਨਾ ਕਰਨ ਵਾਲੀ ਸਰਕਾਰ ਨੂੰ ਜਗਾਉਣ ਲਈ ਅੱਜ ਦੇਸ਼ ਭਰ ਦੇ ਕਿਸਾਨ ਟਰੈਕਟਰ ਲੈ ਕੇ ਸੜਕਾਂ ਉਤੇ ਉਤਰੇ ਹਨ।


ਉਨ੍ਹਾਂ ਨੇ ਕਿਹਾ ਕਿ ਕਿਸਾਨੀ ਮੰਗਾਂ ਦੀ ਪੂਰਤੀ ਲਈ ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਲਈ 16 ਫ਼ਰਵਰੀ ਨੂੰ ਭਾਰਤ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਸੰਯੁਕਤ ਕਿਸਾਨ ਮੋਰਚਾ ਨੇ 28 ਜਨਵਰੀ ਨੂੰ ਲੁਧਿਆਣਾ ਵਿਖੇ ਮੀਟਿੰਗ ਸੱਦ ਲਈ ਹੈ।
ਇਸ ਮੌਕੇ ਉਤੇ ਭਾਰਤੀ ਕਿਸਾਨ ਯੂਨੀਅਨ ਕਾਦੀਆ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ, ਬੀਕੇਯੂ ਲੱਖੋਵਾਲ ਦੇ ਸਕੱਤਰ ਜਨਰਲ ਪਰਮਿੰਦਰ ਸਿੰਘ ਪਾਲਮਾਜਰਾ ਤੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਢੀਂਡਸਾ ਨੇ ਕਿਹਾ ਕਿ ਅੱਜ ਦੇ ਟਰੈਕਟਰ ਮਾਰਚ ਵਿੱਚ ਆਪਣੀਆਂ ਮੰਗਾਂ ਲਈ ਸ਼ਾਮਲ ਹੋਏ ਕਿਸਾਨਾਂ ਦਾ ਰੋਹ ਅਤੇ ਵਿਸ਼ਾਲ ਕਾਫਲਾ ਵੇਖ ਕੇ ਸਰਕਾਰ ਨੂੰ ਆਪਣੀ ਜਿੱਦ ਛੱਡ ਕੇ ਸਾਰੀਆਂ ਮੰਗਾਂ ਪ੍ਰਵਾਨ ਕਰ ਲੈਣੀਆਂ ਚਾਹੀਦੀਆਂ ਹਨ।


ਇਹ ਵੀ ਪੜ੍ਹੋ : CM Bhagwant Mann News: ਭਗਵੰਤ ਮਾਨ ਨੇ ਲੁਧਿਆਣਾ 'ਚ ਫਹਿਰਾਇਆ ਤਿਰੰਗਾ; ਪਤਨੀ ਦੇ ਗਰਭਵਤੀ ਹੋਣ ਦਾ ਜਨਤਕ ਤੌਰ 'ਤੇ ਕੀਤਾ ਐਲਾਨ