Bathinda News: ਕਿਸਾਨਾਂ ਨੇ ਸੁਨੀਲ ਜਾਖੜ ਦੇ ਪ੍ਰੋਗਰਾਮ ਦਾ ਕੀਤਾ ਵਿਰੋਧ, ਕਿਹਾ-ਪਿੰਡਾਂ `ਚ ਨਹੀਂ ਵੜਨ ਦਿਆਂਗੇ
Bathinda News: ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਕਿਸਾਨਾਂ ਨਾਲ ਭਾਜਪਾ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਦੇ ਆਉਣ ਦੀ ਸੂਚਨਾ ਮਿਲਣ ਉਤੇ ਮੀਟਿੰਗ ਵਾਲੀ ਜਗ੍ਹਾ ਉਤੇ ਆ ਕੇ ਘਿਰਾਓ ਕਰ ਲਿਆ ਗਿਆ।
Bathinda News (ਕੁਲਬੀਰ ਬੀਰਾ): ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਭਾਜਪਾ ਵੱਲੋਂ ਮੀਟਿੰਗਾਂ ਸ਼ੁਰੂ ਕੀਤੀਆਂ ਗਈਆਂ ਹਨ। ਇਸੇ ਦੌਰਾਨ ਅੱਜ ਬਠਿੰਡਾ ਵਿੱਚ ਜ਼ਿਲ੍ਹਾ ਇੰਚਾਰਜ ਸਰੂਪ ਚੰਦ ਸਿੰਗਲਾ ਵੱਲੋਂ ਚੋਣ ਦੀ ਤਿਆਰੀ ਸਬੰਧੀ ਮੀਟਿੰਗ ਰੱਖੀ ਗਈ ਸੀ ਜਿਸ ਵਿੱਚ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਦੇ ਆਉਣ ਦੀ ਸੂਚਨਾ ਮਿਲਣ ਉਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਕਿਸਾਨਾਂ ਨਾਲ ਮੀਟਿੰਗ ਵਾਲੀ ਜਗ੍ਹਾ ਉਤੇ ਆ ਕੇ ਘਿਰਾਓ ਕਰ ਲਿਆ ਗਿਆ।
ਕਿਸਾਨ ਆਗੂਆਂ ਨੇ ਕਿਹਾ ਕਿ ਮੰਗਾਂ ਲਈ ਲੰਬੇ ਸਮੇਂ ਤੋਂ ਕਿਸਾਨ ਦਿੱਲੀ ਨਾਲ ਲੜ ਰਹੇ ਹਨ ਪਰ ਮੰਗਾਂ ਨੂੰ ਅਮਲੀਜਾਮਾ ਨਹੀਂ ਪਹਿਨਾਇਆ ਗਿਆ ਹੈ ਅਤੇ ਬਾਕੀ ਦੀਆਂ ਰਹਿੰਦੀਆਂ ਹੋਈਆਂ ਮੰਗਾਂ ਜਿਸ ਨੂੰ ਅਜੇ ਤੱਕ ਭਾਜਪਾ ਸਰਕਾਰ ਨੇ ਪੂਰਾ ਨਹੀਂ ਕੀਤਾ। ਬਾਰਡਰਾਂ ਉੱਪਰ ਬੈਠੇ ਕਿਸਾਨਾਂ ਉਪਰ ਤਸ਼ੱਦਦ ਢਾਹੇ ਜਾ ਰਹੇ ਹਨ। ਇਸ ਕਾਰਨ ਹੁਣ ਕਿਸਾਨ ਭਾਜਪਾ ਦੇ ਹਰ ਲੀਡਰ ਦਾ ਚਾਹੇ ਉਹ ਸ਼ਹਿਰ ਹੋਵੇ ਜਾਂ ਪਿੰਡ ਹੋਵੇ ਉਥੇ ਡੱਟ ਕੇ ਵਿਰੋਧ ਕੀਤਾ ਜਾਵੇਗਾ।
ਭਾਜਪਾ ਕਿਸਾਨਾਂ ਨੂੰ ਦਿੱਲੀ ਵਿੱਚ ਵੜਨ ਨਹੀਂ ਦੇ ਰਹੀ ਅਤੇ ਕਿਸਾਨ ਭਾਜਪਾ ਨੂੰ ਪੰਜਾਬ ਵਿੱਚ ਵੜਨ ਨਹੀਂ ਦੇਣਗੇ। ਦੂਜੇ ਪਾਸੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਦਾ ਕਹਿਣਾ ਹੈ ਕਿ ਉਹ ਹਰ ਗੱਲਬਾਤ ਕਰਨ ਨੂੰ ਤਿਆਰ ਹਨ ਜੋ ਮੰਗਾਂ ਇਹ ਮੰਗ ਰਹੇ ਹਨ ਉਹ ਤਾਂ ਕੁੱਜੇ ਵਿੱਚ ਹਾਥੀ ਪਾਉਣ ਵਾਲੀ ਗੱਲ ਹੋਵੇਗੀ ਪਰ ਉਹ ਤਾਂ ਫਿਰ ਵੀ ਚਾਹੁੰਦਾ ਸੀ ਕਿ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ।
ਹੁਣ ਚੋਣ ਜ਼ਾਬਤਾ ਲੱਗਿਆ ਹੋਇਆ ਹੈ ਤਾਂ ਉਨ੍ਹਾਂ ਨੂੰ ਆਪਣੀਆਂ ਰੈਲੀਆਂ ਕਰਨ ਦਾ ਅਧਿਕਾਰ ਹੈ ਅਤੇ ਇਨ੍ਹਾਂ ਨੂੰ ਆਪਣਾ ਪ੍ਰਦਰਸ਼ਨ ਕਰਨ ਦਾ ਹੱਕ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ। ਐਸਪੀ ਹੈਡ ਕੁਆਰਟਰ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਅਸੀਂ ਗੱਲਬਾਤ ਕਰ ਰਹੇ ਹਾਂ ਜਲਦ ਹੀ ਕੋਈ ਨਾ ਕੋਈ ਹੱਲ ਨਿਕਲ ਆਵੇਗਾ।
ਕਾਬਿਲੇਗੌਰ ਹੈ ਕਿ ਪੰਜਾਬ ਤੇ ਹਰਿਆਣਾ ਦੀ ਸ਼ੰਭੂ ਤੇ ਖਨੌਰੀ ਸਰਹੱਦ ਉੱਤੇ ਕਿਸਾਨ 13 ਫਰਵਰੀ ਤੋਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਇਸ ਮੌਕੇ ਕਈ ਕਿਸਾਨਾਂ ਦੀ ਮੌਤ ਵੀ ਹੋ ਚੁੱਕੀ ਹੈ। ਦਰਅਸਲ ਵਿੱਚ ਭਾਰਤੀ ਕਿਸਾਨ ਯੂਨੀਅਨ ਡੱਲੇਵਾਲ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ 13 ਫਰਵਰੀ ਨੂੰ ਦਿੱਲੀ ਜਾਣ ਦਾ ਐਲਾਨ ਕੀਤਾ ਸੀ। 12 ਫਰਵਰੀ ਨੂੰ ਸਾਰੇ ਕਿਸਾਨ ਖਨੌਰੀ ਅਤੇ ਸ਼ੰਭੂ ਦੀਆਂ ਸਰਹੱਦਾਂ ਨੇੜੇ ਪਹੁੰਚ ਗਏ ਸਨ।
ਕਿਸਾਨਾਂ ਦੀ ਆਮਦ ਨੂੰ ਦੇਖਦੇ ਹਰਿਆਣਾ ਸਰਕਾਰ ਨੇ ਦੋਵੇਂ ਸਰਹੱਦਾਂ ਭਾਰੀ ਬੈਰੀਕੇਡਿੰਗ ਕਰਕੇ ਸੀਲ ਕਰ ਦਿੱਤੀਆਂ ਸਨ। 13 ਫਰਵਰੀ ਨੂੰ ਜਿਵੇਂ ਹੀ ਕਿਸਾਨ ਸ਼ੰਭੂ ਅਤੇ ਖਨੌਰੀ ਤੋਂ ਅੱਗੇ ਵੱਧਣ ਲੱਗੇ ਤਾਂ ਹਰਿਆਣਾ ਪੁਲਿਸ ਵੱਲੋਂ ਅੱਥਰੂ ਗੈਸ ਦੇ ਗੋਲੇ ਅਤੇ ਰਬੜ ਦੀਆਂ ਗੋਲੀਆਂ ਦਾਗੀਆਂ ਗਈਆਂ। ਫਿਰ ਕਿਸਾਨਾਂ ਨੇ ਇੱਕ ਹਫ਼ਤੇ ਲਈ ਦਿੱਲੀ ਕੂਚ ਟਾਲ ਦਿੱਤਾ ਸੀ। ਇਸ ਤੋਂ ਬਾਅਦ ਫਿਰ 21 ਫਰਵਰੀ ਨੂੰ ਦਿੱਲੀ ਜਾਣ ਦਾ ਐਲਾਨ ਕੀਤਾ ਪਰ ਕਿਸਾਨ ਉਦੋਂ ਵੀ ਅੱਗੇ ਨਹੀਂ ਵਧ ਸਕੇ।
ਇਹ ਵੀ ਪੜ੍ਹੋ : Pathankot News: ਪਠਾਨਕੋਟ 'ਚ ਪੁਲਿਸ ਨੇ ਪੰਜਾਬ-ਹਿਮਾਚਲ ਬਾਰਡਰ ਨਾਲ ਲੱਗਦੇ ਇਲਾਕੇ 'ਚ ਸਰਚ ਅਭਿਆਨ ਚਲਾਇਆ